ਪੰਜਾਬ ਵਿੱਚ ਆਵਾਜਾਈ ਅਤੇ ਢੋਆ ਢੁਆਈ ਦੇ ਸਾਧਨ

ਪ੍ਰਾਚੀਨ ਪੰਜਾਬ ਦੇ ਲੋਕ ਵਧੇਰੇ ਕਰਕੇ ਪੈਦਲ ਚਲਦੇ ਸਨ। ਪਹਿਲਾਂ ਪਹਿਲ ਭਾਰ ਢੋਣ ਲਈ ਵੀ ਕੋਈ ਸਾਧਨ ਨਹੀਂ ਸੀ ਹੁੰਦਾ। ਆਪਣੀ ਸ਼ਕਤੀ ਅਨੁਸਾਰ ਲੋਕ ਖ਼ੁਦ ਹੀ ਮੋਢੇ ਉੱਤੇ ਭਾਰ ਚੁੱਕ ਲੈਂਦੇ ਸਨ। ਹੌਲੀ ਹੌਲੀ ਇਹ ਕੰਮ ਪਸ਼ੂਆਂ ਤੋਂ ਲਿਆ ਜਾਣ ਲੱਗ ਪਿਆ। ਫਿਰ ਲੱਕੜੀ ਦੇ ਗੱਡੇ ਗੱਡੀਆਂ ਬਣ ਗਏ। ਪਹੀਏ ਦੀ ਈਜ਼ਾਦ ਹੋਣ ਨਾਲ ਅਨੇਕਾਂ ਤਰ੍ਹਾਂ ਦੇ ਸਾਧਨ ਹੋਂਦ ਵਿੱਚ ਆ ਗਏ। ਟਰੈਕਟਰ, ਟਰੱਕ, ਬੱਸਾਂ, ਟੈੰਪੂ, ਰੇਲ ਗੱਡੀਆਂ, ਹਵਾਈ ਜਹਾਜ਼, ਸਭ ਮਨੁੱਖ ਦੀ ਸਭਿਆਚਾਰ ਪਹੁੰਚ ਦਾ ਫਲ ਹੈ। ਪਹਿਲਾਂ ਪਹਿਲ ਪੇਂਡੂ ਪੰਜਾਬੀਆਂ ਲਈ ਸਾਈਕਲ ਦਾ ਅਚੰਭਾਂ ਹੁੰਦਾ ਸੀ। ਅੱਜ ਕੱਲ੍ਹ ਸਕੂਟਰ, ਮੋਟਰ ਸਾਇਕਲ ਅਤੇ ਕਾਰਾਂ ਪਿੰਡਾਂ ਦੇ ਰੱਜਦੇ ਪੁੱਜਦੇ ਲੋਕ ਤੋਹਫ਼ੇ ਵਿੱਚ ਦੇ ਦਿੰਦੇ ਹਨ।

ਪੰਜਾਬੀ ਲੋਕਾਂ ਦੀ ਮਨਭਾਉਂਦੀ ਸਵਾਰੀ ਊਠ ਅਤੇ ਘੋੜਾ ਰਹੇ ਹਨ। ਜਦੋਂ ਪੰਜਾਬੀ ਗੱਭਰੂ, ਸ਼ਿੰਗਾਰੇ ਸਵਾਰੇ ਊਠ-ਘੋੜੇ ਲੈ ਕੇ ਬਰਾਤ ਚੜ੍ਹਦੇ ਸਨ ਤਾਂ ਰਸਤੇ ਦੇ ਪਿੰਡਾਂ ਦੀਆਂ ਕੁੜੀਆਂ ਚਿੜੀਆਂ ਲਈ ਮਨੋਰੰਜਨ ਦਾ ਵਸੀਲਾ ਬਣ ਜਾਂਦਾ ਸੀ। ਇੱਕ ਦੂਜੇ ਤੋਂ ਤੇਜ਼ ਸਵਾਰੀ ਦੁੜਾ ਕੇ ਜਿਸ ਪਿੰਡ ਢੁੱਕਣਾ ਹੁੰਦਾ ਸੀ, ਉਸ ਦੀ ਪਰਕਰਮਾ ਕੀਤੀ ਜਾਂਦੀ ਸੀ। ਇਸ ਰਿਵਾਜ਼ ਨੂੰ ਪਿੰਡ ਦਾ ਵਗਲਣਾ ਕਿਹਾ ਜਾਂਦਾ ਸੀ। ਚੰਗੇ ਅਮੀਰ ਲੋਕ, ਚੌਧਰੀ, ਲੰਬਰਦਾਰ, ਖੇਤ ਬੰਨੇ ਚੱਕਰ ਲਾਉਣ ਸਮੇਂ ਘੋੜੀ ਦੀ ਸਵਾਰੀ ਕਰਿਆ ਕਰਦੇ ਸਨ। ਸਵਾਰੀ ਵਾਲੇ ਜਾਨਵਰ ਮੁਕਾਬਲੇ ਵਿੱਚ ਰੱਖ ਕੇ ਦੌੜਾਂ ਕਰਾਉਣ ਦੀ ਰਵਾਇਤ ਵੀ ਪੰਜਾਬੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਰਹੀ ਹੈ। ਹਾਥੀ ਰਾਜੇ ਮਹਾਰਾਜੇ ਦੀ ਸਵਾਰੀ ਰਹੀ ਹੈ। ਜਾਂ ਕਿਸੇ ਦੀ ਸ਼ੋਭਾ ਕਰਨ ਲਈ ਹਾਥੀ ਉੱਤੇ ਸਵਾਰੀ ਕਰਾਈ ਜਾਂਦੀ ਸੀ।

