ਮੇਰੇ ਵੱਲੋਂ ਆਜ਼ਾਦੀ ਮੁਬਾਰਕ ਹੈ ਉਹਨਾ ਨੇਤਾਵਾਂ ਨੂੰ

Meena Kadri | Flickr

15 ਅਗੱਸਤ ਇੱਕ ਐਸਾ ਦਿਨ ਜਿਸ ਦਿਨ ਉਹਨਾਂ ਹਾਕਮਾ ਨੇ ਇਸ ਧਰਤ ਨੂੰ ਕਾਗਜੀ ਆਜ਼ਾਦੀ ਦਿੱਤੀ ਜੋ ਬੇਈਮਾਨੀ ਦਾ ਧੰਦਾ ਵੀ ਇਮਾਨਦਾਰੀ ਨਾਲ ਕਰਦੇ ਸੀ ਅਤੇ ਅਜਾਦੀ ਦੇ ਨਾਮ ਤੇ ਵਾਗਡੋਰ ਉਹਨਾਂ ਨੂੰ ਦੇ ਗਏ ਜੋ ਤਨ, ਮਨ, ਸੋਚ, ਅਤੇ ਵਿਚਾਰਾਂ ਤੋਂ ਚੋਰੀ ਤੇ ਬੇਈਮਾਨੀ ਨਾਲ ਭਰੇ ਪਏ ਸੀ। ਆਜ਼ਾਦੀ ਮਿਲੀ ਸੀ ਲੋਕਾਂ ਨੂੰ ਲੁੱਟਣ ਦੀ, ਸਵਿੱਸ ਬੈਕਾਂ ਦੇ ਖਾਤੇ ਭਰਨ ਦੀ, ਰੇਲ ਗੱਡੀਆ, ਹਵਾਈ ਜਹਾਜ, ਟੈਂਕ ਤੋਪਾਂ, ਅਤੇ ਡੰਗਰਾ ਤੱਕ ਦਾ ਚਾਰਾ ਖਾਣ ਦੀ।

ਫਿਰ ਕਿਉਂ ਨਾ ਇਹ ਲੋਕ ਇਸ ਦਿਨ ਤੇ ਇਸ ਝੰਡੇ ਨੂੰ ਸਲੂਟ ਮਾਰਨ, ਕਿਉਂਕਿ ਜੋ ਲੋਕਾਂ ਨੂੰ ਜੇਲ੍ਹਾਂ ਅਤੇ ਫਾਂਸੀਆ ਮਿਲਣੀਆਂ ਚਾਹੀਦੀਆਂ ਸੀ ਉਹ ਅੱਜ ਮੁਲਕ ਦੀ ਪਾਵਰ ਦਾ ਅਨੰਦ ਮਾਣ ਰਹੇ ਹਨ। ਇਹ ਦੇਣ ਭਾਰਤ ਵਰਗਾ ਮਹਾਨ ਰਾਸ਼ਟਰ ਹੀ ਦੇ ਸਕਦਾ ਹੈ। ਜਿਸਦੇ ਘਰ ਰੋਟੀ ਪੱਕਦੀ ਹੈ ਉਹ ਤਾਂ ਸੰਨ 1947 ਤੋਂ ਪਹਿਲਾ ਵੀ ਅਜਾਦ ਸੀ ਤੇ ਅੱਜ ਵੀ ਹੈ। ਗੁਲਾਮੀ ਤਾਂ ਭੁੱਖ ਦੀ ਹੈ ਜੋ ਗਰੀਬ ਦਾ ਖਹਿੜਾ ਨਹੀ ਛੱਡ ਰਹੀ। ਰੱਜੇ ਰਾਜ਼ ਕਰਦੇ ਹਨ ਭੁੱਖਿਆ ਦੀਆ ਵੋਟਾਂ ਤੇ, ਮੈ ਜਦੋ ਕਚਰੇ ਤੇ ਢੇਰਾਂ ਤੋਂ ਬੱਚਿਆ ਨੂੰ ਰੋਟੀਆਂ ਦੇ ਟੁੱਕੜੇ ਲੱਭਦੇ ਵੇਖਦਾ ਹਾਂ, ਜਦੋਂ ਛੇ ਫੁੱਟ ਦੇ ਬੰਦੇ ਨੂੰ ਕੱੜਕਵੀ ਠੰਡ ਵਿੱਚ ਰੇਲਵੇ ਸਟੇਸ਼ਨਾ ‘ਤੇ ਰਾਤ ਦੇ ਢੱਲਣ ਨਾਲ ਜੀਰੋ ਦੇ ਅਕਾਰ ਵਿੱਚ ਤਬਦੀਲ ਹੁੰਦਾ ਵੇਖਦਾ ਹਾਂ, ਉਹ ਲੋਕ ਜਿੰਨ੍ਹਾਂ ਲਈ ਸੋਕਾ ਵੀ ਮੌਤ ਬਣ ਜਾਂਦਾ ਹੈ ਅਤੇ ਬਾਰਿਸ਼ ਵੀ ਮੌਤ ਬਣ ਜਾਂਦੀ ਹੈ ਉਹਨਾ ਨੂੰ ਵੇਖਦਾ ਹਾਂ ਤਾਂ ਖਿਆਲ ਆਉਂਦਾ ਹੈ ਕਿ ਮੌਤ ਤਾਂ ਮੌਤ ਹੀ ਹੈ ਚਾਹੇ ਇਨਸਾਨ ਨੂੰ ਗੋਲੀ ਨਾਲ ਮਾਰ ਦੇਵੋ ਜਾਂ ਫਿਰ ਭੁੱਖ ਨਾਲ ਮਾਰ ਦੇਵੋ ਜਾਨ ਤਾਂ ਨਿੱਕਲੇਗੀ। ਫਿਰ ਕੀ ਫਰਕ ਇੱਕ ਹਿਟਲਰ ਵਰਗੇ ਸ਼ਾਸ਼ਿਕ ਤੇ ਇਸ ਨਾਮ ਨਿਹਾਦ ਲੋਕਤੰਤਰ ਵਿੰਚ?

