ਕਿਵੇਂ ਕਹੀਏ ਕਿ ਦੁਨੀਆਂ ਬਦਲ ਗਈ ਏ

ਕਹਿੰਦੇ ਦੁਨੀਆਂ ਬਦਲ ਗਈ ਪਰ ਕਿੱਥੇ ਬਦਲੀ ਏ,
ਕਹਿੰਦੇ ਆਦਮ ਜਾਤ ਸੰਭਲ ਗਈ ਪਰ ਕਿੱਥੇ ਸੰਭਲੀ ਏ,
ਮਜ਼ਹਬਾਂ ਦੇ ਨਾਂ ਤੇ ਲੜਦੀ ਸੀ, ਅੱਜ ਵੀ ਲੜਦੀ ਏ, ਦੁਨੀਆਂ ਕਿੱਥੇ ਬਦਲੀ ਏ?

ਅੱਜ ਦੁਨੀਆਂ ਵਿੱਚ ਇੱਕ ਨਹੀਂ ਅਨੇਕਾਂ ਧਰਮ ਹਨ। ਹਰੇਕ ਆਪਣੇ ਧਰਮ ਨੂੰ ਸਰਵਸ਼੍ਰੇਸ਼ਟ ਦੱਸਦਾ ਹੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਧਰਮਾਂ ਦੀ ਲੜਾਈ ਭਾਰਤ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਭਾਰਤ ਵਿੱਚ ਐਨੇ ਆਮਦਨੀ ਦੇ ਸਾਧਨ ਹੁੰਦਿਆਂ ਹੋਇਆਂ ਵੀ ਭਾਰਤ ਵਿੱਚੋਂ ਗਰੀਬੀ ਦੂਰ ਨਹੀਂ ਹੋ ਰਹੀ। ਲੋਕ ਵਿਲਕ ਰਹੇ ਹਨ। ਲੱਖਾਂ ਲੋਕ ਫੁਟਪਾਥਾਂ ਤੇ ਸੌਂਦੇ ਹਨ। ਪਤਾ ਨਹੀਂ ਕਿੰਨੇ ਲੋਕ ਬਿਨਾਂ ਰੋਟੀ ਖਾਧੇ ਸੌਂਦੇ ਹਨ। 1947 ਦਾ ਵਕਤ ਵੀ ਆਮ ਜਨਤਾ ਲਈ ਬੜਾ ਦੁਖਦਾਈ ਸੀ। ਗੱਲ ਕੀ, ਬਾਤ ਕੀ, ਮਾਰ ਸਭ ਤੋਂ ਵੱਧ ਪੰਜਾਬੀਆਂ ਤੇ ਪਈ। ਅੱਜ ਵੀ ਮਜ਼ਹਬਾਂ ਦੇ ਨਾਂ ਤੇ ਮੰਦਿਰ, ਮਸਜਿਦ ਕਿਉਂ ਢਹਿੰਦੇ ਨੇ? ਫਿਰ ਕਹਿੰਦੇ ਹਾਂ ਕਿ ਇਹ ਸਮਾਜ ਵਿਰੋਧੀ ਤਾਕਤਾਂ ਦਾ ਜਾਂ ਆਂਤਕਵਾਦੀਆਂ ਦਾ ਕਾਰਨਾਮਾ ਹੈ, ਪਰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਕੋਈ ਮਾਂ ਦੇ ਪੇਟੋਂ ਜੰਮ ਕੇ ਸਿੱਧਾ ਸਮਾਜ ਵਿਰੋਧੀ ਕਿਵੇਂ ਬਣ ਜਾਂਦਾ ਹੈ, ਸਿਰਫ ਉਨ੍ਹਾਂ ਬੱਚਿਆਂ ਨੂੰ ਧਰਮ ਦੇ ਨਾਮ ਤੇ ਗੁੰਮਰਾਹ ਕਰ ਦਿੱਤਾ ਜਾਂਦਾ ਹੈ ਅਤੇ ਇੱਕ ਦੂਸਰੇ ਧਰਮ ਪ੍ਰਤੀ ਉਸ ਅੰਦਰ ਸ਼ੁਰੂ ਤੋਂ ਹੀ ਨਫ਼ਰਤ ਭਰ ਦਿੱਤੀ ਜਾਂਦੀ ਹੈ। ਅੱਤਵਾਦ ਵੀ ਸਭ ਮਜ਼ਹੱਬਾਂ/ਧਰਮਾਂ ਦੀ ਦੇਣ ਹੈ ਇਹ ਸਾਨੂੰ ਸਵੀਕਾਰ ਕਰਨਾ ਪਵੇਗਾ ਕਿਉਂਕਿ ਅੱਜ ਵੀ ਅਸੀਂ ਇਸ ਫਿਰਕਾਪ੍ਰਸਤੀ ਵਿੱਚੋਂ ਨਹੀਂ ਨਿੱਕਲ ਰਹੇ। ਕਹਿਣ ਨੂੰ ਭਾਵੇਂ ਜੋ ਮਰਜੀ ਕਹੀ ਜਾਈਏ, ਪਰ ਹਾਲਾਤ ਪਹਿਲਾਂ ਵਾਲੇ ਹੀ ਨੇ। ਜੇਕਰ ਪੁਰਾਤਨ ਨੂੰ ਅੱਜ ਨਾਲ ਮੇਲ ਕੇ ਵੇਖੀਏ ਸਭ ਕੁਝ ਉਹੀ ਹੈ। ਇੱਕ ਗੱਲ ਹੋਰ ਜਦ ਤੱਕ ਦੁਨੀਆਂ ਵਿੱਚ ਮਜ਼ਹਬ ਨੇ ਉਹਦੋਂ ਤੱਕ ਇਹ ਲੜਾਈ ਇਸੇ ਤਰ੍ਹਾਂ ਚਲਦੀ ਰਹਿਣੀ ਏ, ਸ਼ਾਇਦ ਕਦੇ ਵੀ ਖਤਮ ਨਹੀਂ ਹੋਣੀ। ਬੜੇ ਦੁੱਖ ਦੀ ਗੱਲ ਹੈ ਸਾਰੇ ਮਜਹਬਾਂ ਦੇ ਲੀਡਰ ਇੱਕੋ ਜਗ੍ਹਾ ਇੱਕਠੇ ਹੋ ਕੇ ਬੈਠ ਤਾਂ ਜਾਂਦੇ ਹਨ ਪਰ ਉਹਨਾਂ ਦੇ ਵਿਚਾਰ ਹੀ ਨਹੀਂ ਮਿਲਦੇ, ਦੁਨੀਆਂ ਤੇ ਹੁਣ ਤੱਕ ਜਿੰਨਾਂ ਸੰਤਾਂ, ਪੀਰਾਂ, ਫਕੀਰਾਂ, ਰਿਸ਼ੀ, ਭਗਤਾਂ, ਗੁਰੂਆਂ, ਔਲੀਏ, ਪੈਗੰਬਰ, ਜਿੰਨਾਂ ਨੇ ਵੀ ਧਰਮ ਤੋਂ ਥੋੜਾ ਜਿਹਾ ਪਰੇ ਹੱਟ ਕੇ ਏਕਤਾ ਦਾ ਰਾਗ ਅਲਾਪਿਆ, ਉਨ੍ਹਾਂ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਸਦੇ ਮਜ਼ਹਬ ਵਾਲਿਆਂ ਨੇ ਹੀ ਉਸਨੂੰ ਕਾਫ਼ਿਰ, ਗਦਾਰ ਵਗੈਰਾ ਵਗੈਰਾ ਕਹਿ ਕੇ ਕੱਢ ਦਿੱਤਾ। ਜਿਸਦੀਆਂ ਉਦਾਹਰਣਾਂ ਬਹੁਤ ਹਨ। ਤੁਹਾਨੂੰ ਸਭ ਨੂੰ ਪਤਾ ਹੋਣਾ, ਸਭ ਨੇ ਪੜ੍ਹੀਆਂ ਵੀ ਹੋਣੀਆਂ। ਜਦੋਂ ਵੀ ਦੁਨੀਆਂ ਤੇ ਚੰਗਾ ਕੰਮ ਹੋਣ ਲਗਦਾ ਹੈ। ਇਹ ਮਜ਼ਹਬ ਹੀ ਰਾਹ ਦਾ ਰੋੜਾ ਬਣੇ ਹਨ।

