ਮੇਰੇ ਸ਼ਹਿਰ ‘ਚ ਬੈਰੁਜ਼ਗਾਰੀ

Eneas De Troya | Flickr

ਰੁਜ਼ਗਾਰ ਇੱਕ ਅਜਿਹਾ ਨਾਮ ਜਿਸ ਦਾ ਹਰ ਇੱਕ ਮਨੁੱਖ ਦੀ ਜਿੰਦਗੀ ਨੂੰ ਚਲਾਉਣ ਵਿੱਚ ਅਹਿਮ ਰੋਲ ਹੈ। ਇਸ ਨਾਮ ਨਾਲ ਹੀ ਲੋਕਾ ਦੇ ਚੁੱਲੇ ਚੱਲਦੇ ਹਨ। ਜਿਉਂ ਜਿਉਂ ਅਬਾਦੀ ਵੱਧਦੀ ਜਾ ਰਹੀ ਹੈ ਮੇਰੇ ਹਿਸਾਬ ਨਾਲ ਰੁਜਗਾਰ ਘੱਟਦੇ ਹੀ ਜਾ ਰਹੇ ਹਨ। ਕਈ ਲੋਕਾ ਦੇ ਦੱਸਣ ਤੇ ਪਤਾ ਚੱਲਦਾ ਹੈ ਕਿ ਕੰਮ ਵਥੇਰੇ ਬੰਦਾ ਕਰਣ ਵਾਲਾ ਚਾਹੀਦਾ। ਬੱਸ ਅੱਡਿਆ ‘ਚ ਖੜੇ ਮਜਦੂਰ ਕੰਮ ਕਰਨ ਵਾਲੇ ਹੀ ਹੁੰਦੇ ਨੇ ਤੇ ਜਿਆਦਾਤਰ ਲੋਕੀ ਬਿਨਾ ਦਿਹਾੜੀ ਲਾਏ ਘਰ ਨੂੰ ਵਾਪਿਸ ਆ ਜਾਂਦੇ ਹਨ ਇਸ ਆਸ ਨਾਲ ਚਲੋ ਕੱਲ ਨੂੰ ਸ਼ਾਇਦ ਕੰਮ ਵਥੇਰੇ ਵਾਲੀ ਗੱਲ ਸੱਚ ਹੀ ਹੋਵੇ।

ਅੱਜ ਫਿਰ ਕਿਸੇ ਮਿੱਤਰ ਨੂੰ ਫੋਨ ਕੀਤਾ ਪਿੰਡ ਦਾ ਹਾਲ ਚਾਲ ਜਾਨਣ ਲਈ। ਹਮੇਸ਼ਾ ਦੀ ਤਰਾ ਉਸ ਨੇ ਦੱਸਣਾ ਸਭ ਠੀਕ ਠਾਕ ਹੈ ਪਿੰਡ ਵਿੱਚ। ਮੈ ਵੇਹਲਾ ਹੋ ਕੇ ਇਸ ਦੋਸਤ ਨੂੰ ਫੋਨ ਕਰਦਾ ਹਾ ਤਾ ਕਿ ਲੰਬੀ ਗੱਲ ਬਾਤ ਹੋ ਸਕੇ। ਅੱਜ ਗੱਲ ਤੁਰੀ ਦੀਪੇ ਤੋ, ਜਿਹੜਾ ਕਿ ਪਿਛਲੇ ਕਈ ਸਾਲਾ ਤੋ ਮੰਡੀ ਗੋਬਿੰਦਗੜ੍ਹ ਵਿੱਚ ਕੰਮ ਕਾਰ ਵਿੱਚ ਰੁਝਿਆ ਹੋਇਆ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾ ਜੇ ਕਿਸੇ ਨੂੰ ਨਹੀ ਪਤਾ ਮੰਡੀ ਗੋਬਿੰਦਗੜ੍ਹ ਕਿਸੇ ਸਮੇ ਲੋਹੇ ਦਾ ਵਪਾਰ ਕਰਨ ਵਾਲਾ ਏਸ਼ੀਆ ਦਾ ਨੰਬਰ ਇੱਕ ਸੂਬਾ ਸੀ। ਅਫਸੋਸ ਅੱਜ ਇਹ ਸੂਬਾ ਮਾੜੀਆ ਸਰਕਾਰਾ ਕਰਕੇ ਹੀ ਆਖਾਂ ਗਾ ਪਿੱਛੇ ਆ ਚੁੱਕਿਆ ਹੈ। ਗੱਲ ਕਰਦੇ ਹਾ ਮੇਰੇ ਮਿੱਤਰ ਦੀਪੇ ਦੀ। ਸਵੇਰੇ ਜਲਦੀ ਘਰੋ ਕੰਮ ਤੇ ਚਲੇ ਜਾਂਦਾ ਸੀ ਤੇ ਹਨੇਰੇ ਹੋਏ ਘਰ ਵੜਦਾ ਸੀ। ਮੈ ਪੁੱਛਿਆ ਉਸ ਦਾ ਕੀ ਹਾਲ ਚਾਲ ਹੈ। ਅੱਜ ਜਵਾਬ ਬਿੱਲਕੁੱਲ ਉਲਟ ਸੀ। ਕਹਿੰਦਾ,

