ਪੰਜਾਬ ਦੇ ਲੋਕਾਂ ਦਾ ਪਹਿਰਾਵਾ

Anthony | Flickr

ਪਹਿਰਾਵਾ ਮੂਲ ਰੂਪ ਵਿਚ ਮਨੁੱਖ ਦੀ ਸਰੀਰਕ ਲੋੜ ਨੂੰ ਪੂਰਾ ਕਰਦਾ ਹੈ. ਜਿਸਮ ਨੂੰ ਕੱਜਣ ਤੇ ਪ੍ਰਕ੍ਰਿਤਕ ਆਫਤਾਂ ਤੋਂ ਬਚਾਅ ਕਰਨ ਦੇ ਨਾਲ-ਨਾਲ ਪਹਿਰਾਵਾ ਲਿੰਗ ਉਤੇਜਨਾ ਨੂੰ ਵੀ ਨਿਯੰਤ੍ਰਿਤ ਕਰਦਾ ਹੈ. ਬੱਚੇ ਦੇ ਜਨਮ ਸਮੇਂ ਤੋਂ ਬੁਢਾਪੇ ਦੇ ਅੰਤਿਮ ਸੁਆਸਾਂ ਤੱਕ ਪੁਸ਼ਾਕ ਪਹਿਨਾਈ ਜਾਂਦੀ ਹੈ. ਬੱਚੇ ਦੀ ਪਹਿਲੀ ਪੁਸ਼ਾਕ ਝੱਗੀ ਤੇ ਕੱਛੀ ਹੁੰਦੀ ਹੈ, ਜਿਸ ਨੂੰ ਮਲਵਈ ਸ਼ਬਦਾਵਲੀ ਵਿਚ ਝੱਗਾ ਪੋਤ੍ੜਾ ਕਹਿੰਦੇ ਹਨ. ਜਨਮ ਤੋਂ ਇਕ ਸਾਲ ਤਕ ਮੁੰਡੇ ਅਤੇ ਕੁੜੀ ਦੀ ਪੁਸ਼ਾਕ ਇਕੋ ਜਿਹੀ ਹੁੰਦੀ ਹੈ, ਸਿਵਾਏ ਇਸਦੇ ਕੇ ਮੁੰਡੇ ਦੇ ਲੱਕ ਦੁਆਲੇ ਮਣਕੇ ਲੀਲ੍ਹਕਾਂ ਅਤੇ ਕੌਡੀਆਂ ਨਾ; ਸ਼ਿੰਗਾਰੀ ਤੜਾਗੀ ਪਾ ਦਿੱਤੀ ਜਾਂਦੀ ਹੈ. ਇਸ ਤੋਂ ਮਗਰੋਂ ਪਹਿਰਾਵਾ ਔਰਤ-ਮਰਦ ਦਾ ਪਛਾਣ-ਚਿੰਨ੍ਹ ਬਣ ਜਾਂਦਾ ਹੈ.

ਪਹਿਰਾਵੇ ਵਰਤੋਂ ਬਣਤਰ ਦਾ ਇਤਿਹਾਸ ਕਾਫੀ ਕਾਫੀ ਪ੍ਰਾਚੀਨ ਅਤੇ ਦਿਲਚਸਪ ਹੈ. ਵੈਦਿਕ ਸਮੇਂ ਵਿਚ ਪੁਸ਼ਾਕ ਕੇਲੇ, ਫਰਵਾਂਹ ਕੁਸ਼ਾ ਜਾਂ ਘਾਹ ਦੀ ਹੁੰਦੀ ਸੀ. ਸਰੀਰ ਦੇ ਕੁਝ ਖਾਸ ਅੰਗਾਂ ਨੂੰ ਢੱਕਣ ਲਈ ਹੀ ਵਰਤੀ ਜਾਂਦੀ ਸੀ. ਇਸ ਤੋਂ ਮਗਰੋਂ ਚਮੜਾ, ਰੇਸ਼ਮ ਅਤੇ ਉੱਨ ਦੇ ਸਧਾਰਨ ਕਿਸਮ ਦੇ ਕੱਪੜੇ ਵਰਤੇ ਜਾਣ ਲੱਗ ਪਏ. ਇਹ ਕੱਪੜੇ ਵੀ ਮਨੁੱਖੀ ਚਮੜੀ ਨੂੰ ਵਧੇਰੇ ਰਾਸ ਨਾ ਆਏ. ਮੌਸਮ ਬਦਲਣ ਉੱਤੇ ਇਹ ਸਰੀਰ ਲਈ ਸੁਖਾਵੇ ਨਹੀਂ ਸਨ ਰਹਿੰਦੇ. ਕਪਾਹ ਦੀ ਪੈਦਾਵਾਰ ਸ਼ੁਰੂ ਹੋਣ ਤੇ ਸਾਧਾਰਨ ਕਿਸਮ ਦਾ ਸੂਤੀ ਕੱਪੜਾ ਬਣਨ ਲੱਗ ਪਿਆ. ਸੂਤੀ ਪੱਦਰ ਪੰਜਾਬੀ ਲੋਕਾਂ ਦਾ ਮਨਭਾਉਂਦਾ ਕੱਪੜਾ ਬਣ ਗਿਆ.

