ਛਪਾਰ ਦਾ ਮੇਲਾ

ਮਨੁੱਖੀ ਵਿਕਾਸ ਦੀ ਕਹਾਣੀ ਬੜੀ ਘਟਨਾਵਾਂ ਭਰਪੂਰ ਹੈ। ਅੱਜ ਦੇ ਸਭਿਆ ਸਮਾਜ ਦੇ ਮੁਕਾਬਲੇ ਤੇ ਆਦਿ ਮਨੁੱਖ ਨੂੰ ਆਪਣਾ ਜੀਵਨ ਨਿਰਵਾਹ ਕਰਨ ਲਈ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਾ ਰਹਿਣ ਲਈ ਥਾਂ, ਨਾ ਤਨ ਢਕਣ ਲਈ ਬਸਤਰ ਤੇ ਨਾ ਢਿੱਡ ਨੂੰ ਝੁਲਕਾ ਦੇਣ ਲਈ ਬਣਿਆ ਬਣਾਇਆ ਪਦਾਰਥ। ਖੂੰਖਾਰ ਜਾਨਵਰਾਂ ਤੋਂ ਵੱਖਰਾ ਭੈਅ ਤੇ ਕੁਦਰਤੀ ਆਫ਼ਤਾਂ ਦੀ ਵੱਖਰੀ ਕਰੋਪੀ। ਜੰਗਲੀ ਜੀਵਨ ਜਿਉਂਦਾ ਆਦਿ ਮਨੁੱਖ ਮੁੱਖ ਤੌਰ ‘ਤੇ ਜਾਨਵਰਾਂ ਦੇ ਸ਼ਿਕਾਰ ਲਈ ਭਟਕਦਾ ਫਿਰਦਾ। ਸ਼ਿਕਾਰ ਮਿਲ ਜਾਂਦਾ, ਉਹਦਾ ਮਨ ਖ਼ੁਸ਼ੀ ਵਿੱਚ ਝੂਮ ਉਠਦਾ। ਖੂੰਖਾਰ ਜਾਨਵਰਾਂ ਦਾ ਸ਼ਿਕਾਰ ਕਰਦਾ ਤੇ ਕੁਦਰਤੀ ਆਫ਼ਤਾਂ ਨਾਲ ਟਕਰਾਉਂਦਾ ਮਨੁੱਖ ਜਦੋਂ ਨਢਾਲ ਹੋ ਜਾਂਦਾ ਤਾਂ ਉਹਦਾ ਮਨ ਅਜਿਹਾ ਕੁਝ ਲੋਚਦਾ ਜਿਸ ਨਾਲ ਉਹਦੇ ਮਨ ਅਤੇ ਸਰੀਰ ਨੂੰ ਕੁਝ ਰਾਹਤ ਮਿਲੇ, ਤਸਕੀਨ ਹੋਵੇ। ਆਦਿ ਮਨੁੱਖ ਦੇ ਰੂਹ ਦੀ ਖ਼ੁਰਾਕ ਦੀ ਲੋਚਾ ਮਨੋਰੰਜਨ ਦੇ ਵੱਖ–ਵੱਖ ਸਾਧਨਾਂ ਦੇ ਰੂਪ ਵਿੱਚ ਰੂਪਮਾਨ ਹੋਈ।

ਆਦਿ ਮਨੁੱਖ ਦੇ ਵਿਕਾਸ ਦੇ ਨਾਲ ਹੀ ਮਨੁੱਖ ਦੀ ਸਾਂਝ ਕੁਦਰਤ ਨਾਲ ਗੂੜ੍ਹੀ ਹੁੰਦੀ ਗਈ ਅਤੇ ਇਸ ਸਾਂਝ ਸਦਕਾ ਉਹ ਕੁਦਰਤ ਵਿੱਚ ਹੁੰਦੇ ਪਰਿਵਰਤਨਾਂ, ਬਦਲਦੀਆਂ ਰੁੱਤਾਂ ਨੂੰ ਮਾਣਦਾ ਰਿਹਾ। ਇਹ ਵਰਤਾਰੇ ਸਦੀਵੀ ਸਾਂਝ ਬਣ ਕੇ ਤਿਉਹਾਰਾਂ ਤੇ ਮੇਲਿਆਂ ਦੇ ਰੂਪ ਵਿੱਚ ਬਦਲ ਗਏ ਤੇ ਮਨੁੱਖ ਜਾਤੀ ਲਈ ਸਦੀਵੀ ਖ਼ੁਸ਼ੀ ਦੇ ਸੋਮੇ ਬਣ ਗਏ।