ਬੇਗਾਨੇ ਜਿਸਮਾਂ ਦੀ ਭੁੱਖ ਪਹਿਲਾਂ ਵੀ ਸੀ, ਹੁਣ ਵੀ ਏ,
ਇਹ ਦੁਨੀਆਂ ਪੈਸੇ ਦੀ ਪੁੱਤ ਪਹਿਲਾਂ ਵੀ ਸੀ, ਹੁਣ ਵੀ ਏ,
ਚੰਦ ਸਿੱਕਿਆਂ ਲਈ ਕਤਲ ਪਹਿਲਾਂ ਵੀ ਹੁੰਦੇ ਸੀ, ਹੁਣ ਵੀ ਹੁੰਦੇ ਨੇ,
ਫਿਰ ਕਿਵੇਂ ਕਹੀਏ ਕਿ ਦੁਨੀਆਂ ਬਦਲ ਗਈ ਹੈ?

ਪ੍ਰਮਾਤਮਾ ਨੇ ਦੁਨੀਆਂ ਉਤੇ ਹਰ ਚੀਜ਼ ਜੋੜਾ-ਜੋੜਾ ਸਿਸਟਮ ਮੁਤਾਬਿਕ ਬਣਾ ਕੇ ਭੇਜੀ ਹੈ। ਪਰ ਜਦ ਕੋਈ ਵੀ ਆਪਣੀ ਚੀਜ਼ ਛੱਡਕੇ ਪ੍ਰਮਾਤਮਾ ਦੇ ਬਣਾਏ ਸਿਸਟਮ ਨੂੰ ਤੋੜ ਕੇ ਦੂਸਰੀ ਤੇ ਧਿਆਨ ਕੇਂਦਰ ਕਰਦਾ ਹੈ ਤਾਂ ਫੇਰ ਵਿਨਾਸ਼ ਦਾ ਕਾਰਨ ਬਣਦਾ ਹੈ। ਚੰਦ ਕੁ ਰੱਬ ਦੀਆਂ ਰੂਹਾਂ ਵਾਲੇ ਮਹਾਂਪੁਰਸ਼ਾਂ ਨੂੰ ਛੱਡਕੇ ਸ਼ਾਇਦ ਨਹੀਂ ਲੱਗਦਾ ਕਿ ਕਿਸੇ ਨੇ ਬੇਗਾਨੇ ਜਿਸਮ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ ਜਾਂ ਸੋਚਿਆ ਤੱਕ ਵੀ ਨਾ ਹੋਵੇ। ਅੱਜ ਵੀ ਔਰਤ ਮਰਦਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ। ਪਰ ਸਮਝ ਨਹੀਂ ਆਉਂਦੀ ਬੋਲਦੀ ਕਾਹਤੋਂ ਨਹੀਂ। ਅੱਜ ਦੇ ਟਾਈਮ ਵਿੱਚ ਕੋਈ ਵੀ ਨਿਊਜ਼ ਪੇਪਰ ਪੜਕੇ ਵੇਖੋ ਹਰ ਰੋਜ਼ ਅਖ਼ਬਾਰਾਂ ਵਿੱਚ ਦੋ-ਤਿੰਨ ਬਲਾਤਕਾਰ ਜਾਂ ਹੋਰ ਜਿਨਸੀ, ਮਾਨਸਿਕ ਜ਼ੁਲਮਾਂ ਦੀਆਂ ਖਬਰਾਂ ਮਿਲ ਹੀ ਜਾਂਦੀਆਂ ਨੇ, ਪਰ ਇਨ੍ਹਾਂ ਬਲਾਤਕਾਰੀਆਂ ਨੂੰ ਸਜਾ ਘੱਟ ਹੀ ਮਿਲਦੀ ਹੈ। ਬਾਕੀ ਸਭ ਕੇਸ ਰਫੂਦਫੂ ਹੋ ਜਾਂਦੇ ਹਨ। ਕੁੱਝ ਪੈਸਿਆਂ ਕਰਕੇ, ਕੁੱਝ ਇੱਜ਼ਤਾਂ ਕਰਕੇ, ਕੁੱਝ ਰਸੂਖ ਕਰਕੇ, ਕੁੱਝ ਗਰੀਬੀ ਕਰਕੇ। ਪਰ ਜੇਕਰ ਡੂੰਘੀ ਸੋਚ ਸੋਚੀਏ ਉਏ ਭਲਿਓ ਲੋਕੋ ਜਿਹੜੀ ਇੱਜ਼ਤ ਖਰਾਬ ਹੋਣੀ ਸੀ ਉਹ ਤਾਂ ਹੋ ਗਈ। ਹੁਣ ਇਨ੍ਹਾਂ ਦੋਸ਼ੀਆਂ ਨੂੰ ਸਮਾਜ ਵਿੱਚ ਉਜਾਗਰ ਕਰਕੇ ਸਜ਼ਾ ਦਿਵਾਉ ਤਾਂ ਕਿ ਅੱਗੇ ਤੋਂ ਅਜਿਹੀਆਂ ਵਾਰਦਾਤਾਂ ਕਰਨ ਵਾਲੇ ਸੌ ਵਾਰ ਸੋਚਣ। ਕਿਉਂਕਿ ਘਟਨਾ ਦੀਆਂ ਖਬਰਾਂ ਤਾਂ ਅਸੀਂ ਰੋਜ਼ ਪੜ੍ਹਦੇ ਹਾਂ, ਪਰ ਉਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਕੀ ਹੋਇਆ? ਸ਼ਾਇਦ ਆਪਾਂ ਵੀ ਭੁੱਲ ਜਾਂਦੇ ਹਾਂ, ਕਿਉਂਕਿ ਅਖਬਾਰਾਂ ਵਿੱਚ ਇਹੋ ਜਿਹੀਆਂ ਖਬਰਾਂ ਬਹੁਤ ਘੱਟ ਹੀ ਛਪਦੀਆਂ ਨੇ ਕਿ 6 ਮਹੀਨੇ ਪਹਿਲਾਂ ਹੋਏ ਬਲਾਤਕਾਰ ਕੇਸ ਵਿੱਚ ਕਿਸ ਨੂੰ ਕਿੰਨੀ ਸਜਾ ਮਿਲੀ। ਦੁਨੀਆਂ ਪੈਸੇ ਦੀ ਪੁੱਤ ਪਹਿਲਾਂ ਵੀ ਸੀ ਤੇ ਹੁਣ ਵੀ ਏ, ਪੈਸੇ ਖਾਤਿਰ ਅੱਜ ਕੱਲ ਰਿਸ਼ਤਿਆਂ ਦੀ ਮਰਿਆਦਾ ਵੀ ਤਾਰ-ਤਾਰ ਹੋ ਰਹੀ ਹੈ। ਆਪਣੇ ਸਕੇ ਸੰਬੰਧੀਆਂ ਦਾ ਹੀ ਪੈਸੇ ਖਾਤਿਰ ਲੋਕ ਕਤਲ ਕਰੀ ਜਾਂਦੇ ਨੇ, ਬੇਗਾਨਿਆਂ ਦੀ ਤਾਂ ਗੱਲ ਹੀ ਛੱਡੋ।

ਜੰਮਦੀਆਂ ਦੇ ਖੂਨ ਉਦੋਂ ਵੀ ਹੁੰਦੇ ਸਨ, ਤੇ ਅੱਜ ਵੀ ਹੁੰਦੇ ਨੇ
ਮਰਦਾਂ ਹੱਥ ਕਾਨੂੰਨ ਉਦੋਂ ਵੀ ਸਨ, ਤੇ ਅੱਜ ਵੀ ਨੇ
ਔਰਤ ਮਜ਼ਲੂਮ ਉਦੋਂ ਵੀ ਸੀ, ਤੇ ਅੱਜ ਵੀ ਏ। ਫਿਰ ਕਿਵੇਂ ਕਹੀਏ ਕਿ ਦੁਨੀਆਂ ਬਦਲ ਗਈ ਹੈ?

