ਪੰਜਾਬ ਦੇ ਲੋਕਾਂ ਦਾ ਆਰਥਿਕ ਜੀਵਨ

ਭਾਵੇਂ ਪੰਜਾਬ ਵਿੱਚ ਨਹਿਰਾਂ ਸੂਏ, ਖੂਹ, ਟਿਊਬਵੈੱਲ, ਆਦਿ ਸਿੰਜਾਈ ਦੇ ਅਨੇਕਾਂ ਵਸੀਲੇ ਹਨ ਪਰੰਤੂ ਪੰਜਾਬ ਦੀ ਧਰਤੀ ਭੁੱਖ ਕੇਵਲ ਮੀਂਹ ਨਾਲ ਹੀ ਜਾਂਦੀ ਹੈ। ਧਰਤੀ ਘੂੰਗਟਾ ਓੜ ਤਰਲੇ ਰਹੀ, ਵਰਸ ਕਦੇ ਤਾਂ ਬੱਦਲਾ, ਵੇ ਮੈਂ ਮਰ ਰਹੀ ਦੇ ਅਖਾਣ ਅਨੁਸਾਰ ਧਰਤੀ ਦੀ ਤ੍ਰਿਪਤੀ ਕੇਵਲ ਸਾਉਣ ਦੇ ਮਹੀਨੇ ਹੀ ਹੁੰਦੀ ਹੈ। ਉਸ ਸਮੇਂ ਜ਼ਮੀਨ ਵਿੱਚ ਬੀਜੀ ਹਰ ਸ਼ੈਅ ਉੱਗ ਸਕਦੀ ਹੈ। ਜਿਹੜੇ ਘਰ ਵਿੱਚ ਬੀਜਣ ਲਈ ਕੁਝ ਹੋਵੇ, ਤੇ ਸਾਧਨਾ ਵਿਹੁਣਾ ਹੋਵੇ ਉਸ ਲਈ ਸਾਵਣ ਦੀ ਖੁਸ਼ਹਾਲੀ ਨਿਰਾਸ਼ਾ ਵਿੱਚ ਬਦਲ ਜਾਂਦੀ ਹੈ।

ਸਖੀਓ ਸਾਵਣ ਗਰਜਿਆ, ਮੇਰਾ ਥਰ ਕੰਬਿਆ ਜੀ,
ਉਸ ਨੂੰ ਸਾਵਣ ਕੀ ਕਰੇ ਜਿਸ ਘਰ ਬੈਨ ਨਾ ਬੀ।

ਕਈ ਵਾਰੀ ਵਧੇਰੇ ਵਰਖਾ ਫਸਲਾਂ ਦਾ ਨੁਕਸਾਨ ਕਰ ਦਿੰਦੀ ਹੈ। ਹੜ੍ਹਾਂ ਦੇ ਮਾਰੇ ਲੋਕਾਂ ਲਈ ਵਰਖਾ ਵਰ ਦੀ ਬਜਾਏ ਸਰਾਪ ਬਣ ਜਾਂਦੀ ਹੈ। ਅਜਿਹੀ ਹਾਲਤ ਵਿੱਚ ਜਦੋਂ ਮੁੜ ਮੁੜ ਅਸਮਾਨ ਤੇ ਬੱਦਲ ਛਾਈ ਜਾਂਦੇ ਹਨ ਤਾਂ ਸਿਆਣਾ ਕਿਰਸਾਣ ਇਸ ਨੂੰ ਹਾਨਿਕਾਰਕ ਮੰਨਦਾ ਹੈ। ਅਜਿਹੇ ਵਕਤ ਉਸ ਦੀ ਸੋਚਣੀ ਜੀਵਣ ਸੱਚ ਦੇ ਕਿੰਨਾ ਨਜ਼ਦੀਕ ਹੁੰਦੀ ਹੈ।

