ਸਾਧ ਸੰਗਤ ਵਿੱਚ ਜੁੜਕੇ ਗੁਰਬਾਣੀ ਦਾ ਅਭਿਆਸ

ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦਾ ਸਾਗਰ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੁਝ ਸਿੱਖਣ ਲਈ ਪਹਿਲਾ ਕਦਮ ਇਸ ਦੀ ਆਗਿਆ ਕਰਨੀ ਬਹੁਤ ਜ਼ਰੂਰੀ ਹੈ. ਇਸ ਨਾਲ ਮਿਲਦੀਆਂ ਜੁਲਦੀਆਂ ਹੇਠ ਕੁਝ ਸਿਖਿਆਵਾਂ ਦਿੱਤੀਆਂ ਹੋਈਆਂ ਹਨ, ਉਮੀਦ ਆ ਤੁਹਾਡੇ ਕੰਮ ਆਉਣਗੀਆਂ।

 • ਗੁਰਬਾਣੀ ਦਾ ਅਸਰ ਸਾਧ ਸੰਗਤ ‘ਚ ਬੈਠਿਆ ਵਧੇਰੇ ਹੁੰਦਾ ਹੈ। ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ-ਮੇਲ ਦੇ ਅਸਥਾਨਾਂ-ਗੁਰਦੁਆਰਿਆਂ ਦੇ ਦਰਸ਼ਨ ਕਰੇ ਅਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ।
 • ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਾ-ਪ੍ਰਤੀ ਹੋਵੇ। ਬਿਨਾਂ ਖਾਸ ਕਾਰਨ ਦੇ(ਜਦ ਕਿ ਪ੍ਰਕਾਸ਼ ਜਾਰੀ ਰੱਖਣ ਦੀ ਲੋੜ ਹੋਵੇ) ਰਾਤ ਨੂੰ ਪ੍ਰਕਾਸ਼ ਨਾ ਰਹੇ। ਆਮ ਤੌਰ ‘ਤੇ ਰਹਰਾਸਿ ਦੇ ਪਾਠ ਮਗਰੋਂ ਸੁੱਖ—ਆਸਣ ਕੀਤਾ ਜਾਵੇ। ਜਦ ਤਕ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ, ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ ਜਾਂ ਬੇਅਦਬੀ ਜਾ ਖਤਰਾ ਨਾ ਹੋਵੇ, ਤਦ ਤਕ ਪ੍ਰਕਾਸ਼ ਰਹੇ। ਉਪ੍ਰੰਤ ਸੁੱਖ—ਆਸਣ ਕਰ ਦੇਣਾ ਉਚਿਤ ਹੈ, ਤਾਂ ਜੋ ਬੇਅਦਬੀ ਨਾ ਹੋਵੇ।
 • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ, ਪੜ੍ਹਿਆ, ਅਤੇ ਸੰਤੋਖਿਆ ਜਾਵੇ। ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਸਥਾਨ ਸਾਫ—ਸੁਥਰਾ ਹੋਵੇ। ਉੱਪਰ ਚਾਂਦਨੀ ਹੋਵੇ। ਪ੍ਰਕਾਸ਼ ਮੰਜੀ ਸਾਹਿਬ ‘ਤੇ ਸਾਫ਼ ਸੁਥਰੇ ਬਸਤਰ ਵਿਛਾ ਕੇ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਪ੍ਰਕਾਸ਼ ਲਈ ਗਦੈਲੇ ਆਦਿ ਸਮਿਆਨ ਵਰਤੇ ਜਾਣ ਅਤੇ ਉੱਪਰ ਲਈ ਰੁਮਾਲ ਹੋਵੇ। ਜਦ ਪਾਠ ਨਾ ਹੁੰਦਾ ਹੋਵੇ, ਤਾਂ ਉੱਪਰ ਰੁਮਾਲ ਰੱਖਿਆ ਜਾਵੇ। ਪ੍ਰਕਾਸ਼ ਵੇਲੇ ਚੌਰ ਭੀ ਚਾਹੀਦਾ ਹੈ।
 • ਉੱਪਰ ਦੱਸੇ ਸਮਾਨ ਤੋਂ ਇਲਾਵਾ ਧੁੱਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਕਮਰੇ ਅੰਦਰ ਰੌਸ਼ਨੀ ਲਈ ਤੇਲ, ਘੀ ਜਾਂ ਮੋਮਬੱਤੀ, ਬਿਜਲੀ, ਲੈੰਪ ਆਦਿ ਜਗਾ ਲੈਣੇ ਚਾਹੀਦੇ ਹਨ।
 • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ(ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।
 • ਸ੍ਰੀ ਗੁਰੂ ਗ੍ਰੰਥ ਸਾਹਿਬ ਜੀਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜ੍ਹਿਆਂ ‘ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰਦੁਆਰਿਆਂ ਵਿੱਚ ਮੂਰਤੀਆਂ(ਬੁੱਤ) ਬਨਾਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ।
 • ਇੱਕ ਤੋਂ ਦੂਜੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਜਾਣ ਵੇਲੇ ਅਰਦਾਸ ਕਰਨੀ ਚਾਹੀਦੀ ਹੈ। ਜਿਸ ਨੇ ਸਿਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੁੱਕਿਆ ਹੋਵੇ, ਉਹ ਨੰਗੇ ਪੈਰੀਂ ਚਲੇ, ਪਰ ਜੇਕਰ ਕਿਸੇ ਮੌਕੇ ਜੋੜੇ ਪਾਣ ਦੀ ਅਤਿ ਲੋੜ ਪੈ ਜਾਵੇ ਤਾਂ ਭਰਮ ਨਹੀਂ ਕਰਨਾ।
 • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ। ਪ੍ਰਕਾਸ਼ ਕਰਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕ ਸ਼ਬਦ ਦਾ ਵਾਕ ਲਿਆ ਜਾਵੇ।
 • ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਵੇ ਤਾਂ ਭਾਵੇਂ ਅੱਗੇ ਪ੍ਰਕਾਸ਼ ਹੋਇਆ ਹੋਵੇ ਜਾਂ ਨਾ, ਹਰ ਇਕ ਸਿੱਖ ਨੂੰ ਸਨਮਾਨ ਲਈ ਉੱਠ ਖਲੋਣਾ ਚਾਹੀਦਾ।
 • ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾਹ ਕੇ, ਸੁਥਰਾ ਹੋ ਕੇ ਜਾਣਾ ਚਾਹੀਦਾ, ਜੇ ਪੈਰ ਗੰਦੇ ਹੋਣ, ਤਾਂ ਜਲ ਨਾਲ ਧੋ ਲੈਣੇ ਚਾਹੀਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਅਥਵਾ ਗੁਰਦੁਆਰੇ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਪ੍ਰਕਰਮਾ ਕਰਨੀ ਚਾਹੀਦੀ ਹੈ।
 • ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਕਿਸੇ ਦੇਸ਼, ਮਜ੍ਹਹਬ, ਜਾਤਿ ਵਾਲੇ ਨੂੰ ਮਨਾਹੀ ਨਹੀਂ, ਪਰ ਉਸ ਦੇ ਪਾਸ ਸਿੱਖ ਧਰਮ ਤੋਂ ਵਿਵਰਜਿਤ, ਤਮਾਕੂ ਆਦਿ ਕੋਈ ਚੀਜ਼ ਨਹੀਂ ਹੋਣੀ ਚਾਹੀਦੀ।
 • ਗੁਰਦੁਆਰੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਹੈ। ਉਪ੍ਰੰਤ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਸਹਿਜ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਬੁਲਾਈ ਜਾਵੇ।
 • ਸੰਗਤ ਵਿੱਚ ਬੈਠਣ ਲਈ ਭੀ ਸਿੱਖ—ਅਸਿੱਖ, ਛੂਤ—ਛਾਤ, ਜਾਤ—ਪਾਤ, ਊਚ—ਨੀਚ ਦਾ ਭਰਮ ਜਾਂ ਵਿਤਕਰਾ ਨਹੀਂ ਕਰਨਾ।
 • ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੈਲਾ, ਆਸਣ, ਕੁਰਸੀ, ਚੌਕੀਂ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ।
 • ਸੰਗਤ ਵਿੱਚ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਕਿਸੇ ਸਿੱਖ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ। ਸੰਗਤ ਵਿੱਚ ਸਿੱਖ ਇਸਤਰੀਆਂ ਲਈ ਪਰਦਾ ਕਰਨਾ ਜਾਂ ਘੁੰਡ ਕੱਢਣਾ ਗੁਰਮਤਿ ਵਿਰੁੱਧ ਹੈ।
 • ਤਖ਼ਤ ਪੰਜ ਹਨ। ਤਖ਼ਤਾਂ ਦੇ ਖਾਸ ਅਸਥਾਨ ਉੱਪਰ ਕੇਵਲ ਰਹਿਤਵਾਨ ਅੰਮ੍ਰਿਤਧਾਰੀ ਸਿੰਘ/ਸਿੰਘਣੀ ਹੀ ਚੜ੍ਹ ਸਕਦੇ ਹਨ। (ਤਖਤਾਂ ਉੱਤੇ ਪਤਿਤ ਤੇ ਤਨਖਾਹੀਏ ਸਿੱਖ ਤੋਂ ਬਿਨਾਂ ਹਰ ਇੱਕ ਪ੍ਰਾਣੀ ਮਾਤਰ, ਸਿੱਖ ਗੈਰ-ਸਿੱਖ ਦੀ ਆਰਦਸ਼ ਹੋ ਸਕਦੀ ਹੈ।)
 • ਹਰ ਇਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ‘ਤੇ ਲੱਗਾ ਹੋਵੇ। ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰੇ ਉੱਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ।
 • ਗੁਰਦੁਆਰੇ ਵਿੱਚ ਨਗਾਰਾ ਹੋਵੇ, ਜੋ ਸਮੇਂ ਸਿਰ ਵਜਾਇਆ ਜਾਵੇ।
Tagged In
 • Comments
comments powered by Disqus