ਉਹ ਫਿਰਦਾ ਵਿਚਾਰਾ ਅੱਡੇ ‘ਚ, ਕਰਨੀ ਹੈ ਗੱਲ?

ਮੇਰੇ ਮਨ ਵਿੱਚ ਖਿਆਲ ਆਇਆ ਕਿ ਐਤਵਾਰ ਦੀ ਛੁੱਟੀ ਕਰਨ ਵਾਲਾ ਇਨਸਾਨ ਅੱਜ ਸੋਮਵਾਰ ਨੂੰ ਅੱਡੇ ‘ਚ ਕੀ ਕਰਦਾ। ਮੈ ਫੱਟ ਦੇਣੇ ਕਿਹਾ, ਕਰਵਾ ਗੱਲ। ਮੇਰੇ ਦੋਸਤ ਨੇ ਉਸ ਨੂੰ ਆਵਾਜ਼ ਮਾਰੀ,

ਓਹ ਦੀਪੇ, ਓਹ ਦੀਪੇ ਤੇਰਾ ਫੋਨ ਆਇਆ|

ਦੀਪਾ ਆ ਗਿਆ ਕਹਿੰਦਾ ਕੀਹਦਾ ਫੋਨ ਏ ਮੇਰਾ ਦੋਸਤ ਕਹਿੰਦਾ ਆਪੇ ਹੀ ਸੁਣਲਾ। ਅਤੇ ਪੁਛਦਾ,

ਦੀਪਾ: ਹੈਲੋ ਕੋਣ?
ਮੈਂ: ਨੋਨਾ ਬੋਲ ਰਿਹਾ ਵੀਰ|
ਦੀਪਾ: ਹਾਂ ਨੋਨੇ ਕੀ ਹਾਲ ਹੈ ਵੀਰੇ?
ਮੈਂ: ਸਭ ਵਧੀਆ ਤੂੰ ਸੁਣਾ, ਕੰਮ ਕਾਰ ਕਿਵੇ ਹੈ?
ਦੀਪਾ: ਕਿਹੜਾ ਕੰਮ ਭਰਾਵਾ ਪੰਦਰਾ ਦਿਨ ਹੋਗੇ ਘਰ ਬੈਠੇ ਨੂੰ।

ਮੈ ਹਾਸੇ ਮਜਾਕ ‘ਚ ਕਿਹਾ,

ਮੈਂ: ਲੰਬੀ ਛੁੱਟੀ ਲਈ ਲੱਗਦੀ। ਵਿਆਹ ਵਿਉ ਆ ਗਿਆ ਲੱਗਦਾ।
ਦੀਪਾ: ਕਾਹਨੂੰ ਯਾਰ ਵਿਆਹ ਕਿੱਥੇ ਚੰਗੇ ਲੱਗਦੇ ਨੇ ਵਿਹਲੇ ਬੰਦੇ ਨੂੰ|
ਮੈਂ: ਕੰਮ ਤੇ ਨੀ ਜਾਦਾ?
ਦੀਪਾ: ਨਹੀ ਮਿੱਲ ਬੰਦ ਹੋਗੀ।
ਮੈਂ: ਹੋਰ ਪਾਸੇ ਕੋਸ਼ਿਸ਼ ਕਰ।