ਪੁਰਾਣੇ ਪੰਜਾਬ ਦੇ ਪਿੰਡਾ ਦੇ ਲੋਕ ਘਰ ਦੇ ਕੱਤੇ ਸੂਤ ਦੇ ਕੱਪੜੇ ਪਹਿਨਦੇ ਸਨ. ਪਿੰਡ ਦਾ ਦਰਜੀ ਜਾਂ ਘਰ ਦੀ ਸੁਆਣੀ ਖ਼ੁਦ ਹੀ ਸੂਈ ਧਾਗੇ ਨਾਲ ਤੋਪੇ ਭਰ ਕੇ ਸਾਧਾਰਨ ਕਿਸਮ ਦਾ ਕੁੜਤਾ ਤਿਆਰ ਕਰ ਲੈਂਦੀ ਸੀ. ਤੇੜ ਵਿਚ ਖੱਦਰ ਦਾ ਪਰਨਾ ਬੰਨ੍ਹ ਲਿਆ ਜਾਂਦਾ ਸੀ. ਹੌਲੀ-ਹੌਲੀ ਕਮੀਜ਼ਾ ਬਣਨ ਲੱਗੀਆਂ. ਤਿੱਖੇ ਕਾਲਰ, ਗੋਲ ਕਾਲਰ, ਲੰਮੇ ਕਾਲਰ, ਛੋਟੇ ਕਾਲਰ ਮਨੁੱਖੀ ਸੁਹਜ ਦੀ ਤ੍ਰਿਪਤ ਕਰਨ ਲੱਗੇ. ਇਹੋ ਕਮੀਜ਼ ਅੰਗਰੇਜ਼ੀ ਪ੍ਰਭਾਵ ਅਧੀਨ ਸ਼ਰਟ, ਟੀ ਸ਼ਰਟ, ਓਪਨ ਸ਼ਰਟ, ਬੂ-ਸ਼ਰਟ ਬਣ ਗਏ. ਮਾਨੁੱਖੀ ਜੀਵਨ ਦੇ ਵਿਕਾਸ ਦੇ ਨਾਲ ਨਾਲ ਕੱਪੜੇ ਦੀ ਬਣਤਰ ਅਤੇ ਬੁਣਤਰ ਦੋਵਾਂ ਵਿਚ ਹੀ ਪਰਿਵਰਤਨ ਹੁੰਦਾ ਰਿਹਾ ਹੈ.

