ਪੰਜਾਬ ਦੇ ਲੋਕਾਂ ਦਾ ਹਾਰ-ਸ਼ਿੰਗਾਰ

Sam Hawley | Flickr

ਹਾਰ ਸ਼ਿੰਗਾਰ ਦਾ ਸੰਬੰਦ ਮਨੁੱਖ ਦੀ ਸੁਹਜ ਤ੍ਰਿਪਤੀ ਨਾਲ ਹੈ| ਮਨੁੱਖ ਆਪਣੇ ਆਲੇ ਦੁਆਲੇ ਨੂੰ ਸ਼ਿੰਗਾਰਦਾ ਹੈ| ਆਪਣੇ ਘਰ ਨੂੰ ਤੇ ਆਪਣੇ ਪਸ਼ੂਆਂ ਨੂੰ ਸ਼ਿੰਗਾਰਨਾ ਮਨੁੱਖ ਦੀ ਅੰਦਰਲੀ ਸੁਹਜ ਭੁੱਜ ਦਾ ਪ੍ਰਗਟਾਵਾ ਹੈ| ਪਰੰਤੂ, ਹਰ ਤਰ੍ਹਾਂ ਦੇ ਹਾਰ ਸ਼ਿੰਗਾਰ ਨਾਲੋਂ ਮਨੁੱਖ ਦਾ ਆਪਣੇ ਆਪ ਨੂੰ ਸ਼ਿੰਗਾਰ ਵਧੇਰੇ ਮਹੱਤਵ ਰੱਖਦਾ ਹੈ|

ਜਦੋਂ ਤੋਂ ਮਨੁੱਖ ਨੇ ਕਾਦਰ ਨੂੰ ਸਮਝਣਾ ਸ਼ੁਰੂ ਕੀਤਾ ਹੋਵੇਗਾ, ਸ਼ਿੰਗਾਰ ਦੀ ਭਾਵਨਾ ਉਦੋਂ ਤੋਂ ਹੀ ਉਤਪੰਨ ਹੋ ਗਈ ਹੋਵੇਗੀ। ਹੌਲੀ ਹੌਲੀ ਸ਼ਿੰਗਾਰ ਦੇ ਢੰਗਾਂ ਅਤੇ ਵਸਤਾਂ ਵਿਚ ਪਰਿਵਰਤਨ ਹੁੰਦਾ ਗਿਆ ਅਤੇ ਆਪਣੇ ਸਿਖਰ ਵੱਲ ਵੱਧਦਾ ਚਲਿਆ ਗਿਆ| ਸਰੀਰਕ ਖੂਬਸੂਰਤੀ ਵਿਚ ਵਾਧਾ ਕਰਨ ਲਈ ਮਨੁੱਖ ਨੇ ਜੋ ਕੁਝ ਸਿਰਜਿਆ, ਬਣਾਇਆ, ਪਹਿਨਿਆ ਜਾਂ ਆਪਣਾਇਆ, ਉਹ ਉਸ ਦੇ ਹਾਰ ਸ਼ਿੰਗਾਰ ਵਿਚ ਸ਼ਾਮਿਲ ਹੈ|