ਇਸ ਸੱਚਾਈ ਨੂੰ ਕੋਈ ਵੀ ਝੁਠਲਾ ਨਹੀਂ ਸਕਦਾ ਕਿ ਔਰਤ ਨੂੰ ਹਮੇਸ਼ਾ ਪੈਰ ਦੀ ਜੁੱਤੀ ਸਮਝਿਆ ਜਾਂਦਾ ਰਿਹਾ ਹੈ। ਧੀਆਂ ਨੂੰ ਪਰਾਇਆ ਧਨ ਹੀ ਕਿਹਾ ਜਾਂਦਾ ਹੈ। ਲੋਕੀ ਧੀਆਂ ਨੂੰ ਪਹਿਲਾਂ ਵੀ ਅਪਣਾ ਕੇ ਰਾਜੀ ਨਹੀਂ ਸਨ ਤੇ ਇਹੋ ਕੁੱਝ ਅੱਜ ਵੀ ਜਾਰੀ ਹੈ। ਮੁੱਢ ਤੋਂ ਲੈ ਕੇ ਮਰਦਾਂ ਹੱਥ ਹੀ ਕਾਨੂੰਨ ਰਹੇ ਨੇ, ਉਹ ਜਿਵੇਂ ਮਰਜ਼ੀ ਕਰੀ ਜਾਣ, ਬੱਸ ਔਰਤ ਚੁੱਪ ਕਰਕੇ ਸਹੀ ਜਾਵੇ। ਮਰਦ ਜਿੱਥੇ ਮਰਜ਼ੀ ਜਾਵੇ, ਉਹਨੂੰ ਕੁੱਝ ਵੀ ਦੱਸਣ ਦੀ ਲੋੜ ਨਹੀਂ। ਪਰ ਜੇਕਰ ਔਰਤ ਨੇ ਕਿਤੇ ਜਾਣਾ ਹੈ ਤਾਂ ਉਹ ਦੱਸ ਕੇ ਜਾਵੇ। ਕਿਉਂ ਬਈ, ਇਹ ਕੀ ਸਿਸਟਮ ਹੈ? ਕੀ ਅੱਜ ਇਹ ਸਭ ਨਹੀਂ ਹੋ ਰਿਹਾ। ਜੇਕਰ ਹੋ ਰਿਹਾ ਹੈ ਤਾਂ ਫਿਰ ਕਿਵੇਂ ਕਹਿ ਸਕਦੇ ਹਾਂ ਦੁਨੀਆਂ ਬਦਲ ਗਈ।

ਲੋਕ ਉਦੋਂ ਵੀ ਜ਼ੁਲਮ ਜ਼ਰਦੇ ਸੀ, ਹੁਣ ਵੀ ਜ਼ਰਦੇ ਨੇ,
ਹਾਕਮ ਪਹਿਲਾਂ ਵੀ ਕੁਰਸੀ ਲਈ ਲੜਦੇ ਸੀ, ਹੁਣ ਵੀ ਲੜਦੇ ਨੇ
ਖਲਕਤ ਪਹਿਲਾਂ ਵੀ ਬੇਦੋਸ਼ੀ ਮਰਦੀ ਸੀ, ਜੋ ਹੁਣ ਵੀ ਮਰਦੀ ਏ,
ਫਿਰ ਕਿਵੇਂ ਕਹੀਏ ਕਿ ਦੁਨੀਆਂ ਬਦਲ ਗਈ ਹੈ?