ਪੰਜਾਬੀ ਲੋਕ-ਜੀਵਨ ਵਿੱਚ ਊਠ ਜਿਸ ਨੂੰ ਮਲਵਈ ਸ਼ਬਦਾਂ ਵਿੱਚ ਬੋਤਾ ਕਿਹਾ ਜਾਂਦਾ ਹੈ, ਵਧੇਰੇ ਲੱਕਪ੍ਰ੍ਯਿ ਸਵਾਰੀ ਰਹੀ ਹੈ। ਸੱਜ-ਵਿਆਹੀ ਮੁਟਿਆਰ ਨੂੰ ਜਦੋਂ ਪੰਜਾਬੀ ਗੱਭਰੂ ਲੈਣ ਜਾਂਦਾ ਸੀ ਤਾਂ ਉਸ ਦੇ ਕੰਠੇ ਦੀ ਲਿਸ਼ਕ ਦੂਰੋਂ ਪਛਾਣ ਕੇ ਕੁੜੀ ਮਾਂ ਨੂੰ ਉਲਾਂਭਾ ਦਿੰਦੀ ਸੀ,

ਕੈਂਠੇ ਵਾਲਾ ਆ ਗਿਆ ਪ੍ਰਾਹੁਣਾ
ਮਾਏ ਤੇਰੇ ਕੰਮ ਨਾ ਮੁੱਕੇ।

ਫੇਰ ਉਹੀ ਗੱਭਰੂ ਉਸ ਸਜੀ-ਫਬੀ ਪੁਟਿਆਰ ਨੂੰ ਆਪਣੇ ਬੋਤੇ ਉੱਤੇ ਪਿਛਲੇ ਆਸਣ ਉੱਤੇ ਬਿਠਾ, ਬੋਤੇ ਨੂੰ ਸ਼ਿੰਗਾਰ ਕੇ ਵਾਪਸ ਮੁੜਦਾ ਹਰ ਮਿਲਣ ਵਾਲੇ ਦਾ ਧਿਆਨ ਖਿੱਚਦਾ। ਕੁਝ ਬੋਤੇ ਦਾ ਸ਼ਿੰਗਾਰ, ਕੁਝ ਗੱਭਰੂ-ਵਹੁਟੀ ਦਾ ਸ਼ਿੰਗਾਰ ਤੁਰੇ ਜਾਂਦੇ ਇੱਕ ਅਲਬੇਲਾ ਤਾਲ ਪੈਦਾ ਕਰਦੇ। ਸੰਗਦੀ ਸ਼ਰਮਾਉਂਦੀ ਮੁਟਿਆਰ ਆਪਣੇ ਗੱਭਰੂ ਨਾਲ ਲਿਪਟਦੀ ਵਾਰ ਵਾਰ ਤਰਲਾ ਕਰਦੀ ਹੈ।