ਅਤਿ ਭਲਾ ਨਾ ਮੇਘਲਾ, ਅਤਿ ਭਲੀ ਨਾ ਧੁੱਪ
ਅਤਿ ਭਲਾ ਨਾ ਬੋਲਣਾ, ਅਤਿ ਭਲੀ ਨਾ ਚੁੱਪ।

ਸਾਉਣ ਭਾਦੋਂ ਦੇ ਮਹੀਨੇ ਵਰਖਾ ਕਾਰਨ ਫਸਲਾਂ ਵਿੱਚ ਘਾਹ-ਪੱਠਾ ਵਧੇਰੇ ਹੁੰਦਾ ਹੈ। ਫਸਲ ਦੀ ਸੰਭਾਲ ਲਈ ਉਸ ਵਿੱਚ ਗੋਡੀ ਕਰਨੀ ਜ਼ਰੂਰੀ ਹੁੰਦੀ ਹੈ। ਗਾਂਵਾਂ, ਮੱਝਾੰ, ਲਵੇਰੀਆਂ ਲਈ ਵਾਰੇ-ਪੱਠੇ ਦਾ ਪ੍ਰਬੰਧ ਕਰਨਾ ਹੁੰਦਾ ਹੈ। ਇਸ ਲਈ ਇਸ ਮਹੀਨੇ ਕਿਰਸਾਣ ਅਤੇ ਪਸ਼ੂਆਂ ਦੇ ਵਾਗੀ ਵਾਂਢੇ ਫਿਰਨਾ ਚੰਗਾ ਨਹੀਂ ਹੁੰਦਾ। ਜਿਹੜਾ ਇਸ ਤਰ੍ਹਾਂ ਕਰਦਾ ਹੈ ਘਰ ਨਹੀਂ ਵਸਾ ਸਕਦਾ।

ਕਈ ਵਾਰ ਥੌੜ੍ਹੇ ਸਾਧਨਾਂ ਵਾਲੇ ਦੋ ਕਿਸਾਨ ਮਿਲ ਕੇ ਸਾਂਝੀ ਖੇਤੀ ਦਾ ਧੰਦਾ ਅਪਣਾ ਲੈਂਦੇ ਹਨ। ਇਹ ਤਰੀਕਾ ਜੇ ਰਾਸ ਆ ਜਾਵੇ ਤਾਂ ਚੰਗਾ ਹੈ ਨਹੀਂ ਤਾਂ ਸਾਲ ਭਰ ਧੂ-ਘੜੀਸਾ ਹੀ ਚਲਦਾ ਹੈ। ਇਸ ਤਰ੍ਹਾਂ ਦੀ ਸਾਂਝ ਤੋਂ ਅੱਕਿਆ ਬੰਦਾ ਅਕਸਰ ਇਹੀ ਨਤੀਜਾ ਕੱਢਦਾ ਹੈ,

ਰੰਨ ਕਪੱਤੀ, ਉਮਰ ਖਰਾਬ,
ਸਾਂਝ ਕਪੱਤਾ, ਸਾਲ ਖਰਾਬ।

ਖੇਤੀਬਾੜੀ ਦਾ ਧੰਦਾ ਮਿੱਟੀ ਨਾਲ ਮਿੱਟੀ ਹੋ ਕੇ ਕਰਨਾ ਪੈਂਦਾ ਹੈ ਵਕਤ ਸਿਰ ਗੋਡੀ ਕਰਨੀ, ਵਾਹੀ ਕਰਨੀ, ਹਰ ਵੱਤਰ ਨੂੰ ਸੰਭਾਲਣ ਨਾਲ ਹੀ ਕੁਝ ਪੱਲੇ ਪੈਂਦਾ ਹੈ। ਕਣਕ, ਮੱਕੀ, ਕਮਾਦ ਆਦਿ ਫਸਲਾਂ ਨੂੰ ਉਚੇਚੇ ਤੌਰ ਤੇ ਤਿਆਰ ਕਰਨਾ ਹੁੰਦਾ ਹੈ। ਜ਼ਮੀਨ ਦਾ ਘਾਹ ਖਤਮ ਕਰਨ ਲਈ ਹਾੜ੍ਹ ਵਿੱਚ ਜ਼ਮੀਨ ਨੂੰ ਵਹਾਉਣਾ ਲਾਜ਼ਮੀ ਹੁੰਦਾ ਹੈ। ਇਸ ਦੇ ਨਾਲ ਹੀ ਸਿਆਣੇ ਰੂੜੀ ਦੀ ਮਹੱਤਾ ਦੱਸ ਗਏ ਹਨ,

ਕਣਕ, ਕਮਾਦੀ, ਛੱਲੀਆਂ, ਹੋਰ ਜੋ ਖੇਤੀ ਕੁਲ।
ਰੂੜੀ ਬਾਝ ਨਾ ਹੁੰਦੀਆਂ, ਤੂੰ ਨਾ ਜਾਈ ਭੁੱਲ।

ਕਿਹੜੀ ਫਸਲ ਕਿਸ ਸਮੇਂ, ਕਿਸ ਤਰ੍ਹਾਂ ਦੀ ਜ਼ਮੀਨ ਵਿੱਚ ਕਿਸ ਤਰ੍ਹਾਂ ਬੀਜੀ ਜਾਣੀ ਹੈ, ਇਹ ਕੇਵਲ ਉਹ ਹੀ ਜਾਣ ਸਕਦਾ ਹੈ ਜਿਸ ਬੰਦੇ ਦਾ ਇਸ ਕੰਮ ਨਾਲ ਵਾਹ ਪਿਆ ਹੋਵੇ। ਇਸ ਗੱਲੋਂ ਪੰਜਾਬੀ ਕਿਸਾਨ ਨੇ ਕੁਝ ਮਿਆਰ ਨਿਸ਼ਚਿਤ ਕਰ ਰੱਖੇ ਹਨ,