ਗਹਿਣਾ ਸ਼ਿੰਗਾਰ ਦਾ ਪ੍ਰਮੁੱਖ ਸਾਧਨ ਹੈ| ਗਹਿਣਾ ਪਹਿਨਣ ਦਾ ਸ਼ੌਂਕ ਮਨੁੱਖ ਅੰਦਰ ਫੇਰ ਪੁਰਾਣਾ ਹੈ| ਪੰਜਾਬ ਦੇ ਔਰਤ ਤੇ ਮਰਦ ਦੋਵੇ ਗਹਿਣੇ ਪਹਿਨਦੇ ਰਹੇ ਹਨ| ਔਰਤ ਦਾ ਗਹਿਣਾ ਪਹਿਨਣਾ ਪਤੀ ਨੂੰ ਚੰਗੇ ਲੱਗਣ ਜਾਂ ਨਾ ਲੱਗਣ ਨਾਲ ਸੰਬੰਧ ਰੱਖਦਾ ਹੈ| ਗੁਰੂ ਨਾਨਕ ਦੇਵ ਜੀ ਨੇ ਇਸੇ ਸਾਰਥਕਤਾ ਵੱਲ ਸੰਕੇਤ ਕੀਤਾ ਹੈ| ਮੁੰਧੇ ਪਿਰ ਬਿਨੁ ਕਿਆ ਸੀਗਾਰੂ (ਆਦਿ ਗ੍ਰੰਥ, ਪੰਨਾ 18)| ਗਹਿਣੇ ਔਰਤ ਮਰਦ ਦੇ ਪ੍ਰੇਮ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਦਾ ਵੀ ਪ੍ਰਗਟਾਵਾ ਕਰਦੇ ਹਨ| ਪੰਜਾਬ ਦੀ ਹਰ ਜਾਤੀ ਆਪਣੇ ਸ਼ੌਂਕ ਅਤੇ ਸਮਰੱਥਾ ਅਨੁਸਾਰ ਗਹਿਣੇ ਪਹਿਨਦੀ ਰਹੀ ਹੈ| ਗਹਿਣੇ ਲਈ ਸੋਨਾ, ਚਾਂਦੀ, ਤਾੰਬਾ, ਪਿੱਤਲ, ਆਦਿ ਅਨੇਕਾਂ ਧਾਤਾਂ ਦਾ ਪ੍ਰਯੋਗ ਹੁੰਦਾ ਰਿਹਾ ਹੈ|

ਪੁਰਾਤਨ ਪੰਜਾਬ ਵਿਚ ਸਿਰ ਤੋਂ ਪੈਰਾਂ ਤਕ ਸ਼ਾਇਦ ਹੀ ਕੋਈ ਅੰਗ ਬਚਦਾ ਹੋਵੇ ਜਿਹੜਾ ਗਹਿਣਿਆਂ ਤੋ ਸੱਖਣਾ ਰਹਿੰਦਾ ਹੋਵੇ। ਹਰਿਆਣੇ ਦੇ ਇਲਾਕੇ ਵਿਚ 81 ਗਹਿਣੇ ਪ੍ਰਚਲਿਤ ਰਹੇ ਹਨ, ਜਿਸ ਵਿਚ ਪੰਜ ਗਹਿਣੇ ਇੱਕਲੇਨੱਕ ਵਾਸਤੇ ਸਨ| ਨੱਕ ਦਾ ਗਹਿਣਾ ਪ੍ਰਾਚੀਨ ਸਮੇਂ ਵਿਚ ਨਹੀ ਸੀ ਹੁੰਦਾ। ਹੌਲੀ ਹੌਲੀ ਨੱਥ ਚੂੜਾ ਸੁਹਾਗ ਦਾ ਚਿੰਨ੍ਹ ਬਣ ਗਿਆ| ਨੱਥ ਚੂੜੇ ਦੀ ਅਣਹੋਂਦ ਕਾਰਨ ਔਰਤ ਨੂੰ ਜਾਂ ਵਿਧਵਾ ਸਮਝਿਆ ਜਾਂਦਾ ਸੀ ਜਾਂ ਕੁਆਰੀ ਪੰਜਾਬੀ ਸਭਿਆਚਾਰ ਵਿਚ ਇਹ ਅਸੀਸ ਤੇਰਾ ਨੱਥ ਚੂੜਾ ਬਣਿਆ ਰਹੇ ਇਸ ਦੀ ਲੋਕਪ੍ਰਿਯਤਾ ਵੱਲ ਹੀ ਸੰਕੇਤ ਕਰਦੀ ਹੈ|