ਪੰਜਾਬ ਦੇ ਮੇਲਿਆਂ, ਨਾਚਾਂ ਅਤੇ ਤਿਉਹਾਰਾਂ ਵਿੱਚੋਂ ਪੰਜਾਬ ਦੀ ਨਚਦੀ-ਗਾਉਂਦੀ ਸੰਸਕ੍ਰਿਤੀ ਸਾਫ਼ ਦਿਸ ਆਉਂਦੀ ਹੈ। ਲੋਕ ਨਾਚ, ਮੇਲੇ ਅਤੇ ਤਿਉਹਾਰ ਪੰਜਾਬੀ ਲੋਕ ਜੀਵਨ ਦੇ ਅਜਿਹੇ ਰੂਪ ਹਨ ਜਿਨ੍ਹਾਂ ਦੁਆਰਾ ਪੰਜਾਬੀ ਆਦਿ ਕਾਲ ਤੋਂ ਹੀ ਮਨੋਰੰਜਨ ਪ੍ਰਾਪਤ ਕਰਦੇ ਰਹੇ ਹਨ।

ਮੇਲੇ ਪੇਂਡੂ ਲੋਕਾਂ ਲਈ ਮਨ-ਪ੍ਰਚਾਵੇ ਦੇ ਵਿਸ਼ੇਸ਼ ਸਾਧਨ ਰਹੇ ਹਨ। ਇਹ ਉਹ ਅਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਅਤੇ ਹੱਡ-ਭੰਨਵੀਂ ਜ਼ਿੰਦਗੀ ਨੂੰ ਭੁਲਾ ਕੇ ਖਿੜਵੇਂ ਰੌੰ ਵਿੱਚ ਪ੍ਰਗਟ ਹੁੰਦੇ ਹਨ। ਮੇਲੇ ਜਾਂਦੇ ਪੰਜਾਬੀਆਂ ਦੀ ਝਾਲ ਝੱਲੀ ਨਹੀਂ ਜਾਂਦੀ। ਉਹ ਆਪਣੇ ਆਪ ਨੂੰ ਸ਼ਿੰਗਾਰ ਵੰਨ-ਸਵੰਨੇ ਪਹਿਰਾਵੇ ਪਹਿਨ ਕੇ ਮੇਲਾ ਦੇਖਣ ਜਾਂਦੇ ਹਨ।

ਉਂਝ ਤੇ ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਕਿਸੇ ਨਾ ਕਿਸੇ ਸਾਧੂ-ਸੰਤ, ਪੀਰ-ਫ਼ਕੀਰ ਦੀ ਸਮਾਧ ‘ਤੇ ਕੋਈ ਮੇਲਾ, ਦੂਜੇ ਚੌਥੇ ਮਹੀਨੇ ਲੱਗਦਾ ਹੀ ਰਹਿੰਦਾ ਹੈ ਪਰੰਤੂ ਛਪਾਰ ਦਾ ਮੇਲਾ, ਜਗਰਾਵਾਂ ਦੀ ਰੌਸ਼ਨੀ, ਹਦਰਸ਼ੇਖ ਦਾ ਮੇਲਾ, ਜਰਗ ਦਾ ਮੇਲਾ, ਲੋਪੋਂ ਦਾ ਸਾਧਾਂ ਦਾ ਮੇਲਾ ਅਤੇ ਮੁਕਤਸਰ ਦੀ ਮਾਘੀ ਆਦਿ ਮੇਲੇ ਪੰਜਾਬੀਆਂ ਦੇ ਬੜੇ ਹਰਮਨ ਪਿਆਰੇ ਮੇਲੇ ਹਨ ਜਿੱਥੇ ਲੋਕ ਸਹਿਤ ਦੀਆਂ ਕੁਲ੍ਹਾਂ ਆਪ ਮੁਹਾਰੇ ਹੀ ਵਹਿ ਰਹੀਆਂ ਹੁੰਦੀਆਂ ਹਨ। ਇਹਨਾਂ ਮੇਲਿਆਂ ਤੇ ਕਿਧਰੇ ਕਵੀਸ਼ਰਾਂ ਦੇ ਗੌਣ, ਕਿਧਰੇ ਢਡ–ਸਾਰੰਗੀ ਵਾਿਲ਼ਆਂ ਦੇ ਅਖਾੜੇ, ਨਕਲਾਂ, ਰਾਸਾਂ ਅਤੇ ਨਚਾਰਾਂ ਦੇ ਜਲਸੇ ਆਪਣਾ ਜਲੌ ਵਖਾ ਰਹੇ ਹੁੰਦੇ ਹਨ। ਕਿਸੇ ਪਾਸੇ ਗੱਭਰੂਆਂ ਦੀਆਂ ਟੋਲੀਆਂ ਖੜਤਾਲਾਂ, ਕਾਟੋਆਂ ਅਤੇ ਛੈਣਿਆਂ ਦੇ ਤਾਲ ਨਾਲ ਲੰਬੀਆਂ ਬੋਲੀਆਂ ਪਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹਨ।