ਆਮ ਜਨਤਾ, ਆਮ ਲੋਕਾਂ ਨੂੰ ਕਦੇ ਵੀ ਸੁੱਖ ਦਾ ਸਾਹ ਨਹੀਂ ਮਿਲਿਆ। ਹਾਕਮ ਲੋਕ ਆਪਣੀ ਕੁਰਸੀ ਪਿੱਛੇ ਆਮ ਜਨਤਾ ਨੂੰ ਐਵੇਂ ਹੀ ਦੂਜੇ ਨਾਲੋਂ ਤੋੜੀ ਜਾਂਦੇ ਹਨ। ਪਹਿਲਾਂ ਪੁਰਾਤਨ ਸਮੇਂ ਤੇ ਝਾਤ ਮਾਰੀਏ, ਅੱਗੇ ਕੀ ਹੁੰਦਾ ਸੀ। ਸਾਡੇ ਭਾਰਤ ਦੀ ਗੱਲ ਲੈ ਲਵੋ, ਛੋਟੇ-ਛੋਟੇ ਰਾਜ ਹੋਇਆ ਕਰਦੇ ਸਨ। ਉਨਾਂ ਟਾਈਮਾਂ ਵਿੱਚ ਵੱਡੇ ਰਾਜੇ ਅਕਸਰ ਛੋਟਿਆਂ ਨੂੰ ਆਪਣੇ ਅਧੀਨ ਕਰਨ ਦੀ ਹੋੜ ਵਿੱਚ ਰਹਿੰਦੇ ਸਨ। ਇੱਕ ਦੂਜੇ ਨੂੰ ਅਧੀਨ ਕਰਨ ਵਿੱਚ ਉਹ ਆਪਣੀ ਵਡਿਆਈ ਸਮਝਦੇ ਸਨ। ਜਦ ਕਿ ਅਸਲ ਇਹ ਬੇਵਕੂਫੀ ਸੀ। ਉਹ ਲੋਕ ਇਹ ਕਿਉਂ ਭੁੱਲ ਜਾਂਦੇ ਨੇ, ਜਦ ਨਾਲ ਤਾਂ ਕੁੱਝ ਜਾਣਾ ਨਹੀਂ ਫੇਰ ਕਾਹਦੇ ਲਈ ਮਾਣ ਹਕਾਰ ਕਰਨਾਂ, ਕਿਉਂ ਕਿਸੇ ਨੂੰ ਦੁਖੀ ਕਰਨਾ, ਕੀ ਫਾਇਦਾ ਮਿਲਦਾ ਸੀ। ਇੱਕ ਰਾਜੇ ਤੋ ਦੂਜੇ ਰਾਜੇ ਦਾ ਰਾਜ ਖੋਹਣ ਲਈ ਖੂਨ ਖਰਾਬਾ ਹੁੰਦਾ ਸੀ, ਤੇ ਮਰਦੀ ਸਿਰਫ ਆਮ ਜਨਤਾ ਸੀ। ਜਨਤਾ ਦਾ ਕੀ ਕਸੂਰ, ਉਹਨਾਂ ਤੇ ਕਿਉਂ ਹਮਲੇ ਹੁੰਦੇ ਸੀ। ਅੱਜ ਦੇ ਟਾਈਮ ਵਿੱਚ ਵੀ ਇਹੀ ਹਾਲ ਹੈ, ਹਾਕਮ ਆਪਣੀ ਕੁਰਸੀ ਪਿੱਛੇ ਕੁੱਝ ਵੀ ਕਰ ਸਕਦੇ ਹਨ। ਇਸੇ ਰਾਜ ਰੌਲੇ ਵਿੱਚ ਜਨਤਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਰਦੀ ਆ ਰਹੀ ਹੈ ਪਰ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ। ਐਵੇਂ ਅੰਨੇ ਵਾਹ, ਬਿਨ੍ਹਾਂ ਸੋਚੇ ਸਮਝੇ ਆਪਣੇ ਥੋੜੇ ਜਿਹੇ ਲਾਲਚ ਲਈ, ਕਿਸੇ ਦੇ ਮਗਰ ਨਾ ਲੱਗਣ, ਆਪਣੀ ਸੋਚ ਨਾਲ ਆਪਣਾ ਰਾਜਾ/ਮੰਤਰੀ/ਨੁੰਮਾਇੰਦਾ ਚੁਣਨ।