ਗਹਿਣਾ ਨਿਰਾ ਸ਼ਿੰਗਾਰ ਦਾ ਸਾਧਨ ਹੀ ਨਹੀਂ ਸਗੋ ਸੋਨੇ ਦੇ ਮਹਿੰਗਾ ਹੋ ਜਾਣ ਕਾਰਨ ਇਹ ਸੰਕਟ ਸਮੇਂ ਆਰਥਿਕ ਲੋੜਾਂ ਵੀ ਪੂਰੀਆਂ ਕਰਨ ਲੱਗ ਪਿਆ| ਅੱਜ ਵੀ ਆਰਥਿਕ ਸੰਕਟ ਵਿਚ ਗ੍ਰਸਿਆ ਮਨੁੱਖ ਗਮੀ ਸ਼ਾਦੀ ਨਾਲ ਸੰਬੰਧਤ ਅਨੇਕਾ ਰਸਮਾਂ ਗਹਿਣੇ ਵੇਚ ਕੇ ਪੂਰੀਆਂ ਕਰਦਾ ਹੈ| ਜ਼ਮੀਨ ਨੂੰ ਗਹਿਣੇ ਤੋਂ ਛਡਾਉਣ ਜਾਂ ਹੋਰ ਜ਼ਮੀਨ ਖਰੀਦਣ ਲਈ ਵੀ ਗਹਿਣਾ ਪ੍ਰਯੋਗ ਹੁੰਦਾ ਹੈ|

ਸਰੀਰਕ ਅੰਗਾਂ ਦੀ ਤਰਤੀਬ ਵਿਚ ਜੇ ਸਿਰ ਦੇ ਗਹਿਣੇ ਵੇਖੀਏ ਤਾਂ ਕੇਂਦਰੀ ਪੰਜਾਬ ਵਿਚ ਸੱਗੀ ਫੁੱਲ ਚੌਕ ਚੰਦ, ਬੋਰਲਾ, ਬਘਿਆੜੀ, ਸ਼ਿੰਗਾਰ ਪੱਟੀ, ਟਿੱਕਾ, ਕਲਿੱਪ, ਝੁੰਮਰ ਸੂਈ ਤੇ ਝੁੰਮਰ ਸਿਰ ਉੱਤੇ ਪਹਿਨੇ ਜਾਣ ਵਾਲੇ ਗਹਿਣੇ ਰਹੇ ਹਨ| ਵਾਲਾਂ ਨੂੰ ਵੱਖ-ਵੱਖ ਢੰਗਾਂ ਨਾਲ ਗੁੰਦ ਕੇ ਸੰਵਾਰਨਾ ਵੀ ਸ਼ਿੰਗਾਰ ਦਾ ਅੰਗ ਰਿਹਾ ਹੈ| ਡਾਕ ਬੰਗਲਾ ਵਾਲ ਗੁੰਦਣ ਦਾ ਇਕ ਕਾਫੀ ਹਰਮਨ ਪਿਆਰਾ ਢੰਗ ਰਿਹਾ ਹੈ|

ਸਿਰ ਗੁੰਦ ਦੇ ਕਪੱਤੀਏ ਨੈਣੇ ਉੱਤੇ ਪਾ ਕੇ ਡਾਕ ਬੰਗਲਾ

ਵਾਲਾਂ ਨੂੰ ਗੁੰਦ ਕੇ ਗੁੱਤ ਕਰਨਾ ਤੇ ਗੁੱਤ ਨੂੰ ਵੱਖ-ਵੱਖ ਢੰਗਾਂ ਨਾਲ ਸ਼ਿੰਗਾਰਨਾ ਵੀ ਕਾਫੀ ਸਮੇਂ ਤੋਂ ਸ਼ਿੰਗਾਰ ਦਾ ਅੰਗ ਬਣਿਆ ਆ ਰਿਹਾ ਹੈ| ਦੋ ਗੁੱਤਾਂ, ਚਾਰ ਗੁੱਤਾਂ, ਗੁੱਤ ਨਾਲ ਮਣਕੇ ਲੀਲ੍ਹਕਾਂ ਤੇ ਹੋਰ ਅਨੇਕਾਂ ਚੀਜ਼ਾਂ ਨਾਲ ਸ਼ਿੰਗਾਰ ਦਾ ਅੰਗ ਰਿਹਾ ਹੈ| ਜਲੇਬੀ ਜੂੜਾ ਵੀ ਵਾਲ ਸ਼ਿੰਗਾਰਨ ਦਾ ਇਕ ਢੰਗ ਹੈ| ਗੁੱਤ ਨਾਲ ਛੱਬਾ ਬੰਨਣ ਦੀ ਵੀ ਰਵਾਇਤ ਰਹੀ ਹੈ| ਛੱਬਾ, ਜ਼ੰਜੀਰਾਂ, ਮਣਕਿਆਂ ਤੇ ਮੋਤੀਆਂ ਨਾਲ ਜੁੜਿਆ ਗਹਿਣਾ ਹੁੰਦਾ ਹੈ| ਜਿਹੜਾ ਕੁੜੀਆਂ ਪਹਿਨਦੀਆਂ ਹਨ|

