ਦੁਨੀਆ ਵਿੱਚ ਸਭ ਤੋਂ ਮਹਾਨ, ਇਹ ਮਾਵਾਂ

UNICEF Ukraine | Flickr

ਆਪਣੇ ਮੁੰਹ ‘ਚੋਂ ਕੱਢ ਕੇ ਆਪਣੇ ਬੱਚੇ ਨੂੰ ਖਵਾੳਣ ਵਾਲੀ ਮਾਂ ਇਸ ਸੰਸਾਰ ਵਿੱਚ ਪੂਰਨ ਮਨੁੱਖ ਹੈ ਮੇਰੇ ਲਈ| ਭੇਦਭਾਵ, ਨਫ਼ਰਤ ਤੋਂ ਰਹਿਤ ਮਾਂ ਸਾਰਾ ਜੀਵਨ ਆਪਣੇ ਬੱਚਿਆਂ ਲਈ ਲਾ ਦਿੰਦੀ ਹੈ, ਕੁਝ ਮਾਵਾਂ ਇੰਨੀਆਂ ਮਹਾਨ ਹਨ ਕਿ ਉਹਨਾਂ ਨੂੰ ਸਾਰੀ ਦੁਨੀਆ ਦੇ ਬੱਚੇ ਆਪਣੇ ਬੱਚੇ ਲੱਗਦੇ ਹਨ, ਉਹ ਚਾਹੇ ਇਨਸਾਨ ਦੇ ਬੱਚੇ ਹੋਣ ਚਾਹੇ ਜਾਨਵਰ ਜਾਂ ਪੰਛੀ ਦੇ| ਖੁਦ ਦੇ ਚਾਅ, ਖੁਦ ਦੀਆਂ ਖੁਸ਼ੀਆਂ ਦੀ ਪਰਵਾਹ ਨਾ ਕਰਦੇ ਹੋਏ ਮਾਂ ਆਪਣੇ ਬੱਚੇ ਦੀ ਖੁਸ਼ੀ ਲਈ ਹਰ ਚੀਜ਼ ਦਾਅ ਤੇ ਲਾ ਦਿੰਦੀ ਹੈ ਉਹ ਭਾਵੇਂ ਜਿੰਦਗੀ ਹੀ ਕਿੳਂ ਨਾ ਹੋਵੇ|

ਮੇਰੇ ਸਕੂਲ ਦੀਆਂ ਫੀਸਾਂ ਭਰਨ ਲਈ ਮਾਂ ਨੇ ਇੱਕ-ਇੱਕ ਕਰ ਆਪਣੇ ਸਾਰੇ ਗਹਿਣੇ ਵੇਚ ਦਿੱਤੇ ਸੀ ਖੁਸ਼ੀ-ਖੁਸ਼ੀ, ਅਤੇ ਮੇਰੀ ਹਰ ਖੁਸ਼ੀ ਪੂਰੀ ਕਰਦੀ ਰਹਿੰਦੀ ਸੀ ਕਿੳਂ ਕਿ ਉਹ ਵੀ ਇੱਕ ਮਾਂ ਸੀ| ਮੇਰੀ ਨਾਨੀ ਦੇ ਦੱਸਣ ‘ਚ ਆਇਆ ਕਿ ਆਪਣੇ ਆਖਰੀ ਸਮੇਂ ਵਿੱਚ ਵੀ ਉਹ ਬਾਰ-ਬਾਰ ਇਹੀ ਕਿਹਾ ਕਰਦੀ ਸੀ ਮੇਰੇ ਪੁੱਤ ਦਾ ਖਿਆਲ ਰੱਖਿੳ, ਉਹ ਕੱਲਾ ਨਾ ਰਹਿ ਜਾਵੇ|

ਮਾਂ ਦੇ ਅੰਦਰ ਆਪਣੇ ਬੱਚੇ ਲਈ ਹਮੇਸ਼ਾ ਪਿਆਰ ਟਿਕਿਆ ਰਹਿੰਦਾ ਹੈ ਮਾਂ ਭਾਵੇਂ ਕਿਸੇ ਵੀ ਹਾਲਤ ਵਿੱਚ ਹੋਵੇ| ਹਰ ਇੱਕ ਚੀਜ਼ ਜੋ ਬਚਪਨ ਵਿੱਚ ਮੈਂ ਲੈਣ ਦੀ ਜਿਦ ਕਰਦਾ ਉਹ ਬਾਪੂ ਨਾਲ ਲੜ ਕੇ ਵੀ ਮੇਰੇੇ ਲਈ ਉਪਲਬਦ ਕਰਵਾ ਦਿੰਦੀ ਸੀ| ਜੇ ਲਿਖਣਾ ਚਾਹੀਏ ਮਾਂ ਲਈ ਹਰ ਸਬਦ ਹੀ ਛੋਟਾ ਹੈ| ਮਾਂ ਵਿੱਚੋਂ ਹੀ ਸਾਰੀ ਦੁਨੀਆ ਦੇ ਜੀਵ ਉਪਜੇ ਹਨ ਤੇ ਉਪਜ ਰਹੇ ਹਨ| ਮਾਂ ਨਾ ਹੁੰਦੀ ਤਾਂ ਆਪਾਂ ਨੇ ਨਹੀਂ ਹੋਣਾ ਸੀ|