M M

ਮੇਰੇ ਵੱਲੋਂ ਆਜ਼ਾਦੀ ਮੁਬਾਰਕ ਹੈ ਉਹਨਾ ਨੇਤਾਵਾਂ ਨੂੰ ਜੋ ਗਰੀਬ ਦੀ ਵੋਟ ਲੈਕੇ ਪਾਰਲੀਮੈਂਟ ਵਿੱਚ ਉਹਨਾ ਦੇ ਹੱਕ ਲੈਣ ਲਈ ਪਹੁੰਚਦੇ ਹਨ ਪਰ ਅੰਦਰ ਬੈਠਕੇ ਤਰਾਂ–ਤਰਾਂ ਦੀਆ ਫਿਲਮਾਂ ਦਾ ਅਨੰਦ ਮਾਣਦੇ ਹਨ। ਆਜ਼ਾਦੀ ਮੁਬਾਰਕ ਹੈ ਉਸ ਪੁਲਿਸ ਅਫਸਰ ਨੂੰ ਜੋ ਨੌਜਵਾਨਾ ਨੂੰ ਭੇਡ–ਬੱਕਰੀਆ ਸਮਝ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਕੇ ਅੱਜ ਉੱਚ ਆਹੁਦੇ ਤੇ ਬੈਠਾ ਹੈ। ਆਜ਼ਾਦੀ ਮੁਬਾਰਕ ਹੈ ਉਹਨਾ ਲੋਕਾਂ ਨੂੰ ਜੋ ਸਰਕਾਰੀ ਪੁਲ, ਸੜਕਾਂ, ਜੰਗਲ, ਸਕੂਲ, ਅਤੇ ਹਸਪਤਾਲ ਖਾ ਗਏ। ਦੋਸਤੋ ਸਮਝੋ ਇਹ ਕਿਹੋ ਜਿਹੀ ਮਹਾਨਤਾ ਹੈ ਜਿੱਥੇ ਇੱਕ ਬੰਦੇ ਨੂੰ ਘਰ ਦੀ ਛੱਤ ਬਣਾਉਣ ਲਈ ਆਪਣੀ ਕਿੱਡਨੀ ਵੇਚਣੀ ਪਵੇ। ਦਿਹਾੜੀ ਵਿੱਚ 26 ਰੁਪਏ ਕਮਾਉਣ ਵਾਲੇ ਨੂੰ ਅਮੀਰ ਦੱਸਣ ਵਾਲੇ ਲੋਕਾਂ ਦਾ ਡਿਨਰ ਜਾਂ ਲੰਚ ਪੰਜ ਹਜ਼ਾਰ ਰੁਪਏ ਤੋਂ ਘੱਟ ਨਹੀਂ ਹੁੰਦਾ। ਅੰਗਰੇਜ਼ਾਂ ਨੂੰ ਬੇਈਮਾਨ ਕਹਿਣ ਵਾਲੇ ਤੇ ਲੋਕਾਂ ਸਾਹਮਣੇ ਖੱਦਰ ਪਾਕੇ ਨੌਟੰਕੀ ਕਰਨ ਵਾਲੇ ਇਹ ਦੇਸ਼ ਭਗਤ ਕਾਰਗਿਲ ਦੇ ਸ਼ਹੀਦਾ ਦੇ ਕੱਫਨ ਵੀ ਵੇਚਕੇ ਖਾ ਗਏ ਸੀ।

ਸਿਸਟਮ ਵਿੱਚ ਇਮਾਨਦਾਰ ਰਹਿਕੇ ਨੌਕਰੀ ਕਰਨ ਦਾ ਮਤਲਬ ਤਹਾਨੂੰ ਬਦਲਿਆਂ ਦੀ ਚਰਖੜੀ ਤੇ ਚੜਨਾ ਪਵੇਗਾ ਉਹਨਾ ਚਿਰ ਜਿੰਨਾ ਚਿਰ ਤੁਹਾਡੇ ਹੌਂਸਲੇ ਪੱਸਤ ਨਹੀ ਹੋ ਜਾਂਦੇ। ਕਿੰਨਾ ਟਾਈਮ ਇਮਾਨਦਾਰੀ ਬੱਚਦੀ ਹੈ ਇਹ ਇਨਸਾਨ ਦੇ ਜਮੀਰ ਤੇ ਨਿਰਭਰ ਕਰਦਾ ਹੈ। ਜਦੋਂ ਇੱਕ ਇਮਾਨਦਾਰ ਅਫਸਰ ਜਮੀਰ ਨੂੰ ਬਚਾਉਣ ਦੀ ਕਿਸੇ ਹੱਦ ਤੱਕ ਕੋਸ਼ਿਸ਼ ਕਰਦਾ ਹੈ ਪਰ ਜਮੀਰ ਵੇਚਣ ਦੇ ਬਦਲੇ ਸ਼ਹਿਰ ਵਿੱਚ ਕਰੋੜਾਂ ਦੀ ਕੀਮਤ ਵਾਲੀ ਜਮੀਨ ਦੀ ਆਫਰ ਮਿਲਦੀ ਹੈ ਤਾਂ ਬੰਦਾ ਜਮੀਨ ਅਤੇ ਜਮੀਰ ਦੇ ਦੋ ਚਿੱਤੇ ਚੱਕਰ ਵਿੱਚ ਪੈ ਕੇ ਸੋਚਣ ਲੱਗ ਜਾਂਦਾ ਹੈ। ਬਹੁਤ ਤਕੜੇ ਹੌਂਸਲੇ ਅਤੇ ਅਸੂਲਾਂ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ ਜੋ ਜਮੀਨ ਨੂੰ ਠੋਕਰ ਮਾਰਕੇ ਜਮੀਰ ਨੂੰ ਜਿੰਦਾਂ ਰੱਖਣ ਵਿੱਚ ਕਾਮਯਾਬ ਹੁੰਦੇ ਹਨ ਨਹੀ ਤਾਂ ਅਕਸਰ ਜਮੀਨ ਸਾਹਮਣੇ ਜਮੀਰ ਹਾਰ ਜਾਂਦੀ ਹੈ।