ਛਪਾਰ ਦੇ ਮੇਲੇ ਦਾ ਜ਼ਿਕਰ ਪੰਜਾਬੀਆਂ ਦੇ ਮਨਾਂ ਵਿੱਚ ਅਨੂਠੀਆਂ ਤਰਬਾਂ ਛੇੜ ਦੇਂਦਾ ਹੈ। ਕਈ ਪੁਰਾਣੀਆਂ ਯਾਦਾਂ ਆ ਝੁਰਮਟ ਪਾਉਂਦੀਆਂ ਹਨ।

ਛਪਾਰ, ਜ਼ਿਲ੍ਹਾ ਲੁਧਿਆਣਾ ਦਾ ਇਕ ਪ੍ਰਸਿੱਧ ਪਿੰਡ ਹੈ ਜਿਹੜਾ ਲੁਧਿਆਣਾ ਤੋਂ ਮਲੇਰਕੋਟਲੇ ਨੂੰ ਜਾਂਦੀ ਸੜਕ ਉੱਤੇ ਮੰਡੀ ਅਹਿਮਦਗੜ੍ਹ ਦੇ ਲਾਗੇ ਵਸਿਆ ਹੋਇਆ ਹੈ। ਇੱਥੇ ਭਾਦੋਂ ਦੀ ਚਾਨਣੀ ਚੌਦੇ ਨੂੰ ਮਾਲਵੇ ਦਾ ਹਰਮਨ ਪਿਆਰਾ ਮੇਲਾ ਲੱਗਦਾ ਹੈ ਜਿਹੜਾ ਛਪਾਰ ਦੇ ਮੇਲੇ ਦੇ ਨਾਂ ਨਾਲ ਸਾਰੇ ਪੰਜਾਬ ਵਿੱਚ ਪ੍ਰਸਿੱਧ ਹੈ।

ਆਰੀ ਆਰੀ ਆਰੀ
ਮੇਲਾ ਛਪਾਰ ਲੱਗਦਾ
ਜਿਹੜਾ ਲੱਗਦਾ ਜਰਗ ਤੋਂ ਭਾਰੀ
ਕੱਠ ਮੁਸ਼ਟੰਡਿਆ ਦੇ
ਉਥੇ ਬੋਤਲਾਂ ਮੰਗਾ ਲੀਆਂ ਚਾਲੀ
ਤਿੰਨ ਸੇਰ ਸੋਨਾ ਲੁੱਟਿਆ
ਭਾਨ ਲੁੱਟ ਲੀ ਹੱਟੀ ਦੀ ਸਾਰੀ
ਸੰਤ ਸਿੰਘ ਨਾਮ ਦੱਸ ਗਿਆ
ਜੀਹਦੇ ਚਲਦੇ ਮੁਕੱਦਮੇ ਭਾਰੀ
ਥਾਨੇਦਾਰ ਤਿੰਨ ਚੜ੍ਹਗੇ
ਨਾਲ ਪੁਲਸ ਚੜ੍ਹੀ ਸੀ ਸਾਰੀ
ਇੱਸੂ ਧੂਰੀ ਦਾ
ਜਿਹੜਾ ਡਾਂਗ ਬਹਾਦਰ ਭਾਰੀ
ਮੰਗੂ ਖੇੜੀ ਦਾ ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ
ਥਾਣੇਦਾਰ ਐਂ ਡਿੱਗਿਆ
ਜਿਵੇਂ ਹਲ ਤੋਂ ਡਿੱਗੇ ਪੰਜਾਲ਼ੀ
ਤੈਂ ਕਿਉਂ ਛੇੜੀ ਸੀ
ਨਾਗਾਂ ਦੀ ਪਟਿਆਰੀ।

ਇਹ ਮੇਲਾ ਗੁੱਗੇ ਦੀ ਮਾੜੀ ‘ਤੇ ਲੱਗਦਾ ਹੈ। ਕਹਿੰਦੇ ਹਨ ਇਸ ਮਾੜੀ ‘ਤੇ ਲੱਗੀਆਂ ਇੱਟਾ ਬੀਕਾਨੇਰ ਤੋਂ ਗੁੱਗੇ ਦੀ ਕਿਸੇ ਮਾੜੀ ਤੋਂ ਲਿਆ ਕੇ ਲਾਈਆਂ ਗਈਆਂ ਹਨ।