ਫਿਰ ਉਹ ਅਸਲ ਕਹਾਣੀ ਤੇ ਆਇਆ ਕਹਿੰਦਾ,

ਯਾਰ ਪੂਰੇ ਗੋਬਿੰਦਗੜ੍ਹ ਦਾ ਹੀ ਬੁਰਾ ਹਾਲ ਹੋਇਆ ਪਿਆ। ਦਿਨੋ ਦਿਨ ਮੰਦਾ ਹਾਲ ਹੁੰਦਾ ਜਾ ਰਿਹਾ ਹੈ ਇੱਥੇ।

ਦੋਸਤੋ ਉੱਝ ਤਾ ਪੂਰੇ ਪੰਜਾਬ ਦਾ ਮਾੜਾ ਹਾਲ ਹੀ ਰੁਜ਼ਗਾਰ ਪੱਖੋ ਪਰ ਮੈ ਗੱਲ ਕਰ ਰਿਹਾ ਹਾਂ ਗੋਬਿੰਦਗੜ੍ਹ ਦੀ। ਦੀਪਾ ਮਿਹਨਤੀ ਸ਼ੁਰੂ ਤੋ ਹੀ ਸੀ ਗੋਬਿੰਦਗੜ੍ਹ ਦੇ ਸਿਰ ਤੇ ਹੀ ਦੋ ਭੈਣਾ ਦਾ ਵਿਆਹ ਕੀਤਾ ਤੇ ਅਪਣੇ ਘਰ ਦਾ ਸਾਰਾ ਖਰਚ ਉੱਥੋ ਹੀ ਚਲਾਉਂਦਾ ਸੀ। ਪਰ ਹੁਣ ਕੀ ਕਰਣਗੇ ਦੀਪੇ ਵਰਗੇ ਹਜ਼ਾਰਾ ਨੋਜਵਾਨ ਜਿਹੜੇ ਇਸ ਸ਼ਹਿਰ ਦੇ ਨੇੜੇ ਤੇੜੇ ਰਹਿੰਦੇ ਸੀ। ਮੇਰੇ ਪਿੰਡ ਵਿੱਚ ਹੀ ਵੱਡੀ ਗਿਣਤੀ ਵਿੱਚ ਮੁੰਡੇ ਗੋਬਿੰਦਗੜ੍ਹ ਕੰਮ ਕਰਦੇ ਸੀ। ਅਫਸੋਸ ਅੱਜ ਉਹ ਸਾਰੇ ਘਰ ਵਿਹਲੇ ਬੈਠੇ ਹਨ। ਮੈ ਤਾਂ ਸੁਣਿਆ ਜਿਹੜੇ ਪਲਾਟ ਕਰੋੜਾ ਦੇ ਸੀ ਅੱਜ ਕੋਈ ਲੱਖਾ ਦੇ ਲੈਣ ਨੂੰ ਤਿਆਰ ਨਹੀ। ਦੋਸਤੋ ਕਾਰਨ ਤਾ ਮੈਨੂੰ ਪਤਾ ਨਹੀ ਮਿੱਲਾ ਬੰਦ ਹੋਣ ਦੇ। ਪਰ ਇਹਨਾਂ ਬੈਰੁਜ਼ਗਾਰਾ ਨੂੰ ਦੇਖ ਕੇ ਬੜਾ ਦੁੱਖ ਹੁੰਦਾ ਹੈ। ਦੀਪਾ ਵਿਚਾਰਾ ਉਦਾਸੀ ਭਰੇ ਦਿਲ ‘ਚ ਰੱਖੇ ਹੋਏ ਸ਼ਬਦਾ ‘ਚ ਕਹਿੰਦਾ,