ਬੰਦਾਂ ਸੋਚ ਲੈਦਾਂ ਬਈ ਚਲੋ ਗੁਰੂਆ ਪੀਰਾਂ ਦੀ ਧਰਤੀ ਹੈ ਜੇ ਦਸ ਲੱਖ ਦੀ ਰਿਸ਼ਵਤ ਲੈ ਵੀ ਲਈ ਤਾਂ ਵਿੱਚੋਂ ਕੋਈ ਦਸ ਵੀਹ ਹਜਾਰ ਰੁਪਏ ਦਾ ਦਸਵੰਦ ਕਿਸੇ ਧਾਰਮਿਕ ਅਸਥਾਨ ਤੇ ਚੜਾ ਦੇਵਾਂਗੇ, ਰੱਬ ਨੇ ਖੁਸ਼ ਹੋ ਜਾਣਾ ਹੈ। ਨਾਲੇ ਉੱਥੇ ਸਰੌਪਾ ਦੇਣ ਲੱਗੇ ਇਹ ਥੌੜਾ ਵੇਖਦੇ ਕਿ ਜੋ ਗੁਰਦੁਆਰੇ ਜਾ ਮੰਦਰ ਵਿੱਚ ਚਢ਼ਾਵਾ ਆਇਆ ਇਹ ਹਰਾਂਮ ਦੀ ਕਮਾਈ ਹੈ ਜਾਂ ਹਲਾਲ ਦੀ। ਉਹਨਾ ਤਾਂ ਅਰਦਾਸ ਕਰ ਦੇਣੀ ਕਿ ਗੁਰਸਿੱਖ ਦੀਆਂ ਕਮਾਈਆ ਵਿੱਚ ਬਰਕਤਾਂ ਪਾਈ ਭਾਂਵੇ ਉਹ ਕਮਾਈ ਨਸ਼ੇ ਦੇ ਵਪਾਰ ਦੀ ਹੋਵੇ।

ਵਿਸ਼ਾਲ ਦੇਸ਼ ਦੇ ਤੰਗ ਸਿਸਟਮ ਵਿੱਚ ਰਹਿ ਰਹੇ ਲੋਕਾਂ ਦੀ ਸੋਚ ਸਮਝ ਇਹਨੀ ਤੰਗ ਹੋ ਗਈ ਕਿ ਉਹ ਇਹਨੀ ਵੱਡੀ ਪੱਧਰ ਦੇ ਖਿਲਾਰੇ ਨੂੰ ਆਪਣੀ ਕਿਸਮਤ ਮੰਨਣ ਲੱਗ ਪਏ ਹਨ। ਇੱਕ ਨਾਹਰਾ ਦਿੱਤਾ ਗਿਆ ਲੋਕਾਂ ਨੂੰ ਕਿ ਇਹ ਨਾ ਸੋਚੋ ਕਿ ਦੇਸ਼ ਨੇ ਤਹਾਨੂੰ ਕੀ ਦਿੱਤਾ ਇਹ ਸੋਚੋ ਕਿ ਤੁਸੀ ਦੇਸ਼ ਨੂੰ ਕੀ ਦਿੱਤਾ? ਇਹ ਗੱਲ ਸਕੂਲਾਂ ਵਿੱਚ ਬੱਚਿਆ ਨੂੰ ਸਿਖਾਈ ਜਾਣ ਲੱਗੀ, ਗੱਲ ਸੋਚਣ ਵਾਲੀ ਕਿ ਕੋਈ ਕਿਉਂ ਨਾ ਸੋਚੇ ਕਿ ਦੇਸ਼ ਨੇ ਉਸਨੂੰ ਕੀ ਦਿੱਤਾ?