ਕਿਹਾ ਜਾਂਦਾ ਹੈ ਗੁੱਗਾ ਚੌਹਾਨ ਰਾਜਪੂਤ ਸੀ। ਬੀਕਾਨੇਰ ਦੇ ਇਕ ਨਗਰ ਵਿੱਚ ਰਾਜਾ ਜੈਮਲ ਦੇ ਘਰ ਗੋਰਖਨਾਥ ਦੇ ਵਰ ਨਾਲ਼ ਰਾਣੀ ਬਾਛਲ ਦੀ ਕੁੱਖੋਂ ਗੁੱਗੇ ਦਾ ਜਨਮ ਹੋਇਆ। ਵੱਡਿਆਂ ਹੋ ਕੇ ਉਹਦੀ ਲੜਾਈ ਆਪਣੀ ਮਾਸੀ ਦੇ ਪੁੱਤਰਾਂ ਸੁਰਜਣ ਅਤੇ ਅਰਜਣ ਨਾਲ਼ ਹੋ ਗਈ। ਝਗੜਾ ਵਿਆਹ ਦਾ ਸੀ। ਗੁੱਗਾ ਗੋਪੀ ਰਾਣੀ ਦੀ ਪਰੀਆਂ ਵਰਗੀ ਧੀ ਸਿਲੀਅਰ ਨੂੰ ਵਿਆਹੁਣਾ ਚਾਹੁੰਦਾ ਸੀ ਪਰੰਤੂ ਅਰਜਣ ਅਤੇ ਸੁਰਜਣ ਆਪ ਉਸ ‘ਤੇ ਫਿਦਾ ਸਨ। ਬਚਪਨ ਵਿੱਚ ਗੁੱਗੇ ਦੀ ਮੰਗਣੀ ਸਿਲੀਅਰ ਨਾਲ਼ ਹੋ ਚੁੱਕੀ ਸੀ। ਅਰਜਣ ‘ਤੇ ਸੁਰਜਣ ਨੇ ਜ਼ੋਰ ਪਾ ਕੇ ਇਹ ਮੰਗਣੀ ਤੁੜਵਾ ਦਿੱਤੀ। ਏਸ ਤੇ ਗੁੱਗੇ ਨੇ ਨਾਗਾਂ ਅੱਗੇ ਸਹਾਇਤਾ ਲਈ ਅਧਾਰਨਾ ਕੀਤੀ। ਨਾਗਾਂ ਦੇ ਰਾਜਾ ਟੀਕੂ ਨੇ ਗੁੱਗੇ ਦੀ ਸਹਾਇਤਾ ਲਈ ਨਾਗ ਦਾ ਰੂਪ ਧਾਰ ਕੇ ਬਾਗ਼ ਵਿੱਚ ਝੂਟਦੀ ਸਿਲੀਅਰ ਨੂੰ ਜਾ ਡੱਸਿਆ। ਸਿਲੀਅਰ ਬੇਹੋਸ਼ ਹੋ ਗਈ ਤੇ ਡਿੱਗ ਪਈ। ਰਾਣੀ ਗੋਪੀ ਲੱਗੀ ਵਿਰਲਾਪ ਕਰਨ। ਟੀਕੂ ਮਨੁੱਖਾ ਰੂਪ ਧਾਰ ਕੇ ਆਣ ਪੁੱਜਾ। ਉਸ ਨੇ ਗੋਪੀ ਨੂੰ ਆਖਿਆ ਕਿ ਉਹ ਇੱਕ ਸ਼ਰਤ ‘ਤੇ ਉਸ ਦੀ ਧੀ ਨੂੰ ਜਿਉਂਦਾ ਕਰ ਸਕਦਾ ਹੈ, ਜੇਕਰ ਉਹ ਉਸ ਦੀ ਸ਼ਾਦੀ ਗੁੱਗੇ ਨਾਲ਼ ਕਰ ਦੇਵੇ। ਗੋਪੀ ਨੇ ਇਹ ਸ਼ਰਤ ਪ੍ਰਵਾਨ ਕਰ ਲਈ। ਟੀਕੂ ਨੇ ਮੰਤਰਾਂ ਨਾਲ਼ ਸਿਲੀਅਰ ਨੂੰ ਜਿਉਂਦਾ ਕਰ ਦਿੱਤਾ। ਗੁੱਗੇ ਦੀ ਸ਼ਾਦੀ ਹੋ ਗਈ। ਅਰਜਣ ਤੇ ਸੁਰਜਣ ਇਹ ਕਦੋਂ ਬਰਦਾਸ਼ਤ ਕਰ ਸਕਦੇ ਸਨ। ਉਹਨਾਂ ਨੇ ਜਬਰਦਸਤੀ ਸਿਲੀਅਰ ਨੂੰ ਖੋਹਣਾ ਚਾਹਿਆ। ਲੜਾਈ ਵਿੱਚ ਗੁੱਗੇ ਨੇ ਅਰਜਣ ਅਤੇ ਸੁਰਜਣ ਮਾਰ ਦਿੱਤੇ। ਏਸ ਗੱਲ ਦਾ ਪਤਾ ਜਦੋਂ ਗੁੱਗੇ ਦੀ ਮਾਂ ਬਾਛਲ ਨੂੰ ਲੱਗਿਆ ਤਾਂ ਉਹ ਬਹੁਤ ਨਰਾਜ਼ ਹੋਈ। ਉਸ ਨੇ ਗੁੱਗੇ ਨੂੰ ਆਖਿਆ ਕੇ ਉਹ ਕਲੰਕੀ ਮੂਹ ਲੈ ਕੇ ਉਸ ਦੇ ਮੱਥੇ ਨਾ ਲੱਗੇ। ਮਾਂ ਦੀ ਕਾਨੀ ਦਾ ਗੁੱਗੇ ‘ਤੇ ਐਨਾ ਅਸਰ ਹੋਇਆ ਕਿ ਉਸ ਨੇ ਧਰਤੀ ਮਾਂ ਨੂੰ ਵਿਹਲ ਦੇਣ ਲਈ ਅਰਜ਼ ਕੀਤੀ ਤਾਂ ਜੋ ਉਹ ਉਹਦੇ ਵਿੱਚ ਸਮਾ ਸਕੇ। ਧਰਤੀ ਮਾਂ ਤਾਂ ਮੁਸਲਮਾਨਾਂ ਨੂੰ ਹੀ ਆਪਣੇ ਵਿੱਚ ਥਾਂ ਦੇਂਦੀ ਹੈ। ਇਸ ਲਈ ਗੁੱਗਾ ਇਕ ਹਾਜੀ ਪਾਸੋਂ ਕਲਮਾ ਪੜ੍ਹ ਕੇ ਮੁਸਲਮਾਨ ਹੋ ਗਿਆ। ਧਰਤੀ ਮਾਤਾ ਨੇ ਉਸ ਨੂੰ ਘੋੜੇ ਸਮੇਤ ਆਪਣੀ ਗੋਦੀ ਵਿੱਚ ਸਮਾ ਲਿਆ। ਇਸ ਕੌਤਕ ਨੇ ਗੁੱਗੇ ਦੀ ਪ੍ਰਸਿੱਧੀ ਸਾਰੇ ਦੇਸ਼ ਵਿੱਚ ਕਰ ਦਿੱਤੀ। ਤਦੋਂ ਤੋਂ ਗੁੱਗੇ ਪੀਰ ਦੀ ਪੂਜਾ ਸ਼ੁਰੂ ਹੋ ਗਈ।

