ਮਹਿਗਾਈ ਤਾਂ ਅਮੀਰਾ ਲਈ ਵਧੀ ਏ

ਦੋਸਤੋ ਗੱਲ ਕਰ ਰਿਹਾ ਹਾਂ ਮਹਿਗਾਈ ਦੀ। ਕੱਲ ਮੈ ਅਪਣੇ ਦੋਸਤ ਨੂੰ ਫੋਨ ਕੀਤਾ, ਮੈਂ ਪਰਦੇਸ ਰਹਿੰਦਾ ਹਾਂ ਤੇ ਉਹ ਮੇਰੇ ਵਤਨ ਪੰਜਾਬ ਵਿੱਚ। ਘਰੋਂ ਵਿਚਾਰਾ ਠੀਕ ਠਾਕ ਹੀ ਹੈ। ਪਰ ਮਿਹਨਤੀ ਬੜਾ ਹੈ। ਸੱਤੋ ਦਿਨ ਕੰਮ ਕਰਦਾ ਤੇ ਕਦੇ ਇਹ ਨਹੀ ਸੋਚਦਾ ਮੈ ਕਿਉਂ ਕਰਦਾ। ਨਿੱਕੀ ਉਮਰੇ ਪਿਉ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ ਤੇ ਉਦੋ ਉਹ ਦਸ ਕੋ ਸਾਲਾਂ ਦਾ ਸੀ। ਮੰਮੀ ਉਹਦੀ ਲੋਕਾਂ ਦੇ ਘਰ ਸਫਾਈ ਕਰਦੀ ਸੀ ਤੇ ਇਹ ਪੜ੍ਹਦਾ ਸੀ।

ਜਦੋ ਵੀ ਉਸ ਨੂੰ ਫੋਨ ਕਰੋ ਕਦੇ ਕੰਮ ਲਈ ਨਹੀ ਪਿੱਟਿਆ। ਹਮੇਸ਼ਾ ਖੁਸ਼ ਰਹਿੰਦਾ ਸੀ, ਜਾਣੀ ਅਪਣੇ ਕੰਮ ‘ਚ ਖੁਸ਼ ਤੇ ਪਰਿਵਾਰ ‘ਚ ਖੁਸ਼। ਵਿਆਹ ਹੋਏ ਨੂੰ ਸੁੱਖ ਨਾਲ ਚਾਰ ਸਾਲ ਹੋ ਗਏ। ਦੋ ਬੱਚੇ ਹਨ ਇੱਕ ਮੁੰਡਾ ਤੇ ਇੱਕ ਕੁੜੀ, ਇੱਕ ਨਿੱਕੀ ਭੈਣ ਦਾ ਵਿਆਹ ਵੀ ਕੀਤਾ ਪਿੱਛੇ ਜਿਹੇ। ਕੱਲ ਮੈਨੂੰ ਫੋਨ ਤੇ ਇੱਦਾ ਲੱਗਾ ਜਿਵੇ ਉਹ ਥੋੜਾ ਜਿਹਾ ਉਦਾਸ ਹੋਵੇ। ਗੱਲੀ ਬਾਤੀ ਲਾਕੇ ਮੈ ਉਸ ਦੇ ਦਿਲ ਦੀ ਗੱਲ ਜਾਨਣ ਦੀ ਕੋਸ਼ਿਸ਼ ਕੀਤੀ। ਫਿਰ ਉਸ ਨੇ ਗੱਲ ਸੁਣਾਈ ਮਹਿਗਾਈ ਦੀ ਕਹਿੰਦਾ,

ਤੈਨੂੰ ਪਤਾ ਹੀ ਨਹੀਂ ਮਹਿਗਾਈ ਕਿੰਨੀ ਵਧ ਗਈ ਯਾਰ ਅਪਣੇ ਮੁਲਖ਼ ‘ਚ।

ਤੇ ਮੈਂ ਉਸ ਨੂੰ ਕਿਹਾ,

ਹਾਂ ਯਾਰ ਗਰੀਬ ਬੰਦੇ ਦਾ ਬੜਾ ਔਖਾ।

ਉਹ ਇਹ ਗੱਲ ਸੁਣਕੇ ਮੈਨੂੰ ਕਹਿੰਦਾ,

ਹਟ ਕਮਲਾ, ਤੈਨੂੰ ਕੋਣ ਕਹਿੰਦਾ ਗਰੀਬਾਂ ਦਾ ਔਖਾ, ਮਹਿਗਾਈ ਤਾਂ ਅਮੀਰਾ ਲਈ ਵਧੀ ਏ ਬੱਸ।

ਮੈਂ ਉਸ ਦੀ ਸੁਣਕੇ ਸੋਚਣ ਲੱਗਾ ਤੇ ਮੈਂ ਪੁੱਛਿਆ,

ਉਹ ਕਿਵੇ?