ਯਾਰ ਕੋਈ ਬਾਹਰ ਦਾ ਜਗਾੜ ਹੀ ਲਵਾ ਦੇ ਵੀਰ ਬਣਕੇ। ਮੈ ਔਖਾ ਸੋਖਾ ਹੋਕੇ ਪੇਸੈ ਦਾ ਹੀਲਾ ਕਰ ਲਉਂਗਾ। ਮੇਰੇ ਬਾਹਰ ਜਾਣ ਨਾਲ ਜੇ ਮੇਰੇ ਪਰਿਵਾਰ ਵਾਲੇ ਸਾਰੀ ਉਮਰ ਸੁਖੀ ਵੱਸ ਲੈਣਗੇ ਤਾ ਮੈਨੂੰ ਬੜੀ ਖੁਸ਼ੀ ਹੋਵੇਗੀ।

ਕੁੱਝ ਪਲਾ ਲਈ ਉਹ ਸਾਰੇ ਚਿਹਰੇ ਅੱਖਾ ਸਾਹਮਣੇ ਘੁੰਮਣ ਲੱਗੇ ਜੋ-ਜੋ ਮੰਡੀ ਕੰਮ ਕਰਦੇ ਸੀ। ਦਿਲ ਉਦਾਸ ਜਿਹਾ ਹੋ ਗਿਆ ਤੇ ਚੱਲ ਮੈ ਦੇਖਦਾ ਕਹਿ ਕੇ ਫੋਨ ਕੱਟ ਦਿੱਤਾ। ਹੋਰ ਬੜੇ ਨੇ ਦੀਪੇ ਨਾਲ ਦੇ ਜਿਹੜੇ ਪਰਦੇਸਾਂ ਦਾ ਰਾਹ ਮੱਲ ਰਹੇ ਨੇ ਇਸੇ ਬੇਰੁਜ਼ਗਾਰੀ ਕਰਕੇ। ਬਹੁਤੇ ਤਾ ਵੇਹਲੇ ਰਹਿ ਕੇ ਨਸ਼ਿਆ ਦੇ ਰਾਹੀ ਪੇਗੈ ਹਨ। ਚੋਰੀਆਂ ਅਤੇ ਨਸ਼ੇੜੀਆ ਦੀ ਗਿਣਤੀ ਵੱਧਣ ਦਾ ਸਭ ਤੋ ਵੱਡਾ ਕਾਰਣ ਇਹੀ ਹੈ। ਸਰਕਾਰਾ ਹਰ ਸਾਲ ਵੋਟਾ ਵੇਲੇ ਤਰੱਕੀ ਵਾਲਾ ਲੋਲੀਪਾਪ ਲੋਕਾਂ ਦੇ ਮੂੰਹ ਵਿੱਚ ਦੇ ਦਿੰਦੇ ਹਨ, ਅਤੇ ਸਾਡੇ ਲੋਕੀ ਖੁਸ਼ੀ-ਖੁਸ਼ੀ ਪੰਜ ਸਾਲ ਕੱਢ ਦਿੰਦੇ ਹਨ। ਕਦੋਂ ਤੱਕ ਅਸੀ ਲੋਕ ਵੋਟਾ ਮੰਗਣ ਆਉਂਦਿਆ ਨੂੰ ਚਾਹ-ਪਾਣੀ ਪਿਲਾ ਕੇ ਮੋੜਦੇ ਰਹਾਗੇ। ਜਿੰਨੇ ਵੀ ਲੀਡਰ ਨੇ ਸਭ ਦੇ ਕਾਰੋਬਾਰ ਵਧੀਆ ਚੱਲਦੇ ਨੇ ਪਰ ਗਰੀਬ ਲੋਕ ਜਾ ਮਜ਼ਦੂਰ ਵਿਚਾਰੇ ਕੀ ਕਰਨਗੇ ਇਸ ਮਹਿਗਾਈ ਦੇ ਜਮਾਨੇ ਵਿੱਚ।

Tagged In
  • Comments
comments powered by Disqus