ਜਨਮ ਅਸ਼ਟਮੀ ਤੋਂ ਅਗਲੇ ਦਿਨ ਭਾਦੋਂ ਦੀ ਨੌਵੀੰ ਨੂੰ ਗੁੱਗੇ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਮਾੜੀਆਂ ਉੱਤੇ ਮੇਲੇ ਲੱਗਦੇ ਹਨ। ਇਸ ਦਿਨ ਔਰਤਾਂ ਸੇਵੀਆਂ ਰਿੰਨ੍ਹ ਦੀਆਂ ਹਨ ਅਤੇ ਸੱਪਾਂ ਦੀਆਂ ਵਿਰਮੀਆਂ ਵਿੱਚ ਦੁੱਧ ਪਾਉਂਦੀਆਂ ਹਨ।

ਛਪਾਰ ਦੇ ਮੇਲੇ ਦੀ ਪ੍ਰਸਿੱਧੀ ਨਿਰੀ ਗੁੱਗੇ ਕਰਕੇ ਨਹੀਂ ਰਹੀ, ਇਹ ਤਾਂ ਇਸ ਮੇਲੇ ਦੇ ਵਿਸ਼ੇਸ਼ ਕਿਰਦਾਰ ਕਰਕੇ ਰਹੀ ਹੈ। ਇਸ ਮੇਲੇ ‘ਤੇ ਮਲਵਈ ਆਪਣੇ ਦਿਲਾਂ ਦੇ ਗੁਭ ਗੁਭਾੜ ਕੱਢਦੇ ਰਹੇ ਹਨ, ਵੈਲੀਆਂ ਨੇ ਬਿਦ–ਬਿਦ ਲੜਾਈਆਂ ਲੜਨੀਆਂ, ਡਾਂਗ ਬਹਾਦਰਾਂ ਨੇ ਆਪਣੀਆਂ ਸੰਮਾਂ ਵਾਲੀਆਂ ਡਾਂਗਾਂ ਵਰਾਹ ਕੇ ਆਪਣੇ ਜੌਹਰ ਦਿਖਾਉਣੇ, ਕਿਤੇ ਪੁਲਿਸ ਨਾਲ਼ ਵੀ ਟਾਕਰੇ ਹੋ ਜਾਣੇ, ਲਕੀਰਾਂ ਖਿੱਚ ਕੇ ਭੇੜੂਆਂ ਨੇ ਭਿੜਨਾ, ਪਹਿਲਵਾਨਾਂ ਨੇ ਘੋਲ ਘੁਲਣੇ, ਗੱਭਰੂਆਂ ਨੇ ਮੁੰਗਲੀਆਂ ਫੇਰਨ ਅਤੇ ਮੁਗਧਰ ਚੁੱਕਣ ਦੇ ਕਰਤੱਵ ਦਿਖਾਉਣੇ।