ਤਿਲ ਵਿਰਲੇ ਜੌਂ ਸੰਘਣੇ, ਵਿੱਥੋ ਵਿਥ ਕਪਾਹ।
ਲੇਫ ਦੀ ਬੁੱਕਲ ਮਾਰ ਕੇ, ਮੱਕੀ ਵਿਚ ਦੀ ਜਾਹ।

ਜੇ ਇਸ ਤੋਂ ਉਲਟ ਹਾਲਤਾਂ ਵਿੱਚ ਕੁਝ ਵਾਪਰ ਜਾਵੇ, ਫਸਲ ਬੀਜਣ ਸਮੇਂ ਬੀਜ ਦਾ ਹਿਸਾਬ ਕਿਤਾਬ ਅੱਗੇ ਪਿੱਛੇ ਹੋ ਜਾਵੇ, ਮੱਝਾਂ ਕੱਟੇ ਦੇਣ ਤਾਂ ਹਾਲਤ ਮਾੜੀ ਬਣ ਜਾਂਦੀ ਹੈ ਅਤੇ ਘਰ ਚੌੜ ਚਪੱਟ ਹੋ ਜਾਂਦਾ ਹੈ।

ਕਣਕ ਪਤਲੀ, ਤਿਲ ਸੰਘਣੇ, ਖੂਹ ਪੁਰਾਣੀ ਲੱਠ
ਮੁੱਢ ਪਵਾਏ ਖੇਤਰੀ, ਚਾਰੇ ਚੌੜ ਰਪੱਟ?

ਸੱਚ ਜਾਣੀਏ ਤਾਂ ਕਿਰਸਾਣ ਦੀ ਹਾਲਤ ਤਾਂ ਚੌੜ-ਚਪੱਟ ਹੀ ਰਹੀ ਹੈ, ਜਿਸ ਦਾ ਸਿੱਟਾ ਇਹ ਹੋਇਆ ਕਿ ਜਿਉਂ ਜਿਉਂ ਸਮਾਂ ਬੀਤਦਾ ਜਾ ਰਿਹਾ ਹੈ, ਖੇਤੀ ਦਾ ਧੰਦਾ ਵੀ ਬਦਲ ਰਿਹਾ ਹੈ। ਜੰਨ ਸੰਖਿਆ ਵਧਣ ਨਾਲ ਪ੍ਰਤੀ ਵਿਅਕਤੀ ਜ਼ਮੀਨ ਦਾ ਹਿੱਸਾ ਘਟਦਾ ਜਾ ਰਿਹਾ ਹੈ। ਸਾਧਨ ਹੀਣ ਅਤੇ ਘੱਟ ਸਾਧਨ ਵਾਲੇ ਲੋਕ ਖੇਤੀ ਵਿੱਚੋਂ ਜੀਵਨ ਨਿਰਬਾਹ ਕਰਨ ਦੇ ਅਸਮਰੱਥ ਹੁੰਦੇ ਜਾ ਰਹੇ ਹਨ, ਜਿਸ ਦੇ ਫਲਸਰੂਪ ਅੱਜ-ਕੱਲ੍ਹ ਨੋਕਰੀ ਪੇਸ਼ੇ ਵਿੱਚ ਵਧੇਰੇ ਦਿਲਚਸਪੀ ਬਣ ਰਹੀ ਹੈ।