ਪਹਿਲਾ ਦੇਸ਼ ਦੇ ਫਰਜ਼ ਹੁੰਦੇ ਹਨ ਆਪਣੇ ਨਾਗਰਿਕ ਲਈ ਦੇਸ਼ ਵਿੱਚ ਉਸਨੂੰ ਬਰਾਬਰ ਦੀ ਵਿੱਦਿਆ ਮਿਲਣੀ ਚਾਹੀਦੀ ਹੈ ਜੋ ਹਰ ਕਿਸੇ ਦਾ ਬੁਨਿਆਦੀ ਹੱਕ ਹੈ, ਉਸਨੂੰ ਸਾਫ ਹਵਾ ਅਤੇ ਸਾਫ ਪਾਣੀ ਮਿਲਣੇ ਚਾਹੀਦੇ ਹਨ। ਜਦੋਂ ਉਹ ਆਤਮ ਨਿਰਭਰ ਹੋ ਜਾਂਦਾ ਹੈ ਤਾਂ ਉਸਦੇ ਵੀ ਦੇਸ਼ ਲਈ ਫਰਜ਼ ਹਨ। ਪਰ ਜਿਸ ਬੱਚੇ ਦਾ ਜਨਮ ਗਟਰ ਦੇ ਕਿਨਾਰੇ ਹੋਇਆ ਹੋਵੇ, ਆਪਣਾ ਬਚਪਨ ਰੇਲਵੇ ਟਰੈਕ ਤੋਂ ਪਲਾਸਟਿਕ ਅਤੇ ਲੋਹਾ ਇਕੱਠਾ ਕਰਦਿਆ ਗਵਾ ਦੇਵੇ, ਜਿਸਨੂੰ ਸਕੂਲ ਦਾ ਪਤਾ ਹੀ ਨਾ ਲੱਗੇ, ਉਸ ਨੂੰ ਤੁਸੀ ਇਹ ਸਵਾਲ ਕਰੋ ਕਿ ਤੂੰ ਦੇਸ਼ ਲਈ ਕੀ ਕੀਤਾ ਹੈ? ਤਾਂ ਲਾਹਨਤ ਹੈ ਇਹੋ ਜਿਹੀ ਦੇਸ਼ ਭਗਤੀ ਦੇ।

Oxfam International

ਉਹਨਾ ਲੋਕਾਂ ਦਾ ਮੈਂ ਦਰਦ ਲਿਖਣ ਲੱਗਾ ਤਾਂ ਹਜ਼ਾਰ ਗਰੰਥ ਲਿਖ ਸਕਦਾ ਹਾਂ। ਪਹਿਲਾ ਇਸ ਦੇਸ਼ ਨੂੰ ਰਿਸ਼ਵਤ ਅਤੇ ਭੁੱਖੀ ਮਰੀ ਗਰੀਬੀ ਤੋ ਆਜ਼ਾਦ ਕਰੋ, ਲੋਕਾਂ ਨੂੰ ਸਾਫ਼ ਪਾਣੀ ਦੇਵੋ, ਹਰ ਕਿਸੇ ਦੀ ਪੇਟ ਭਰਕੇ ਰੋਟੀ ਦਾ ਇੰਤਜਾਮ ਕਰੋ, ਔਰਤ ਦੇ ਗਲ ਵਿੱਚੋਂ ਗੁਲਾਮੀ ਦੇ ਸੰਗਲ ਉਤਾਰੋ। ਬਣਾਉ ਇਹੋ ਜਿਹਾ ਸਿਸਟਮ ਕਿ ਲੋਕਾ ਨੂੰ ਇਨਸਾਫ ਲੈਣ ਲਈ ਮੰਤਰੀਆ ਦੇ ਦਰਵਾਜਿਆ ਤੇ ਝੋਲੀਆ ਨਾ ਫਲਾਉਣੀਆ ਪੈਣ। ਯਕੀਨੀ ਬਣਾਉ ਕਿ ਅੱਗੇ ਤੋਂ ਕਦੇ ਵੀ ਦੰਗੇ ਫਸਾਦਾ ਦੇ ਨਾਮ ਤੇ ਇਨਸਾਨੀ ਘਾਣ ਨਹੀ ਕਰੋਗੇ। ਤਾਂ ਫਿਰ ਮੈ ਕੀ ਦੇਸ਼ ਦਾ ਹਰ ਬੱਚਾ ਬੱਚਾ ਆਖੇ ਗਾ ਕਿ ਮੇਰਾ ਭਾਰਤ ਮਹਾਨ।