ਗਿੱਧਾ ਪੰਜਾਬੀ ਸਭਿਆਚਾਰ ਨੂੰ ਇਸੇ ਮੇਲੇ ਦੀ ਦੇਣ ਹੈ। ਜਿੰਨੀਆਂ ਬੋਲੀਆਂ ਕੀ ਇਕ ਲੜੀਆਂ, ਕੀ ਲੰਬੀਆਂ, ਇਸ ਮੇਲੇ ‘ਤੇ ਪਾਈਆਂ ਜਾਂਦੀਆਂ ਹਨ, ਹੋਰ ਕਿਧਰੇ ਵੀ ਦੇਖਣ–ਸੁਨਣ ਵਿੱਚ ਨਹੀਂ ਆਉਂਦੀਆਂ। ਇੱਕ ਪਿੰਡ ਦੇ ਸਜੀਲੇ ਗੱਭਰੂਆਂ ਦੀ ਟੋਲੀ ਦੂਜੇ ਪਿੰਡ ਦੇ ਖਾੜਕੂ ਗੱਭਰੂਆਂ ਨਾਲ ਵਾਰੀ ਲੈ ਕੇ ਬੋਲੀ ਪਾਉਂਦੀ ਹੈ, ਸਾਰੀ–ਸਾਰੀ ਰਾਤ ਬੋਲੀਆਂ ਪਾਉਣ ਦੇ ਮੁਕਾਬਲੇ ਹੁੰਦੇ ਰਹਿੰਦੇ ਹਨ।

ਲੱਖਾਂ ਦੀ ਗਿਣਤੀ ਵਿੱਚ ਦਰਸ਼ਕ ਇਸ ਮੇਲੇ ਵਿੱਚ ਸ਼ਾਮਲ ਹੁੰਦੇ ਹਨ। ਮੰਡੀ ਅਹਿਮਦਗੜ੍ਹ ਤੋਂ ਲੈ ਕੇ ਛਪਾਰ ਤੱਕ ਤਿੰਨਾਂ ਮੀਲਾਂ ਵਿੱਚ ਤਿੰਨੇ ਦਿਨ ਮਨੁੱਖਤਾ ਦਾ ਸਾਗਰ ਵਹਿ ਰਿਹਾ ਹੁੰਦਾ ਹੈ, ਇੱਕ ਨਵੀਂ ਹੀ ਦੁਨੀਆਂ ਵਸ ਜਾਂਦੀ ਹੈ। ਪੂਰੇ ਦਾ ਪੂਰਾ ਸੁਪਰ ਬਜ਼ਾਰ ਸਜ ਜਾਂਦਾ ਹੈ। ਅਸਮਾਨ ਛੂੰਹਦੇ ਸਰਕਸਾਂ ਦੇ ਸਾਇਬਾਨ, ਰਾਜਨੀਤਿਕ ਪਾਰਟੀਆਂ ਦੇ ਝੂਲਦੇ ਚੰਦੋਏ, ਵੱਖ–ਵੱਖ ਮਹਿਕਮਿਆਂ ਵੱਲੋਂ ਲਗਾਈਆਂ ਨੁਮਾਇਸ਼ਾਂ ਅਤੇ ਹੋਰ ਅਨੇਕ ਪ੍ਰਕਾਰ ਦੇ ਰੰਗ ਤਮਾਸ਼ੇ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ।

