ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਸਮਾਜ ਦੀਆਂ ਬੁਰਾਈਆਂ ਤੋਂ ਕਿਵੇਂ ਦੂਰ ਰੱਖੀਏ?

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ 56 ਸਾਲਾਂ ਤੋਂ ਟੈਕਨੋਲੌਜੀ ਪਹਿਲਾਂ ਦੇ ਮੁਕਾਬਲੇ 10 ਗੁਣਾ ਵਧ ਗਈ ਹੈ। ਜਿਸਦੇ ਫਾਇਦੇ ਵੀ ਬਹੁਤ ਹਨ ਅਤੇ ਨੁਕਸਾਨ ਵੀ ਬਹੁਤ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਨਸ਼ਿਆਂ ਦੀ ਦਲਦਲ ਵਿੱਚ ਬੱਚੇ ਅਤੇ ਨੌਜਵਾਨ ਜੋ ਦੇਸ਼ ਦਾ ਭਵਿੱਖ ਹਨ ਬੁਰੀ ਤਰ੍ਹਾਂ ਫਸ ਰਹੇ ਹਨ। ਇਸਦੇ ਗੰਭੀਰ ਸਿੱਟੇ ਸਾਨੂੰ ਹਰ ਰੋਜ ਅਨੇਕਾਂ ਸੋਰਸਾਂ ਰਾਹੀਂ ਵੇਖਣ, ਸੁਣਨ ਨੂੰ ਮਿਲਦੇ ਹਨ। ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਵੀ ਇਸ ਤੋਂ ਅਛੂਤੇ ਨਹੀਂ ਰਹੇ। ਜੋ ਕਿ ਇੱਕ ਗੰਭੀਰ ਅਤੇ ਵਿਸਫੋਟਕ ਸਥਿਤੀ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ। ਤੰਬਾਕੂ ਜਿਵੇਂ ਜ਼ਰਦਾ, ਬੀੜੀ, ਸਿਗਰਟ, ਕਈ ਬੱਚੇ ਇਸਤੋਂ ਹੋਣ ਵਾਲੇ ਨੁਕਸਾਨ ਨੂੰ ਨਾ ਸਮਝਦੇ ਹੋਏ ਸਿਰਫ ਫੈਸ਼ਨ ਸਮਝ ਕੇ ਇਨ੍ਹਾਂ ਦਾ ਇਸਤੇਮਾਲ ਕਰ ਰਹੇ ਹਨ। ਇਸ ਤੋਂ ਵੀ ਵੱਧ ਗੰਭੀਰ ਮੈਡੀਕਲ ਸਟੋਰਾਂ ਤੋਂ ਮਿਲਣ ਵਾਲਾ ਨਸ਼ਾ(ਗੋਲੀਆਂ, ਕੈਪਸੂਲ, ਸ਼ੀਸ਼ੀਆਂ, ਟੀਕੇ ਆਦਿ) ਪਹਿਲਾਂ ਤਾਂ ਕੇਵਲ ਨਸ਼ੇ ਲਈ ਕੁਝ ਕੈਪਸੂਲ, ਗੋਲੀਆਂ ਆਮ ਹੀ ਮੈਡੀਕਲ ਸਟੋਰਾਂ ਤੇ ਉਪਲਬਧ ਸਨ ਜੋ ਕਿ ਸਿਰਫ ਨਸ਼ੇ ਵਾਸਤੇ ਹੀ ਇਸਤੇਮਾਲ ਹੁੰਦੇ ਸੀ। ਪਰ ਅੱਜ ਦੇ ਦੌਰ ਵਿੱਚ ਸਥਿਤੀ ਹੋਰ ਵੀ ਭਿਆਨਕ ਹੋ ਗਈ ਹੈ ਕਿਉਂਕਿ ਹੁਣ ਬੱਚੇ/ਨੌਜਵਾਨ ਦਰਦ ਦੀਆਂ ਦਵਾਈਆਂ(ਪੇਨ ਕੀਲਰ) ਨੂੰ ਵੀ ਇੱਕ ਨਸ਼ੇ ਦੇ ਰੂਪ ਵਿੱਚ ਇਸਤੇਮਾਲ ਕਰਨ ਲੱਗ ਪਏ ਹਨ। ਜੋ ਕਿ ਹੌਲੀ ਹੌਲੀ ਅਜਿਹੀ ਆਦਤ ਬਣ ਜਾਂਦੇ ਹਨ ਕਿ ਚਾਹੁੰਦੇ ਹੋਏ ਵੀ ਇਸ ਤੋਂ ਛੁਟਕਾਰਾ ਪਾਉਣਾ ਔਖਾ ਹੋ ਜਾਂਦਾ ਹੈ। ਇਸ ਦਾ ਨਤੀਜਾ ਬੱਚੇ ਪੜ੍ਹਾਈ ਵਿੱਚੋਂ ਪੱਛੜ ਰਹੇ ਹਨ, ਅਗਿਆਨਤਾ ਵਧ ਰਹੀ ਹੈ, ਦਿਮਾਗ ਦੀ ਸੋਚਣ ਸ਼ਕਤੀ ਸੀਮਤ ਹੋ ਕੇ ਰਹਿ ਗਈ ਹੈ। ਕੁਝ ਕੁ ਸਮਾਂ ਪਹਿਲਾਂ ਮੋਬਾਇਲ ਸਿਰਫ ਗੱਲਬਾਤ ਕਰਨ ਲਈ ਹੀ ਵਰਤਿਆ ਜਾਂਦਾ ਸੀ। ਪਰ ਅੱਜ ਮੋਬਾਇਲ ਵਿੱਚ ਇੰਟਰਨੈੱਟ ਨਾਲ ਵਟਸਐਪ ਵਰਗੀਆਂ ਤਕਨੀਕਾਂ ਹੋਣ ਕਾਰਨ ਇਸਦਾ ਇਸਤੇਮਾਲ ਬਹੁਤ ਤੀਬਰ ਗਤੀ ਸਮਾਜ ਦੇ ਹਰ ਵਰਗ ਤੇ ਜ਼ੋਰ ਫੜਦਾ ਜਾ ਰਿਹਾ ਹੈ, ਇਸ ਤਕਨੀਕ ਵਿਚਲੇ ਫੀਚਰਾਂ ਕਾਰਨ ਬੱਚੇ ਭਟਕ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਹਰ ਕਿਸਮ ਦੀ ਅਸ਼ਲੀਲ ਸਮੱਗਰੀ ਬੜੀ ਆਸਾਨੀ ਨਾਲ ਉਪਲਬਧ ਹੋ ਰਹੀ ਹੈ। ਜਾਗਰੂਕਤਾ ਦੀ ਘਾਟ ਕਾਰਨ ਇਸ ਤਕਨੀਕ ਦਾ ਇਸਤੇਮਾਲ ਗਲਤ ਢੰਗ ਨਾਲ ਜ਼ਿਆਦਾ ਕਰ ਰਹੇ ਹਨ। ਇਸ ਲਈ ਮਾਪਿਆਂ ਲਈ ਇਹ ਬੜੀ ਚਿੰਤਾਜਨਕ ਅਤੇ ਗੰਭੀਰ ਸਮੱਸਿਆ ਪੈਦਾ ਹੋ ਰਹੀ ਹੈ। ਕਿਉਂਕਿ ਨਾਬਾਲਗ ਲੜਕੇ ਲੜਕੀਆਂ ਦੋਵੇਂ ਹੀ ਬਰਾਬਰ ਇਸ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਦੇਸ਼ ਦਾ ਭਵਿੱਖ ਖਤਰੇ ਵਿੱਚ ਦਿਖਦਾ ਜਾਪਦਾ ਹੈ। ਬੇਸ਼ੱਕ ਅੱਜ ਅਸੀਂ ਇਸ ਬਾਰੇ ਬਹੁਤਾ ਗੰਭੀਰਤਾ ਨਾਲ ਨਹੀਂ ਸੋਚ ਰਹੇ। ਪਰ ਜੇਕਰ ਅਸੀਂ ਅੱਜ ਜਾਗਰੂਕ ਨਾ ਹੋਏ ਅਤੇ ਬੱਚਿਆਂ ਵੱਲ ਇਸ ਵਿਸ਼ੇ ਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲਾ ਸਮਾਂ ਸਮਾਜ ਲਈ ਖਤਰਨਾਕ ਰੂਪ ਧਾਰਨ ਕਰ ਸਕਦਾ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ ਟੈਕਨੋਲੌਜੀ ਦਾ ਅਸੀਂ ਵਿਰੋਧ ਨਹੀਂ ਕਰ ਰਹੇ। ਬਲਕਿ ਇਸ ਨੂੰ ਸਹੀ ਢੰਗ ਨਾਲ ਕਿਵੇਂ ਵਰਤਿਆ ਜਾਵੇ, ਇਹ ਦੱਸਣ ਦੀ ਲੋੜ ਅੱਜ ਮਾਪਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਹੈ। ਕਿਉਂਕਿ ਅੱਜ ਕੱਲ੍ਹ ਪੜੇ ਲਿਖੇ ਵਿਅਕਤੀ ਇਸ ਟੈਕਨੋਲੌਜੀ ਦੇ ਬੁਰੇ ਅਤੇ ਚੰਗੇ ਪ੍ਰਭਾਵਾਂ ਤੋਂ ਜਾਣੂ ਹਨ। ਉਹ ਇਸ ਤੋਂ ਹੋਣ ਵਾਲੇ ਮਾੜੇ ਪ੍ਰਭਾਵ ਤੋਂ ਖੁਦ ਤਾਂ ਬਚ ਸਕਦੇ ਹਨ ਪਰ ਸਾਨੂੰ ਇਹ ਵੀ ਧਿਆਨ ਵਿੱਚ ਰੱਖ ਕੇ ਬੱਚਿਆਂ ਨੂੰ ਗਿਆਨ ਦੇਣਾ ਪਵੇਗਾ ਕਿ ਜੋ ਕੁਝ ਮਾਪੇ, ਅਧਿਆਪਕ ਇਸ ਟੈਕਨੋਲੌਜੀ ਵਿੱਚ ਦੇਖਦੇ ਹਨ ਉਹੀ ਸਭ ਕੁਝ ਬੱਚਿਆਂ ਪਾਸ ਵੀ ਮੌਜੂਦ ਹੈ। ਇਹ ਬੱਚਿਆਂ ਦੇ ਮਾਤਾ-ਪਿਤਾ/ਅਧਿਆਪਕਾਂ ਨੂੰ ਵੀ ਪਤਾ ਹੋਣਾ ਜਰੂਰੀ ਹੈ। ਸੋ ਬਹੁਤਾ ਵਿਸਥਾਰ ਵਿੱਚ ਨਾ ਜਾ ਕੇ ਆਖੀਰ ਵਿੱਚ ਇਹੀ ਕਹਾਂਗਾ(ਆਪਣੇ ਤਜਰਬੇ ਅਨੁਸਾਰ) ਕਿ ਮਾਤਾ-ਪਿਤਾ ਨੂੰ ਆਪਣੇ ਕੰਮਾਂ ਕਾਰਾਂ ਦੇ ਨਾਲ ਨਾਲ ਇਸ ਪ੍ਰਤੀ ਵੀ ਗੰਭੀਰ ਹੋਣ ਦੀ ਬਹੁਤ ਲੋੜ ਹੈ। ਇਸ ਸੰਬੰਧੀ ਸਮਾਜ ਦੇ ਬੁੱਧੀਜੀਵੀਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਸਮਾਜ ਪ੍ਰਤੀ ਸੱਚੀ-ਸੁੱਚੀ ਨੀਅਤ(ਬਿਨ੍ਹਾਂ ਕਿਸੇ ਸਵਾਰਥ ਤੋਂ) ਵਾਲੀਆਂ ਸ਼ਖਸ਼ੀਅਤਾਂ ਨੂੰ ਅੱਗੇ ਆਉਣਾ ਹੀ ਪਵੇਗਾ ਜੋ ਕਿ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਕਲਮ ਦੇ ਨਾਲ ਨਾਲ ਲੇਖਕਾਂ, ਬੁੱਧੀਜੀਵੀਆਂ, ਸਮਾਜ ਸੇਵੀਆਂ ਨੂੰ ਗਰਾਉਂਡ ਲੇਵਲ ਤੇ ਮਾਪਿਆਂ/ਬੱਚਿਆਂ ਨੂੰ ਜਾਗਰੂਕ ਕਰਨਾ ਜਰੂਰੀ ਹੈ। ਜਿਸ ਲਈ ਬੇਸ਼ੱਕ ਵੱਖ-ਵੱਖ ਟੀਮਾਂ ਬਣਾ ਕੇ ਘਰ ਘਰ ਵਿੱਚ ਜਾ ਕੇ ਵੀ ਇਸ ਵਿਸ਼ੇ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਉਣ ਦੀ ਲੋੜ ਹੈ।

ਰੁੱਤ ਨਵਿਆਂ ਦੀ ਆਈ, ਨਵੀਆਂ ਨੇ ਗੱਲਾਂ, ਨਵੀਆਂ ਨੇ ਰਾਵਾਂ,
ਛੱਡ ਕੇ ਪੁਰਾਣੇ ਖਿਆਲ ਅਤੇ ਸੋਚ, ਕੁਝ ਨਵਾਂ ਕਰ ਦਿਖਾਵਾਂ
ਸਮਾਂ ਆਖਦਾ, ਸੁਨੇਹਾ ਇਹ ਘਰ-ਘਰ ਵਿੱਚ ਪਹੁੰਚਾਵਾਂ।

  • Comments
comments powered by Disqus