ਖੇਤੀਬਾੜੀ ਕਿਉਂਕਿ ਮੌਸਮੀ ਧੰਦਾ ਰਿਹਾ ਹੈ, ਇਸ ਲਈ ਵਿਹਲੇ ਸਮੇਂ ਵਿਚ ਲੋਕ ਕੁਝ ਘਰੇਲੂ ਕੰਮਕਾਜ ਵਿੱਚ ਰੁੱਝੇ ਰਹਿੰਦੇ ਹਨ। ਇਸ ਸਮੇਂ ਵਾਣ ਕੱਟਣਾ, ਸੂਤ ਅਟੇਰਨਾ, ਪਟੀਆਂ ਉੜਨੀਆਂ ਜਾਂ ਅਗਲੀ ਫਸਲ ਲਈ ਬੀਜ ਤਿਆਰ ਕਰਨੇ ਉਨ੍ਹਾਂ ਲਈ ਪ੍ਰਮੁੱਖ ਕੰਮ ਹੁੰਦੇ ਹਨ। ਘਰ ਦੀਆਂ ਔਰਤਾਂ ਲਈ ਦਰੀਆਂ, ਖੇਸ ਬੁਣਨੇ, ਨਾਲੇ ਨਵਾਰ ਬੁਣਨਾ, ਕੱਪੜੇ ਸਿਉਣੇ, ਬਾਲਣ ਲਈ ਗੋਹਾ ਪੱਥਣਾ, ਭੋਜਨ ਤਿਆਰ ਕਰਨਾ, ਕੱਚੇ ਘਰਾਂ ਨੂੰ ਲਿੱਪਣਾ ਪੋਚਣਾ, ਚੱਕੀ, ਚਰਖਾ ਤੇ ਉਖਲੀ ਨਾਲ ਸੰਬੰਧਤ ਅਨੇਕਾਂ ਧੰਦੇ ਹੁੰਦੇ ਸਨ। ਪਰ ਅੱਜ ਕੱਲ੍ਹ ਇਹ ਸਾਰਾ ਕੁਝ ਮਸ਼ੀਨਾਂ ਕਰ ਲੈਂਦੀਆਂ ਹਨ। ਔਰਤ ਵਿਹਲੀ ਹੈ। ਇਸੇ ਲਈ ਉਸ ਦੀ ਜਿੰਦਗੀ ਵਿੱਚ ਵਧੇਰੇ ਨਿਰਾਸਤਾ ਹੈ।

ਪਿੰਡ ਦੀਆਂ ਜਿਹੜੀਆਂ ਜਾਤੀਆਂ ਕਾਸ਼ਤਕਾਰ ਨਹੀਂ ਹਨ, ਉਨ੍ਹਾਂ ਲਈ ਹੋਰ ਵਧੇਰੇ ਧੰਦੇ ਹੁੰਦੇ ਹਨ। ਲੁਹਾਰ ਜੱਟਾ ਲਈ ਹਲਾਂ ਦੇ ਫਾਲੇ, ਦਾਤਰੀਆਂ, ਰੰਬੇ ਤਿਆਰ ਕਰਦਾ ਹੈ। ਘੁਮਿਆਰ ਪਾਣੀ ਲਈ ਘੜੇ ਬਣਾਉਂਦੇ ਹਨ। ਹਨੇਰੇ ਘਰਾਂ ਲਈ ਠੂਠੀਆਂ ਚੂੰਗੜੇ ਤਿਆਰ ਕਰਦੇ ਹਨ ਤੇ ਗਧਿਆਂ ਨਾਲ ਭਾਰ ਢੋਣ ਦਾ ਧੰਦਾ ਕਰਦੇ ਹਨ। ਤਰਖਾਣ ਮਕਾਨ ਉਸਾਰਨ, ਮੰਜੇ ਮੰਜੀਆਂ ਬਣਾਉਣ ਵਰਗੇ ਕੰਮਕਾਜ ਕਰਦੇ ਹਨ। ਤੇਲੀ ਤੇਲ ਕੱਢਦਾ ਹੈ। ਜੁਲਾਹੇ ਕੱਪੜਾ ਬੁਣਦੇ ਹਨ। ਇਨ੍ਹਾਂ ਕੰਮਾਂ ਬਦਲੇ ਇਨ੍ਹਾਂ ਨੂੰ ਬੱਝਵੀੰ ਜਿਨਸ ਮਿਲਦੀ ਹੈ। ਜੇ ਫਸਲ ਚੰਗੀ ਲੱਗੇ ਤਾਂ ਪੰਜ ਪਸੇਰੀਆਂ। ਇਹ, ਪਿੰਡ ਦੇ ਲਾਗੀ ਹਮੇਸ਼ਾਂ ਇਹੋ ਦੁਆ ਕਰਦੇ ਰਹੇ ਹਨ, ਰੱਬਾ ਸਮਾਂ ਲੱਗੇ, ਘਰ ਘਰ ਅੰਨ ਦੇ ਬੋਹਲ ਡਿੱਗਣ। ਹਰ ਕਿਸੇ ਨੂੰ ਸਮਾਂ ਲੱਗੇ ਦਾ ਹੀ ਭਾਅ ਹੈ। ਇਸ ਸਰਬੱਤ ਦੇ ਭਲੇ ਦਾ ਫਲਸਫਾ ਪੰਜਾਬੀ ਲੋਕਾਂ ਨੂੰ ਬਾਬੇ ਨਾਨਕ ਦੀ ਦੇਣ ਹੈ।

Source:

ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਲੋਕਾਂ ਦਾ ਰਹਿਣ-ਸਹਿਣ (ਡਾ. ਮਨਦੀਪ ਕੌਰ)

Tagged In
  • Comments
comments powered by Disqus