ਬੋਤਾ ਹੌਲੀ ਤੋਰ ਮਿੱਤਰਾ,
ਵੇ ਮੇਰਾ ਨਰਮ ਕਾਲਜਾ ਧੜਕੇ।

ਪੰਜਾਬੀ ਗੱਭਰੂ ਦੀ ਬੋਤੇ ਵਿੱਚ ਏਨੀ ਦਿਲਚਸਪੀ ਵੇਖ ਕੇ ਕਈ ਵਾਰ ਪੰਜਾਬੀ ਮੁਟਿਆਰ ਸੋਚਦੀ ਹੈ,

ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ
ਚਿੱਤ ਕਰੇ ਮੇਰਾ ਹਾਣੀਆਂ।

ਜਦੋਂ ਪੁਰਾਣੇ ਜ਼ਮਾਨੇ ਵਿੱਚ ਕੁੜੀ ਕਿਧਰੇ ਦੂਰ ਦੁਰਾਡੇ ਵਿਆਹੀ ਜਾਂਦੀ ਸੀ ਤਾਂ ਉਸ ਨੂੰ ਉਮੀਦ ਹੁੰਦੀ ਸੀ ਕਿ ਕਦੇ ਨਾ ਕਦੇ ਅੰਮੀਂ ਜਾਇਆ ਮਿਲਣ ਲਈ ਆਵੇਗਾ। ਜਦੋਂ ਲੱਖਾਂ ਦੁਆਵਾਂ ਤੇ ਅੋਸੀਆਂ ਮਗਰੋਂ ਕਿਧਰੇ ਭਰਾ ਦਾ ਫੇਰਾ ਲਗਦਾ ਤਾਂ ਭੈਣ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹਿੰਦੀ।

ਜਦੋਂ ਭੈਣ ਬੂਹੇ ਉੱਤੇ ਵੀਰ ਦਾ ਬਾਗੜੀ ਬੋਤਾ ਵੇਖਦੀ ਤਾਂ ਉਸ ਨੂੰ ਚਿਰੀ ਵਿਛੁੱਨੇ ਵੀਰਨ ਦੇ ਮਿਲਣ ਦੀ ਖੁਸ਼ੀ ਨਾਲੋ ਉਸ ਦੇ ਬੋਤੇ ਦੀ ਸੰਭਾਲ ਤੇ ਆਊ ਭਗਤ ਦੀ ਵਧੇਰੇ ਚਿੰਤਾ ਹੁੰਦੀ ਸੀ।

ਬੋਤਾ ਬੰਨ੍ਹ ਦੇ ਸਰਵਣਾ ਵੀਚਾ
ਮੁੰਨੀਆਂ ਰੰਗੀਲ ਗੱਡੀਆਂ।

ਪਰੰਤੂ, ਵੀਰ ਨੂੰ ਭੈਣ ਦੇ ਸਨੇਹ ਨਾਲੋਂ ਬੋਤਾ ਵਧੇਰੇ ਪਿਆਰਾ ਨਹੀਂ ਲੱਗਦਾ। ਉਹ ਬੋਤੇ ਨੂੰ ਖੁੱਲ੍ਹੇ ਛੱਡ, ਧਾਹ ਕੇ ਭੈਣ ਦੇ ਗਲ ਲਗਦਾ, ਉਸ ਦੇ ਸਿਰ 'ਤੇ ਪਿਆਰ ਦਿੰਦਾ ਹੈ।

ਪੁਰਾਣੇ ਸਮੇਂ ਦੇ ਪੰਜਾਬ ਦੀ ਸਵਾਰੀ ਉਸ ਸਮੇਂ ਦੇ ਲੋਕਾਂ ਦੀਆਂ ਰੁਚੀਆਂ ਅਤੇ ਖਾਧ ਖ਼ੁਰਾਕਾਂ ਨਾਲ ਸੰਬੰਧ ਰਖਦੀ ਸੀ। ਅਜੋਕੇ ਮਸ਼ੀਨੀ ਯੁੱਗ ਵਿੱਚ ਲੋਕਾਂ ਨੂੰ ਜਾਨਵਰਾਂ ਦੀ ਸਵਾਰੀ ਦਾ ਸ਼ੌਂਕ ਨਹੀਂ ਰਿਹਾ ਹੈ। ਅਜੋਕੇ ਯੁੱਗ ਵਿੱਚ ਤੇਜ਼ ਰਫ਼ਤਾਰ ਸਵਾਰੀ ਹੀ ਵਧੇਰੇ ਪਸੰਦ ਕੀਤੀ ਜਾਂਦੀ ਹੈ। ਹਰ ਰੋਜ਼ ਸੈਂਕੜੇ ਮੌਤਾਂ ਦਾ ਕਾਰਨ ਵੀ ਇਹੋ ਤੇਜ਼ ਰਫ਼ਤਾਰ ਸਵਾਰੀ ਹੀ ਹੈ।

Source:

ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਲੋਕਾਂ ਦਾ ਰਹਿਣ-ਸਹਿਣ (ਡਾ. ਮਨਦੀਪ ਕੌਰ)

Tagged In
  • Comments
comments powered by Disqus