ਉਹ ਇੱਕ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ। ਉਸ ਦੇ ਦੱਸਣ ਤੇ ਪਤਾ ਲੱਗਾ ਕਿ ਉਸ ਦੇ ਮਾਲਿਕ ਨੇ ਥੋੜੇ-ਥੋੜੇ ਭਾਅ ਵਧਾ ਦਿੱਤੇ ਚੀਜ਼ਾ ਦੇ, ਮੇਰਾ ਦੋਸਤ ਮਾਲਿਕ ਨੂੰ ਕਹਿਣ ਲੱਗਾ,

ਜੀ ਰੇਟ ਕਿਉਂ ਵਧਾ ਦਿੱਤੇ?

ਉਸ ਦੇ ਮਾਲਿਕ ਨੇ ਕਿਹਾ,

ਮਹਿਗਾਈ ਵਧ ਗਈ ਹੈ ਤਾ ਕਰਕੇ ਆਪਾ ਵੀ ਰੇਟ ਵਧਾ ਦਿੱਤੇ।

ਮੇਰੇ ਮਿੱਤਰ ਨੇ ਕਿਹਾ,

ਫਿਰ ਤਾਂ ਸਾਡੀ ਤਨਖਾਹ ਵੀ ਵਧੂ ਗੀ ਇਸ ਵਾਰ।

ਮਾਲਿਕ ਕਹਿੰਦਾ,

ਤੁਹਾਡੀ ਕਿਉਂ ਭਾਈ ਤੁਸੀ ਕਿਹੜਾ ਕੰਮ ਜਿਆਦਾ ਕਰਨਾ। ਨਾਲੇ ਮਹਿਗਾਈ ਏ ਜਿਹੜੀ ਦਾ ਮਤਲਬ ਤੈਨੂੰ ਪਤਾ? ਤੁਹਾਨੂੰ ਕੀ ਪਤਾ ਹੋਣਾ ਸਾਈਕਲਾਂ ਤੇ ਆਉਣ ਵਾਲਿਆ ਨੂੰ, ਪੈਟਰੋਲ ਜਾਂ ਡੀਜਲ ਕਦੇ ਤੁਸੀ ਨੀ ਵਰਤਣਾ, ਬਿਜਲੀ ਦਾ ਬਿਲ ਤੁਹਾਡਾ ਪੰਜ-ਛੇ ਸੋ ਆਉਂਦਾ ਤੇ ਅਸੀ ਹਜ਼ਾਰਾ ਭਰਦੇ ਆ।

ਤੇ ਗੁਰਮੀਤ ਹੋਰ ਬੜੀਆ ਗੱਲਾਂ ਮੈਨੂੰ ਸੁਣਾਉਣ ਲੱਗਾ, ਅਤੇ ਪੁਛਦਾ,

ਤੂੰ ਹੀ ਦੱਸ ਭਲਾ ਕਿਹੜੇ ਪੱਖੋ ਮਾਰਦੀ ਏ ਗਰੀਬ ਨੂੰ ਮਹਿਗਾਈ?