ਕਾਂਟੇ ਬੁੰਦੇ ਲੋਟਣ ਪਿੱਪਲ ਪੱਤੀਆਂ ਤੁੰਗਲ ਸੋਨ ਚਿੜੀਆਂ, ਬੂਜਲੀਆਂ ਟੌਪਸ, ਕੰਢੀ ਕੰਨ ਦੀ ਹੇਠਲੀ ਪੇਪੜੀ ਦੇ ਸ਼ਿੰਗਾਰ ਵਾਲੇ ਗਹਿਣੇ ਹਨ| ਇਨ੍ਹਾਂ ਤੋਂ ਬਿਨ੍ਹਾਂ ਕੋਕਰੂ ਝੁਮਕੇ ਡੰਡਲੀਆਂ, ਰੇਲਾਂ ਬਹਾਦਰਨੀਆਂ ਅਤੇ ਮਾਮੇ ਮੁਕਰੀਆਂ ਵੀ ਕੰਨ ਨਾਲ ਸੰਬੰਧਤ ਗਹਿਣੇ ਹਨ| ਲੋਟਣ ਅਤੇ ਡੰਡੀਆਂ ਲੋਕਾਂ ਵਿਚ ਕਾਫੀ ਪ੍ਰਚਲਿਤ ਗਹਿਣੇ ਰਹੇ ਹਨ|

ਲੋਟਣ ਬਣ ਮਿੱਤਰਾ, ਜੇ ਤੈਂ ਗੋਰੀਆਂ ਗੱਲ੍ਹਾਂ ਦਾ ਰਸ ਲੈਣਾ।
ਲੋਟਣ ਮਿੱਤਰਾਂ ਦੇ, ਨਾਓ ਵਜਦਾ ਬਾਬਲਾ ਤੇਰਾ।
ਬੋਤਾ ਉਹ ਲਿਆਈ ਮਿੱਤਰਾ।
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ।

ਤੀਲੀ, ਲੌਂਗ ਕੋਕਾ, ਰੇਖ, ਮੇਖ ਨੱਥ, ਮੱਛਲੀ ਅਤੇ ਨੁਕਰਾ ਨੱਕ ਦੇ ਪ੍ਰਸਿੱਧ ਗਹਿਣੇ ਰਹੇ ਹਨ| ਤੀਲੀ ਅਤੇ ਲੌਂਗ ਵਿਚ ਇਹ ਫੈਸਲਾ ਕਰਨਾ ਮੁਸ਼ਕਿਲ ਰਿਹਾ ਹੈ ਕਿ ਕਿਹੜਾ ਗਹਿਣਾ ਵਧੇਰੇ ਖ਼ੂਬਸੂਰਤੀ ਦਿੰਦਾ ਹੈ|

ਤੀਲੀ ਲੌਂਗ ਦਾ ਮੁੱਕਦਮਾ ਭਾਰੀ ਥਾਣੇਦਾਰਾ ਸੋਚ ਕੇ ਕਰੀਂ|

Source:

ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਲੋਕਾਂ ਦਾ ਰਹਿਣ-ਸਹਿਣ (ਡਾ. ਮਨਦੀਪ ਕੌਰ)

Tagged In
  • Comments
comments powered by Disqus