ਜਿੱਥੇ ਇੱਕ ਆਦੀਵਾਸੀ ਔਰਤ ਤੇ ਮਰਦਾਨਾ ਕਹਿਰ ਇਸ ਹੱਦ ਤੱਕ ਹੋ ਜਾਂਦਾ ਕਿ ਉਸਦੇ ਗੁੁਪਤ ਅੰਗ ਵਿੱਚ ਪੱਥਰ ਪਾਏ ਜਾਂਦੇ ਹਨ ਤੇ ਸਰਕਾਰਾ ਵਾਸਤੇ ਇਹ ਇੱਕ ਆਮ ਖ਼ਬਰ ਬਣਕੇ ਰਹਿ ਜਾਵੇ। ਧਰਮ ਅਤੇ ਨੈਤਿਕਤਾ ਦੇ ਠੇਕੇਦਾਰ ਵੀ ਚੁੱਪ ਰਹਿਣ, ਲਾਹਨਤ ਹੈ ਤੁਹਾਡੇ ਕਿਉਂ ਨਹੀਂ ਤੁਸੀਂ ਇਸ ਔਰਤ ਵਿੱਚੋਂ ਆਪਣੀ ਮਾਂ, ਭੈਣ, ਬੇਟੀ ਨੂੰ ਵੇਖਿਆ ਤੁਹਾਨੂੰ ਕਿਉਂ ਨਹੀ ਲੱਗਾ ਕਿ ਇਹ ਕਹਿਰ ਤੁਹਾਡੇ ਤੇ ਗੁਜਰਿਆ ਹੈ? ਜੇ ਤੁਸੀਂ ਇਹ ਸਭ ਕੁਝ ਵੇਖਕੇ ਚੁੱਪ ਹੋ ਤਾਂ ਤੁਸੀ ਉਹਨਾ ਵਹਿਸ਼ੀ ਲੋਕਾਂ ਵਿੱਚ ਸ਼ਾਮਿਲ ਹੋ।

ਹੁਣ ਫੇਸਬੁੱਕ ਤੇ ਵੀ ਆਜ਼ਾਦੀ ਦੀਆਂ ਵਧਾਈਆ ਦੀ ਝੜੀ ਲੱਗੇਗੀ। ਇਹਨਾ ਨੰੂ ਆਜ਼ਾਦੀ ਦਿਵਸ ਉੱਤੇ ਹਵਾ ਵਿੱਚ ਉੱਚਾ ਝੰਡਾਂ ਤਾ ਲਹਿਰਾਉਦਾਂ ਦਿਸ ਪੈਦਾਂ ਪਰ ਸਾਰਾ ਸਾਲ ਫੁੱਟਪਾਥ ਤੇ ਰੁਲਦੀ ਜ਼ਿੰਦਗੀ ਨਜ਼ਰ ਨਹੀਂ ਆਉਂਦੀ। ਮੈਨੂੰ ਅੱਜ ਗੁੱਸਾ ਉਹਨਾ ਤੇਤੀ ਕਰੋੜ ਦੇਵੀ ਦੇਵਤਿਆ ਤੇ ਚੜ੍ਹੀ ਜਾਂਦਾ ਕਿ ਤੁਸੀ ਕੀ ਕਰ ਰਹੇ ਹੋ? ਤੁਸੀ ਕੋਈ ਸ਼ਰਮ ਕਰਲੋ ਕਿ ਤੁਸੀ ਵੀ ਇਸ ਦੇਸ਼ ਦੇ ਲੀਡਰਾਂ ਵਾਂਗ ਰਿਸ਼ਵਤ ਖਾ ਰਹੇ ਹੋ? ਜਦੋ ਆਜ਼ਾਦੀ ਹੈ ਹੀ ਨਹੀਂ ਤੇ ਜਸ਼ਨ ਕਿਸ ਗੱਲ ਦੇ?

ਕਿਸੇ ਦੇਸ਼ ਦਾ ਮਹਾਨ ਹੋਣਾ ਤੇ ਉਸਨੂੰ ਸਿਰਫ ਮਹਾਨ ਮੰਨਣਾ ਇਹਨਾ ਗੱਲਾ ਵਿੱਚ ਬਹੁਤ ਫਰਕ ਹੈ।

ਅਸੀ ਲੋਕ ਬੱਸ ਅੱਡੇ ਤੇ ਬੈਠਕੇ ਰੇਲ ਗੱਡੀ ਦਾ ਇੰਤਜ਼ਾਰ ਕਰ ਰਹੇ ਹਾਂ। ਇਹ ਮੇਰੇ ਨਿੱਜੀ ਵਿਚਾਰ ਹਨ ਹੋ ਸਕਦਾ ਕਿਸੇ ਨੂੰ ਪਸੰਧ ਨਾ ਆਉਣ। ਕਿਸੇ ਦਾ ਦਿਲ ਦੁਖਿਆ ਹੋਵੇ ਅਣਜਾਣੇ ਵਿੱਚ ਤਾਂ ਖਿਮਾ ਚਾਹੁੰਦਾ ਹਾ।

  • Comments
comments powered by Disqus