ਮੇਲਾ ਆਪਣੇ ਅਸਲੀ ਰੂਪ ਵਿੱਚ ਗੁੱਗੇ ਦੀ ਮਾੜੀ ਤੋਂ ਪਰ੍ਹੇ ਹੀ ਲੱਗਦਾ ਹੈ। ਇਥੇ ਹਰ ਕਿਸੇ ਦੀ ਤਮੰਨਾ ਪੂਰੀ ਹੋ ਜਾਂਦੀ ਹੈ। ਕਿਸੇ ਪਾਸੇ ਢੰਡ–ਸਾਰੰਗੀ ਵਾਲਿਆਂ ਦਾ ਅਖਾੜਾ ਲੱਗਿਆ ਹੋਇਆ ਹੈ, ਕਿਧਰੇ ਕਵੀਸ਼ਰ ਕਵੀਸ਼ਰੀ ਕਰ ਰਹੇ ਹੁੰਦੇ ਹਨ। ਗੈਸਾਂ ਦੇ ਚਾਨਣ ਵਿੱਚ ਨਚਾਰਾਂ ਦੇ ਜਲਸੇ ਆਪਣੇ ਪੂਰੇ ਜਲੌ ਵਿੱਚ ਹੁੰਦੇ ਹਨ। ਪੈਲਾਂ ਪਾ ਰਹੇ ਨਚਾਰਾਂ ਉੱਤੇ ਔਰਤਾਂ ਦੇ ਭੋਖ੍ੜੇ ਦੇ ਮਾਰੇ ਹੋਏ ਪੇਂਡੂ ਪੰਜਾਬੀ ਰੁਪਈਆਂ ਦਾ ਮੀਂਹ ਵਰਾ ਦੇਂਦੇ ਹਨ। ਕਿਸੇ ਪਾਸੇ ਰਾਜਨੀਤਿਕ ਪਾਰਟੀਆਂ ਆਪਣੇ ਪੰਡਾਲਾਂ ਵਿੱਚ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਸੌਕਣਾਂ ਵਾਂਗ ਪੁਣ ਕੇ ਸਰੋਤਿਆਂ ਨੂੰ ਖ਼ੁਸ਼ ਕਰ ਰਹੀਆਂ ਹੁੰਦੀਆਂ ਹਨ। ਕਿਸੇ ਪਾਸੇ ਬੈਲ ਗੱਡੀਆਂ ਦੀਆਂ ਦੌੜਾਂ ਹੋ ਰਹੀਆਂ ਹਨ ਕਿਧਰੇ ਮਲ ਘੁਲ਼ ਰਹੇ ਹਨ। ਚੰਡੋਲ ਚਰਖਚੂੰਡੇ ਆਪਣਾ ਹੀ ਸੁਆਦ ਦਿੰਦੇ ਹਨ।

ਗੱਭਰੂਆਂ ਦੀਆਂ ਢਾਣੀਆਂ ਖੜਤਾਲਾਂ, ਕਾਟੋਆਂ ਅਤੇ ਛੈਣੇ ਵਜਾਉਂਦੀਆਂ ਗਿੱਧੇ ਦੀਆਂ ਬੋਲੀਆਂ ਪਾਉਂਦੀਆਂ ਹੋਈਆ ਭੀੜਾਂ ਨੂੰ ਚੀਰਦੀਆਂ ਮਾਲਵੇ ਦੇ ਸਭਿਆਚਾਰ ਦੀ ਸਾਖੀ ਭਰਦੀਆਂ ਹਨ,

ਧਾਵੇ ਧਾਵੇ ਧਾਵੇ
ਡੱਬਾ ਕੁੱਤਾ ਮਿੱਤਰਾਂ ਦਾ
ਥਾਨੇਦਾਰ ਦੀ ਕੁੜੀ ਨੂੰ ਚੁੱਕ ਲਿਆਵੇ
ਭੈਣ ਚੁੱਕੇ ਡਿਪਟੀ ਦੀ
ਜਿਹੜਾ ਲੰਬੀਆਂ ਤਰੀਕਾਂ ਪਾਵੇ
ਉਹ ਗੱਡੀ ਮੈਂ ਚੜ੍ਹਨਾ
ਜਿਹੜੀ ਬੀਕਾਨੇਰ ਨੂੰ ਜਾਵੇ
ਏਸ ਪਟੋਲੇ ਦੀ
ਸੇਲੀ ਨਾਗ ਵਲ਼ ਖਾਵੇ

ਸਾਰੇ ਗੱਭਰੂ ਆਪਣੇ ਅਰਮਾਨ ਪੂਰੇ ਕਰਦੇ ਹਨ,

ਸੁਣ ਨੀ ਕੁੜੀਏ ਮਛਲੀ ਵਾਲੀਏ
ਤੇਰੀ ਭੈਣ ਦਾ ਸਾਕ ਲਿਆਵਾਂ
ਤੈਨੂੰ ਬਣਾਵਾਂ ਸਾਲੀ
ਫੇਰ ਆਪਾਂ ਚੜ੍ਹ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲੀ
ਬੋਤੀ ਮੇਰੀ ਐਂ ਚਲਦੀ
ਜਿਵੇਂ ਚਲਦੀ ਡਾਕ ਸਵਾਰੀ
ਬੋਤੀ ਨੇ ਛਾਲ਼ ਚੁੱਕ ਲ਼ੀ
ਜੁੱਤੀ ਡਿੱਗ ਪੀ ਸਤਾਰਿਆਂ ਵਾਲੀ
ਡਿੱਗਦੀ ਨੂੰ ਡਿੱਗ ਪੈਣ ਦੇ
ਪਿੰਡ ਚਲ ਕੇ ਸਮਾਦੂੰ ਚਾਲੀ
ਲਹਿੰਗੇ ਤੇਰੇ ਨੂੰ,
ਲੌਣ ਲਵਾ ਦੂੰ ਕਾਲੀ।

