ਉੱਚੀ ਮੈਂ ਅਸਮਾਨ ਵਿੱਚ

ਅੱਜ ਆਪਣੇ ਕੋਲ 9 ਬੁਝਾਰਤਾਂ ਹਨ, ਹਮੇਸ਼ਾ ਦੀ ਤਰਾਂ ਇਹਨਾ ਦਾ ਉੱਤਰ ਇੱਕ ਹੀ ਆ। ਹਿੰਟ ਆ ਕਿ ਇਸ ਦੀ ਵੀ ਰੁੱਤ ਹੁੰਦੀ ਹੈ, ਅਤੇ ਜਿੰਨ੍ਹਾਂ ਨੇ ਆਪ ਬਣਾਇਆ ਕਦੇ, ਓਹਨਾਂ ਨੂੰ ਛੇਤੀ ਪਤਾ ਲੱਗ ਜਾਣਾ ਉੱਤਰ। ਦੱਸੋ ਫਿਰ ਕੀ ਹੋ ਸਕਦਾ।

ਉੱਚੀ ਮੈਂ ਅਸਮਾਨ ‘ਚ ਉੱਡ ਜਾਵਾਂ
ਗੁੱਤ ਤੁਹਾਡੇ ਹੱਥ ‘ਚ ਛੱਡ ਜਾਵਾਂ

ਐਨੀ ਕੁ ਕੁੜੀ
ਆਸਮਾਨ ਵਲ ਟੁਰੀ

ਕਾਗਜ਼ ਦੀ ਘੋੜੀ ਧਾਗੇ ਦੀ ਲਗਾਮ
ਧਾਗੇ ਨੂੰ ਛੋੜੇ ਕਰੇਗੀ ਸਲਾਮ

ਛੁੱਟਾ ਜਿਊਂ ਹੀ ਹੱਥਾਂ ‘ਚੋਂ
ਪਹੁੰਚਾ ਵਿੱਚ ਅਕਾਸ਼
ਪੂਛ ਜੇ ਮੇਰੀ ਟੁਟ ਜਾਏ
ਮੁੜ ਨਾ ਆਵਾਂ ਪਾਸ

ਬਰੀਕ ਜਹੀ ਇੱਕ ਲੱਤ ਏ ਮੇਰੀ
ਫਿਰ ਵੀ ਜਾਵਾਂ ਚੜ੍ਹ ਉਚੇਰੀ

ਲੈ ਜਾਏ ਮੈਨੂੰ ਚੁੱਕ ਉਚੇਰੀ
ਲੈ ਜਾਏ ਮੈਨੂੰ ਚੁੱਕ ਹਨ੍ਹੇਰੀ
ਡਿੱਗ ਪਵਾਂ ਫਿਰ ਤੇਰੀ ਮੇਰੀ

ਬਾਬਾ ਗਿਆ ਲਾਹੌਰ
ਬਾਬੇ ਦੀ ਬੋਦੀ ਸਾਡੇ ਕੋਲ

ਬਿਨਾਂ ਪੈਰਾਂ ਤੋਂ ਉੱਪਰ ਉੱਡੇ
ਬਿਨ ਮੂੰਹ ਆਟਾ ਖਾਵੇ
ਹਵਾ ਨਾਲ ਉਹ ਮਰਦਾ ਨਹੀਂ
ਪਾਣੀ ਪਾਏ ਮਰ ਜਾਵੇ

ਮੇਰੇ ਵੀਰ ਕਹਾਣੀ ਪਾਈ
ਗਜ਼ ਲੰਬੀ ਉਸ ਗੁੱਤ ਲਗਾਈ
ਉਸ ਦੇ ਨੱਕ ਨਕੇਲਾਂ ਪਾ ਕੇ
ਸਾਹ ਲੀਤਾ ਉਸ ਅਰਸ਼ ਚੜ੍ਹਾ ਕੇ

Tagged In
  • Comments
comments powered by Disqus