ਅੱਧੀ-ਅਧੂਰੀ ਜਾਣਕਾਰੀ ਜਿਆਦਾ ਖਤਰਨਾਕ ਹੁੰਦੀ ਹੈ

ਇਸ ਟੋਪਿਕ ਦੇ ਨਾਲ ਮਿਲਦੀ ਜੁਲਦੀ ਗੱਲ ਆਪਾਂ ਕੱਲ੍ਹ ਹੀ ਪਾਈ ਸੀ.

ਇੱਕ ਵਾਰ ਕੈਲੇ ਜੱਟ ਦੀ ਮੱਝ ਮੋਕ ਲੱਗਣ ਕਾਰਨ ਬੀਮਾਰ ਹੋ ਗਈ| ਕਾਫੀ ਓਹੜ-ਪੋਹੜ ਕਰਨ ਦੇ ਬਾਵਜੂਦ ਠੀਕ ਨਾ ਹੋਈ| ਅਚਾਨਕ ਉਸਨੂੰ ਯਾਦ ਆਇਆ ਕਿ ਪਿਛਲੇ ਸਾਲ ਜੈਲੇ ਦੀ ਮਝ ਵੀ ਮੋਕ ਲੱਗਣ ਕਾਰਨ ਬੀਮਾਰ ਹੋ ਗਈ ਸੀ| ਉਹ ਭੱਜਿਆ-ਭੱਜਿਆ ਜੈਲੇ ਕੋਲ ਗਿਆ|

ਕੈਲਾ: ਜਰਨੈਲ ਸਿਆਂ, ਪਿਛਲੇ ਸਾਲ ਤੇਰੀ ਮੱਝ ਨੂੰ ਮੋਕ ਲੱਗ ਗਈ ਸੀ?
ਜੈਲਾ: ਹਾਂ ਲੱਗ ਗਈ ਸੀ|
ਕੈਲਾ: ਤਾਂ ਫਿਰ ਤੂੰ ਉਸਨੂੰ ਕੀ ਦਿੱਤਾ ਸੀ|
ਜੈਲਾ: ਮੈਂ ਤਾਂ ਨੀਲਾ ਥੋਥਾ ਦਿੱਤਾ ਸੀ|

ਜਵਾਬ ਸੁਣ ਕੇ ਕੈਲਾ ਤੁਰੰਤ ਦੁਕਾਨ ਤੋਂ ਨੀਲਾ ਥੋਥਾ ਲੈ ਘਰ ਪੁੱਜਾ ਅਤੇ ਮੱਝ ਨੂੰ ਦੇ ਦਿੱਤਾ| ਵੀਹ ਕੁ ਮਿੰਟ ਬਾਅਦ ਮੱਝ ਮਰ ਗਈ| ਹੁਣ ਫਿਰ ਕੈਲਾ ਭੱਜਾ-ਭੱਜਾ ਜੈਲੇ ਕੋਲ ਪੁੱਜਾ ਅਤੇ ਕਹਿੰਦਾ,

ਕੈਲਾ: ਯਾਰ ਮੇਰੀ ਤਾਂ ਮੱਝ ਮਰ ਗਈ!
ਜੈਲਾ: ਮੱਝ ਤਾਂ ਸਾਡੀ ਵੀ ਮਰ ਗਈ ਸੀ!

ਇਹ ਸੁਣ ਕੈਲੇ ਨੇ ਹੈਰਾਨ ਹੁੰਦਿਆਂ ਪੁੱਛਿਆ,

ਕੈਲਾ: ਪਰ ਤੂੰ ਮੈਨੂੰ ਇਹ ਪਹਿਲਾਂ ਕਿਉਂ ਨਹੀਂ ਦੱਸਿਆ?
ਜੈਲਾ: ਤੂੰ ਕਿਹੜਾ ਪੁੱਛਿਆ!

ਅਸੀਂ ਪੰਜਾਬੀ ਸੁਭਾਅ ਪੱਖੋਂ ਇਸ ਕਹਾਣੀ ਵਿਚਲੇ ਕੈਲੇ ਜੱਟ ਵਰਗੇ ਹੀ ਹਾਂ| ਅੱਧੀ-ਅਧੂਰੀ ਗੱਲ ਸੁਣ ਕੇ ਹੀ ਸਾਡੇ ਡਾਉਲੇ ਫਰਕਣ ਲੱਗ ਜਾਂਦੇ ਹਨ| ਸਾਨੂੰ ਵੀ ਅਕਲ ਕੈਲੇ ਜੱਟ ਵਾਂਗ ਮੱਝ ਮਰਨ ਪਿਛੋਂ ਹੀ ਆਉਂਦੀ ਹੈ| ਇੱਕ ਬੜੀ ਮਸ਼ਹੂਰ ਕਹਾਵਤ ਹੈ,

ਅੱਧੀ-ਅਧੂਰੀ ਜਾਣਕਾਰੀ ਹਮੇਸ਼ਾ ਜਾਣਕਾਰੀ ਨਾ ਹੋਣ ਨਾਲੋਂ ਵੀ ਜਿਆਦਾ ਖਤਰਨਾਕ ਹੁੰਦੀ ਹੈ|
  • Comments
comments powered by Disqus