ਸਿਰਫ ਇੱਕ ਦਿਨ ਹੀ ਨਹੀਂ ਮਾਵਾਂ ਦੇ ਨਾਮ ਹਰ ਦਿਨ ਲਾੳਣਾ ਚਾਹੀਦਾ ਹੈ| ਸਿਰਫ ਫੇਸਬੁਕ ਤੇ ਹੀ ਨਹੀਂ ਇਹ ਪਿਆਰ ਅਸਲੀ ਜਿੰਦਗੀ ਵਿੱਚ ਵੀ ਦਿਖਾੳਣਾ ਚਾਹੀਦਾ ਹੈ| ਹਰ ਰਿਸਤਾ ਟੁੱਟ ਸਕਦਾ ਹੈ ਪਰ ਮਾਂ ਬੱਚੇ ਦਾ ਰਿਸਤਾ ਹਮੇਸ਼ਾ ਕਾਇਮ ਰਹਿੰਦਾ ਹੈ ਮਾਂ ਵੱਲੋਂ, ਪੁੱਤ ਧੀਆਂ ਭਾਵੇਂ ਮਾਂ ਤੋਂ ਵੱਖ ਹੋ ਜਾਣ ਪਰ ਮਾਂ ਦਾ ਦਿਲ ਹਮੇਸ਼ਾ ਬੱਚੇ ਲਈ ਤੜਪਦਾ ਰਹਿੰਦਾ ਹੈ| ਆੳ ਮਾਵਾਂ ਨੂੰ ਉਹਨਾਂ ਦਾ ਪਿਆਰ ਦੇਈਏ ਅਤੇ ਉਹਨਾਂ ਦੀ ਇਹਮੀਅਤ ਜਾਣਿਏ|

ਘਰ ਦੀ ਗਰੀਬੀ ਤੋਂ ਡਰਦੀ ਮਾਂ
ਅਕਸਰ ਮੈਨੂੰ ਸੁਲਾ ਦਿੰਦੀ ਸੀ
ਕਿਤੇ ਫਿਰ ਤੋਂ ਗਲੀ ਵਿੱਚ
ਖਿਡੌਣੇ ਵੇਚਣ ਵਾਲਾ ਨਾ ਆ ਜਾਵੇ
ਬਣਾ ਕੇ ਆਟੇ ਦੀ ਚਿੜੀ ਤੇ ਕਾਂ
ਖੇਡਣ ਲਾ ਦਿੰਦੀ ਸੀ ਤਾਂ ਕਿ
ਕੋਈ ਮਹਿੰਘਾ ਖਿਡੌਣਾ
ਨੰਨੀਆਂ ਅੱਖਾਂ ‘ਚ ਆਪਣੀ
ਪਹਿਚਾਣ ਨਾ ਬਣਾ ਜਾਵੇ

ਕੱਟ ਕੇ ਆਪਣੇ ਕਮੀਜ਼ ਦਾ ਕਪੜਾ
ਬਣਾ ਦਿੰਦੀ ਸੀ ਮੇਰੀਆਂ ਵਰਦੀਆਂ
ਤੇ ਬਾਰ ਬਾਰ ਮੇਰਾ ਸੋਹਣਾ ਪੁੱਤ
ਕਹਿ ਕੇ ਪਿਆਰ ਦਿੰਦੀ ਸੀ
ਤੇ ਇਹ ਕਹਿ ਕੇ ਘਰ ਦੀ
ਗਰੀਬੀ ਲੁਕੋ ਲੈਂਦੀ ਸੀ
ਪੁੱਤ ਸੋਹਣੇ ਕੱਪੜੇ ਵਾਲੇ ਜੁਆਕਾਂ ਨੂੰ
ਚੱਕ ਲੈ ਜਾਂਦੇ ਚੋਰ…
ਅੱਜ ਮਾਂ ਦੇ ਵਿਛੋੜੇ ਬਾਅਦ
ਮੈਂ ਸੋਚਦਾ ਹਾਂ ਕਿ
ਕਿੰਝ ਲੁਕੋ ਲੈਂਦੀ ਸੀ
ਮੇਰੀ ਮਾਂ…
ਬੁੱਕਲ 'ਚ ਮੈਨੂੰ ਤੇ
ਘਰ ਦੀ ਗਰੀਬੀ ਨੂੰ…

Tagged In
  • Comments
comments powered by Disqus