ਹਿੰਦੋਸਤਾਨ ਵਿੱਚ ਮੁੱਢ ਤੋਂ ਲੈ ਕੇ ਹੁਣ ਤੱਕ ਜਿਹੜਾ ਤਾਂ ਅਮੀਰ ਹੈ ਉਹ ਅਮੀਰ ਹੋਈ ਜਾਂਦਾ ਹੈ, ਜਿਹੜਾ ਗਰੀਬ ਹੈ ਉਹ ਗਰੀਬ ਹੋਈ ਜਾਂਦਾ ਹੈ। ਕਈ ਲੋਕ ਐਨੇ ਗਰੀਬ ਹਨ ਕਿ ਦੋ ਵਕਤ ਦੀ ਰੋਟੀ ਖਾਣ ਜੋਗਾ ਅੰਨ ਵੀ ਨਸੀਬ ਨਹੀਂ ਹੁੰਦਾ। ਉਸ ਵਕਤ ਬੰਦਾ ਆਪਣੀ ਇੱਜ਼ਤ ਤੱਕ ਵੇਚ ਦਿੰਦਾ ਸੀ (ਅਨਪੜ੍ਹਤਾ/ਅਗਿਆਨਤਾ ਦੀ ਘਾਟ ਵੀ ਵਜ੍ਹਾ ਸੀ)। ਪਰੇਸ਼ਾਨ ਹੋਇਆ ਗਲਤ ਰਾਹਾਂ ਤੇ ਚੱਲ ਪੈਂਦਾ ਸੀ ਅਤੇ ਹੈ। ਉਸ ਸਮੇਂ ਮਜਬੂਰ ਬੇਵੱਸ ਇਨਸਾਨ ਦੀ ਕੋਈ ਬਾਂਹ ਨਹੀਂ ਫੜਦਾ। ਅੱਜ ਸਾਡੇ ਕਿਸਾਨ ਭਾਈਆਂ ਦਾ ਐਨਾ ਬੁਰਾ ਹਾਲ ਹੋਇਆ ਪਿਆ ਹੈ ਕਿ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਹੁਣ ਦੇ ਟਾਈਮ ਵਿੱਚ ਹਰ ਵੱਡੇ ਛੋਟੇ ਕਿਸਾਨ ਕਰਜ਼ਿਆਂ ਵਿੱਚ ਡੁੱਬੇ ਪਏ ਹਨ। ਕਿਉਂ? ਜਦ ਕਿ ਕਿਸਾਨ ਹੀ ਦੇਸ਼ ਦੇ ਅੰਨਦਾਤਾ ਸਮਝੇ ਜਾਂਦੇ ਹਨ। ‘ਜੈ ਜਵਾਨ ਜੈ ਕਿਸਾਨ’ ਦਾ ਇਹ ਨਾਹਰਾ ਸਿਰਫ ਨਾਹਰਾ ਹੀ ਰਹਿ ਗਿਆ ਲੱਗਦਾ ਹੈ? ਇਸ ਲਈ ਅੱਜ ਜਾਗਰੂਕ ਹੋਣ ਦੀ ਲੋੜ ਬਹੁਤ ਹੀ ਜ਼ਿਆਦਾ ਹੈ। ਸਰਕਾਰ ਤੇ ਆਸ ਰੱਖਣ ਦੀ ਵਜਾਏ ਸਾਨੂੰ ਆਪ ਵੀ ਉੱਦਮ ਕਰਨੇ ਚਾਹੀਦੇ ਹਨ। ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਐਵੇਂ ਛੋਟੀਆਂ ਛੋਟੀਆਂ ਗੱਲਾਂ ਤੇ ਲੜਕੇ ਪੈਸੇ ਅਤੇ ਸਮੇਂ ਦੀ ਬਰਬਾਦੀ ਕਰਨ ਦੀ ਬਜਾਏ ਸਰਬੱਤ ਦੇ ਭਲੇ ਲਈ ਕੰਮ ਕਰਨ ਦੀ ਲੋੜ ਹੈ, ਇਸ ਨਾਲ ਹੀ ਤੁਹਾਡਾ ਆਪਣਾ ਭਲਾ ਹੋ ਸਕਦਾ ਹੈ।

  • Comments
comments powered by Disqus