ਇਨਸਾਨ ਦੀ ਸੋਚ

William Warby | Flickr

ਦੋਸਤੋ ਅਪਣੀ ਜਿੰਦਗੀ ਦੀ ਪਹਿਲੀ ਕਹਾਣੀ ਜਾਂ ਹੱਡ ਬੀਤੀ ਲਿਖਣ ਲੱਗਾ ਹਾਂ ਆਸ ਕਰਦਾ ਤੁਸੀ ਸਾਰੇ ਪਸੰਦ ਕਰੋਗੇ ਤੇ ਕੁੱਝ ਜਰੂਰ ਸਿੱਖੋ ਗੇ।

ਨਵੇਂ ਨਵੇਂ ਅਸਟਰੇਲੀਆ (ਸਿਡਨੀ) ਆਏ ਸੀ। ਕੰਮ ਕਾਰ ਪਹਿਲੇ ਇੱਕ ਸਾਲ ਤਾਂ ਜਿਆਦਾ ਨਸੀਬ ਨਹੀਂਂ ਹੋਇਆ। ਪਰ ਪਾਪੜ ਕਈ ਵੇਲੇ ਸੀ। ਕਦੇ ਕਦੇ ਸ਼ਿਫਟ ਲਾ ਲੈਂਦਾ ਸੀ, ਕਦੇ ਕਿਤੇ ਕਦੇ ਕਿਤੇ।

ਇੱਕ ਦਿਨ ਸ਼ਿਫਟਾਂ ਲੱਭਣ ਲਈ ਮੈਂਂ ਅਪਣੇ ਨਵੇਂ ਬਣੇ ਮਿੱਤਰਾਂ ਨੂੰ ਫੋਨ ਕਰਨ ਲੱਗਾ। ਚਲੋ ਕੋਸ਼ਿਸ਼ ਕਰਨ ਤੋ ਬਾਅਦ ਇੱਕ ਪੰਜਾਬੀ ਭਰਾ ਨਾਲ ਘਰਾਂ ਦੀ ਸਫਾਈ ਕਰਨ ਦਾ ਕੰਮ ਮਿਲਿਆ। ਕੰਮ ਤੇ ਸਵੇਰੇ 6 ਵਜੇ ਪਹੁੰਚ ਗਏ। ਸੋਚਿਆ ਕੰਮ ਪਤਾ ਨੀ ਕੀ ਤੇ ਕਿਵੇਂ ਹੋਣਾ। ਪਰ ਜਦੋਂ ਉਸ ਪੰਜਾਬੀ ਭਰਾ ਨੇ ਹੱਥ ਵਿੱਚ ਗਰੂਮ (ਝਾੜੂ) ਫੜਾਇਆ ਤਾਂ ਮੈਂਂ ਸੋਚੀ ਪੈ ਗਿਆ। ਉਸ ਦੇ ਕਹਿਣ ਤੇ ਆਪਾਂ ਨੇ ਦੱਸੇ ਹੋਏ ਹੁਕਮਾਂ ਅਨੁਸਾਰ ਕੰਮ ਸ਼ੁਰੂ ਕਰਤਾ।

ਘਰ ਨਵਾਂ ਨਵਾਂ ਬਣਿਆ ਸੀ ਸਫ਼ਾਈ ਦਾ ਕੰਮ ਸਾਰੇ ਘਰ ਦਾ ਹੋਣ ਵਾਲਾ ਸੀ। ਤਿੰਨੋ ਕਮਰਿਆ ਵਿੱਚ ਝਾੜੂ ਮਾਰਨ ਤੋਂ ਬਾਅਦ ਵਾਰੀ ਆਈ ਬਾਥਰੂਮ ਦੀ। ਹੱਥਾਂ ‘ਚ ਦਸਤਾਨੇ ਪਾ ਕੇ ਮਨ ਕੌੜਾ ਹੋਇਆ ਪਰ ਤਕੜਾ ਜਿਹਾ ਕਰਕੇ ਆਪਾਂ ਬਾਥਰੂਮ ‘ਚ ਵੜ ਗਏ। ਉਪਰੋਂ ਮਾਲਕ ਵੀਰ ਕਹਿੰਦਾ ਚੰਗੀ ਤਰਾਂ ਸਾਫ ਕਰੀ।

ਬੱਸ ਅੰਦਰ ਵੜਦੀ ਸਾਰ ਮਨ ਸੋਚਾਂ ਸੋਚਾਂ ਵਿੱਚ ਪਿੰਡ ਜਾ ਵੜਿਆ, ਉਹਨਾਂ ਲੋਕਾ ‘ਚ ਜੋ ਘਰਾਂ ਵਿੱਚ ਗੋਹਾ-ਕੂੜਾ ਕਰਦੇ ਹਨ। ਉਹਨਾਂ ਬਜ਼ੁਰਗ ਔਰਤਾ, ਨੂਹਾਂ, ਜਾ ਧੀਆਂ ਜੋ ਲੋਕਾਂ ਦੇ ਘਰ ਸਫਾਈ ਦਾ ਕੰਮ ਕਰਦੇ ਜਾ ਕਰਦੀਆ ਨੇ। ਇੰਨੇ ਨੂੰ ਘਰ ਦਾ ਗੋਰਾ ਮਾਲਕ ਵੀ ਆ ਗਿਆ। ਰੀਝ ਨਾਲ ਕੀਤੀ ਸਫ਼ਾਈ ਦੇਖ ਕੇ ਆਪਣੀ ਭਾਸ਼ਾ ਜਾਣੀ ਕੇ ਅੰਗਰੇਜ਼ੀ ਵਿੱਚ ਧੰਨਵਾਦ ਕਰਨ ਲੱਗਾ।