ਨਵੀਆਂ ਸਾਂਝਾਂ ਪਾ ਕੇ ਅਤੇ ਪੁਰਾਣੀਆਂ ਯਾਰੀਆਂ ਦੀਆਂ ਗੰਢਾਂ ਹੋਰ ਪੀਡੀਆਂ ਕਰਕੇ ਤੀਜੇ ਦਿਨ ਮੇਲਾ ਵਿਛੜ ਜਾਂਦਾ ਹੈ। ਆਪਣੀਆਂ ਬੋਤੀਆਂ ਲਈ ਝਾਂਜਰਾਂ, ਊਠਾਂ ਲਈ ਮੁਹਰਾਂ, ਬਲਦਾਂ ਲਈ ਘੁੰਗਰੂ ਅਤੇ ਦਿਲਾਂ ਦੇ ਮਹਿਰਮਾਂ ਲੀ ਗਾਨੀਆਂ ਖ਼ਰੀਦ ਕੇ ਮੇਲੀ ਆਪਣੇ ਪਿੰਡਾਂ ਨੂੰ ਵਹੀਰਾਂ ਘੱਤ ਲੈਂਦੇ ਹਨ। ਕਿਧਰੇ ਲੱਡੂ ਖ਼ਰੀਦ ਦੇ ਹੋਏ ਖਚਰੇ ਗੱਭਰੂ ਹਲਵਾਈਆਂ ਨੂੰ ਟਕੋਰ ਵੀ ਲਾ ਜਾਂਦੇ ਹਨ,

ਲਾਲਾ ਲੱਡੂ ਘੱਟ ਨਾ ਦਈਂ
ਤੇਰੀਓ ਕੁੜੀ ਨੂੰ ਦੇਣੇ

ਮਸ਼ੀਨੀ ਸਭਿਅਤਾ ਦੇ ਵਿਕਾਸ ਦਾ ਪ੍ਰਭਾਵ ਪੰਜਾਬ ਦੇ ਲੋਕ ਜੀਵਨ ‘ਤੇ ਕਾਫ਼ੀ ਪਿਆ ਹੈ। ਲੋਕਾਂ ਦੇ ਰਹਿਣ–ਸਹਿਣ, ਖਾਣ–ਪੀਣ ਅਤੇ ਪਹਿਰਾਵੇ ਵਿੱਚ ਢੇਰ ਸਾਰੇ ਪਰਿਵਰਤਨ ਹੋਏ ਹਨ। ਮਨੋਰੰਜਨ ਦੇ ਸਾਧਨ ਬਦਲ ਗਏ ਹਨ, ਪੁਰਾਣਾ ਪੰਜਾਬ ਬਦਲ ਗਿਆ ਹੈ। ਮੇਲਿਆਂ ਮੁਸਾਵਿਆਂ ਦੀਆਂ ਰੌਣਕਾਂ ਸਮਾਪਤ ਹੁੰਦੀਆਂ ਜਾ ਰਹੀਆਂ ਹਨ। ਲੋਕ ਤਿਉਹਾਰਾਂ ਨੂੰ ਵੀ ਪਹਿਲੇ ਉਤਸ਼ਾਹ ਨਾਲ ਨਹੀਂ ਮਨਾਉਂਦੇ। ਮੇਲੇ ਤੇ ਤਿਉਹਾਰ ਸਾਡਾ ਵੱਡਮੁੱਲਾ ਵਿਰਸਾ ਹਨ। ਇਹਨਾਂ ਨੂੰ ਸਾੰਭਣ ਅਤੇ ਮੁੜ ਸੁਰਜੀਤ ਕਰਨ ਦੀ ਲੋੜ ਹੈ। ਇਹ ਸਾਡੀ ਭਾਵਆਤਮਕ ਏਕਤਾ ਦੇ ਪ੍ਰਤੀਕ ਹਨ।

Source:

ਪੰਜਾਬੀ ਸਭਿਆਚਾਰ ਦੀ ਆਰਸੀ (ਸੁਖਦੇਵ ਮਾਦਪੁਰੀ)

Tagged In
  • Comments
comments powered by Disqus