ਦੋਸਤੋ ਉਸ ਦੀਆ ਗੱਲਾ-ਗੱਲਾ ‘ਚ ਮੈ ਸਭ ਸਮਝ ਗਿਆ ਸੀ ਮੇਰੇ ਮਿੱਤਰ ਦੀ ਕਹਾਣੀ। ਜੇਕਰ ਕੋਈ ਘਰੋਂ ਗਰੀਬ ਏ ਇਸ ਦਾ ਮਤਲਬ ਇਹ ਤਾਂ ਨਹੀਂ ਉਸ ਦੇ ਖਰਚੇ ਹੈਣੀ। ਪਿਆਜ਼ ਅਤੇ ਖੰਡ ਦੇ ਭਾਅ ਅਸਮਾਨੀ ਲੱਗੇ ਪਏ ਨੇ ਗਰੀਬ ਬੰਦਾ ਦਿਹਾੜੀ ਦੇ ਦੋ-ਚਾਰ ਸੋ ਕਮਾਉਂਦਾ ਹੋਣਾ। ਪਰ ਚਾਹ-ਪੱਤੀ, ਚੀਨੀ, ਪਿਆਜ਼, ਦਾਲਾ ਦਾ ਭਾਅ ਦੇਖ ਕੇ ਤਾਂ ਇੰਝ ਹੀ ਲੱਗਦਾ ਕਿ ਉਹ ਲੋਕੀ ਤਾਂ ਟਾਇਮ ਹੀ ਟਪਾਉਦੇ ਨੇ ਤੇ ਰੋਟੀ ਜੋਗਾ ਹੀ ਕਮਾਉਂਦੇ ਨੇ। ਜੇ ਕੋਈ ਟੱਬਰ ਵਿਚੋਂ ਬਿਮਾਰ-ਠਿਮਾਰ ਹੋ ਜਾਵੇ, ਸਾਰੇ ਟੱਬਰ ਦੀ ਜੀਭ ਨਿਕਲ ਜਾਂਦੀ ਡਾਕਟਰਾ ਦੇ ਇਲਾਜ ਦੇ ਪੇਸੈ ਸੁਣਕੇ। ਤੇ ਉਪਰੋਂ ਡਾਕਟਰ ਕਹਿ ਦਿੰਦਾ ਫਲ ਖਾਇਆ ਕਰੋ, ਫਲ ਤਾਂ ਬਹੁਤੇ ਲੋਕੀ ਰੇਹੜੀਆ ਤੇ ਪਏ ਦੇਖਕੇ ਹੀ ਢਿੱਡ ਭਰ ਲੈਂਦੇ ਨੇ। ਅਮੀਰ ਤੇ ਕੰਮ ਕਾਰ ਚਲਾਉਂਦੇ ਲੋਕਾ ਨੂੰ ਇੱਕ ਅਰਜੋਈ ਕਰਦਾਂ, ਜੇ ਤੁਹਾਡੇ ਕੋਲ ਮਜ਼ਦੂਰ ਕੰਮ ਕਰਦਾ, ਉਹ ਕਿਸੇ ਵੀ ਰੂਪ ਵਿੱਚ ਹੋਵੇ ਕਿਰਪਾ ਕਰਕੇ ਉਹਨਾ ਦਾ ਬਣਦਾ ਹੱਕ ਜਰੂਰ ਦਿਓ। ਇਹਨਾਂ ਮਜ਼ਦੂਰਾਂ ਦੀ ਮਿਹਨਤ ਤੁਹਾਡੇ ਕਾਰੋਬਾਰਾ ਨੂੰ ਚਲਾਉਂਦੀ ਹੈ। ਜੇ ਤੁਹਾਡੇ ਲਈ ਗੱਡੀ ਦਾ ਪੈਟਰੋਲ ਜਾ ਡੀਜ਼ਲ ਪਵਾਉਣਾ ਮਹਿਗਾਈ ਕਹਾਉਂਦਾ ਤਾਂ ਉਹਨਾਂ ਲਈ ਸਾਈਕਲ ਦੇ ਟਾਈਰ ਦਾ ਪੈਂਚਰ ਲਵਾਉਣ ਦੀ ਕੀਮਤ ਵੀ ਉਸੇ ਤਰਾ ਵੱਧਦੀ ਹੈ ਜਿੱਦਾ ਤੁਹਾਡੇ ਲਈ ਤੇਲ ਦੀਆ ਕੀਮਤਾ। ਦੋ-ਚਾਰ ਪੇਸੈ ਵੱਧ ਨਾਲ ਗਰੀਬ ਨੇ ਕਿਹੜਾ ਸੋਨੇ ਦੀ ਕੋਠੀ ਪਾ ਲੈਣੀ। ਵੇਸੈ ਅਪਣੇ ਮੁਲਖ਼ ਦੇ ਲੋਕ ਜਿੱਥੇ ਮਰਜ਼ੀ ਚਲੇ ਜਾਣ ਸੋਚ ਵੀ ਨਾਲ ਹੀ ਜਾਂਦੀ ਏ। ਪਰਦੇਸਾਂ ਵਿੱਚ ਦੇਖੇ ਨੇ ਅਪਣੇ ਦੇਸ਼ ਦੇ ਲੋਕ ਜੋ ਅਪਣਾ ਕਾਰੋਬਾਰ ਕਰਦੇ ਨੇ ਡਾਲਰ ਵੱਧ ਨਾ ਚਲਾ ਜਾਵੇ ਇਹੀ ਸੋਚਦੇ ਰਹਿੰਦੇ ਨੇ। ਮਾਲਕਾ ਦੀ ਇਹ ਸੋਚ ਇੱਕ ਗਰੀਬ ਨੂੰ ਦਿਨੋ-ਦਿਨ ਗਰੀਬ ਕਰਨ ‘ਚ ਅਹਿਮ ਭੂਮਿਕਾ ਨਿਭਾਅ ਰਹੀ ਹੈ।

Tagged In
  • Comments
comments powered by Disqus