ਉਸ ਨੇ ਮੇਰਾ ਨਾਮ ਪੁੱਛਿਆ ਅਤੇ ਹੱਥ ਮਿਲਾ ਕੇ ਮੇਰੇ ਮਾਲਿਕ ਕੋਲ ਚਲਾ ਗਿਆ ਤੇ ਮੈਂ ਵਾਪਿਸ ਆਪਣੇ ਕੰਮ ਤੇ ਲੱਗ ਗਿਆ। ਫਿਰ ਸੋਚਣ ਲੱਗ ਪਿਆ ਉਹਨਾ ਲੋਕਾਂ ਬਾਰੇ ਜੋ ਉੱਥੇ ਇੱਦਾਂ ਦੇ ਕੰਮ ਕਰਦੇ ਹਨ। ਸੋਚ ਰਿਹਾ ਸੀ ਅਪਣੇ ਲੋਕਾਂ ਦੀ ਸੋਚ ਬਾਰੇ। ਜੇ ਕਿਤੇ ਇਹ ਕੰਮ ਮੈਂ ਅਪਣੇ ਪਿੰਡ ਜਾਂ ਨੇੜੇ ਦੇ ਸ਼ਹਿਰ ‘ਚ ਕਰਦਾ ਹੁੰਦਾ ਲੋਕਾਂ ਨੇ ਮੈਂਨੂੰ ਬੜਾ ਕੁਝ ਕਹਿਣਾ ਸੀ। ਫਲਾਣੇ ਦਾ ਮੁੰਡਾ ਨੋਕਰ ਬਣ ਗਿਆ ਸਫਾਈ ਕਰਦਾ ਘਰ-ਘਰ ਜਾ ਕੇ। ਜਾਂ ਮੇਰੀ ਮਰੀ ਹੋਈ ਜ਼ਮੀਰ ਮੈਂਨੂੰ ਕੰਮ ਕਰਨ ਤੋ ਰੋਕਦੀ।

ਉੱਥੇ ਦੇ ਲੋਕੀ ਸੋਚਦੇ ਸ਼ਾਇਦ ਇਹ ਕੰਮ ਛੋਟੀਆਂ ਜਾਤਾਂ-ਪਾਤਾਂ ਵਾਲਿਆ ਦੇ ਲਈ ਹਨ। ਪਰ ਮੈਂਨੂੰ ਇੰਝ ਲੱਗਾ ਜਿਵੇਂ ਕਿ ਅਪਣੇ ਲੋਕਾਂ ਦੀ ਸੋਚ ਬੜੀ ਛੋਟੀ ਹੈ। ਪਰ ਮੈਂ ਇਸ ਕੰਮ ਤੋ ਬਹੁਤ ਕੁਝ ਸਿੱਖਿਆ ਤੇ ਹੁਣ ਮਾਣ ਨਾਲ ਕਹਿਣਾ ਵੀ ਮੈਂ ਸਫ਼ਾਈ ਦਾ ਕੰਮ ਕਰਦਾ ਸੀ, ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਗੱਲ ਸਾਰੀ ਸੋਚ ਤੇ ਆਣਕੇ ਮੁੱਕ ਜਾਦੀ ਹੈ। ਕੰਮ ਕਾਰ ਕੋਈ ਵੀ ਹੋਵੇ ਹਮੇਸ਼ਾ ਇਮਾਨਦਾਰੀ ਤੇ ਖੁਸ਼ੀ ਨਾਲ ਕਰੋ। ਕਈ ਵਾਰੀ ਦੇਖਦੇ ਹਾਂ ਕਈ ਬੰਦੇ ਛੋਟਾ-ਮੋਟਾ ਕੰਮ ਹੀ ਨਹੀਂ ਕਰਦੇ ਕਿਉਂ ਕਿ ਉਹਨਾਂ ਦੀ ਜਾਤ ਜਾਂ ਸੋਚ ਉਹ ਕੰਮ ਕਰਨ ਦੀ ਆਗਿਆ ਨਹੀਂ ਦਿੰਦੀ। ਲੋਕੀ ਕੀ ਸੋਚਣ ਗੇ। ਬੜੇ ਤਰਾਂ ਦੇ ਸਵਾਲ ਮਨ ਵਿੱਚ ਆਉਂਦੇ ਨੇ।

ਦੋਸਤੋ ਆਓ ਸਾਰੇ ਰਲ ਮਿਲ ਕੇ ਇਹੋ ਜਿਹੀ ਸੋਚ ਤੋਂ ਬਾਹਰ ਨਿਕਲੀਏ। ਅੱਜ ਲੋੜ ਹੈ ਸਾਨੂੰ ਸਭ ਨੂੰ ਅਪਣੀ ਸੋਚ ਬਦਲਣ ਦੀ। ਬਿਨਾਂ ਕਿਸੇ ਭੇਦ ਭਾਵ ਤੋ ਮਿਲਦਾ ਕੰਮ ਕਰੀਏ ਤੇ ਜਾਤਾਂ-ਪਾਤਾਂ ਵਾਲੇ ਝੁਮੇਲਿਆ ‘ਚੋਂ ਬਾਹਰ ਨਿੱਕਲ ਕੇ ਸਭ ਨੂੰ ਬਣਦਾ ਮਾਣ ਸਤਿਕਾਰ ਦਈਏ।

Tagged In
  • Comments
comments powered by Disqus