ਪੁਰਾਣੇ ਸਮੇਂ ਵਿਚ ਪੰਜਾਬੀ ਲੋਕ ਗੋਡਿਆਂ ਤੱਕ ਸੂਤੀ ਕਮੀਜ਼ਾਂ ਬੜੇ ਸ਼ੌਂਕ ਨਾਲ ਪਹਿਨਦੇ ਸਨ. ਸਿਰ ਉਪਰ ਪਟਕਾ ਰੱਖਦੇ ਸਨ, ਕਦੇ ਕਦਾਈਂ ਇਸ ਨੂੰ ਮੋਢੇ ਉਪਰ ਰੱਖਣ ਦਾ ਰਿਵਾਜ ਵੀ ਰਿਹਾ ਹੈ. ਲੱਕ ਦੁਆਲੇ ਚਾਨਰ ਬੰਨ੍ਹਣ ਦੀ ਰਵਾਇਤ ਕਾਫੀ ਪੁਰਾਣੀ ਅਤੇ ਹਰਮਨ ਪਿਆਰੀ ਰਹੀ ਹੈ. ਮਰਦ ਲੰਮੀਆਂ ਦਾੜੀਆਂ ਰੱਖਦੇ ਸਨ. ਕਦੇ ਕਦਾਈਂ ਇਸ ਨੂੰਮਹਿੰਦੀ ਆਦਿ ਰੰਗ ਲਿਆ ਜਾਂਦਾ ਸੀ. ਹੁਣ ਕੇਵਲ ਮੁਸਲਮਾਨ ਹੀ ਇੰਜ ਕਰਦੇ ਸਨ. ਪੰਜਾਬੀ ਲੋਕਾਂ ਦਾ ਪਹਿਰਾਵਾ ਵੀ ਉਨ੍ਹਾਂ ਦੇ ਸਰੀਰ ਵਾਂਗ ਹੀ ਖੁੱਲ੍ਹਾ ਡੁੱਲ੍ਹਾ ਹੁੰਦਾ ਸੀ. ਪੰਜਾਬੀ ਔਰਤਾਂ ਦਾ ਪਹਿਰਾਵਾ ਵੀ ਸਿੱਧਾ ਸਾਦਾ ਅਤੇ ਖੁੱਲ੍ਹਾ ਡੁੱਲ੍ਹਾ ਹੀ ਹੁੰਦਾ ਸੀ. ਸਰਦੀਆਂ ਵਿਚ ਔਰਤ ਮਰਦ ਸੂਤੀ ਕੱਪੜੇ ਦੀ ਬੁੱਕਲ ਮਾਰਦੇ ਸਨ. ਔਰਤਾਂ ਫੁਲਕਾਰੀ ਲੈਂਦੀਆਂ ਸਨ. ਫੁਲਕਾਰੀ ਅਤੇ ਕੱਢੇ ਬਾਗ ਅੱਜ ਤਕ ਪੰਜਾਬੀ ਸਭਿਆਚਾਰ ਦਾ ਚਿੰਨ੍ਹ ਬਣੇ ਹੋਏ ਹਨ.

ਸਮਾਂ ਬਦਲ ਜਾਣ ਉੱਤੇ ਪਹਿਰਾਵੇ ਦੀ ਨੁਹਾਰ ਵੀ ਬਦਲਦੀ ਰਹੀ. ਵਰਤਮਾਨ ਯੁੱਗ ਦੇ ਲੋਕਾਂ ਲਈ ਪੁਰਾਣੇ ਦਾ ਪਹਿਰਾਵਾ ਇਕ ਅਚੰਭਾ ਹੀ ਜਾਪਦਾ ਹੈ. ਇਕ ਸਮਾਂ ਸੀ ਜਦੋਂ ਮੱਨੁਖ ਕੇਵਲ ਖਾਸ ਗੁਪਤ ਅੰਗ ਹੀ ਢੱਕਦਾ ਸੀ. ਹੌਲੀ-ਹੌਲੀ ਵੱਧ ਤੋਂ ਵੱਧ ਸਰੀਰ ਕੱਜ ਕੇ ਰੱਖਣ ਦਾ ਰਿਵਾਜ ਬਣ ਗਿਆ. ਹਿੰਦੂ-ਸਿੱਖ ਬਰਾਦਰੀ ਵਿਚ ਘੁੰਡ ਅਤੇ ਮੁਸਲਮਾਨਾਂ ਵਿਚ ਪਰਦਾ (ਬੁਰਕਾ), ਇਸ ਰਿਵਾਜ ਦਾ ਸਿਖਰ ਹੈ. ਇਹ ਕੁਦਰਤੀ ਚਮਤਕਾਰ ਹੈ ਕੇ ਮਨੁੱਖ ਮੁੜ ਆਪਣੀ ਜਾਂਗਲੀ ਸਭਿਅਤਾ ਵੱਲ ਵਧਦਾ ਜਾ ਰਿਹਾ ਹੈ ਦਿਨੋ ਦਿਨ ਤਨ ਦਾ ਕੱਪੜਾ ਘਟਦਾ ਜਾ ਰਿਹਾ ਹੈ ਅਤੇ ਨੰਗੇਜ ਦ ਪਵਿਰਤੀ ਪ੍ਰਬਲ ਹੁੰਦੀ ਜਾ ਰਹੀ ਹੈ. ਆਧੁਨਿਕ ਔਰਤ ਜਿਸਮ ਉਪਰ ਬਰਦਾਸ਼ ਨਹੀਂ ਕਰ ਸਕਦੀ. ਉਹ ਕੱਪੜੇ ਦੀ ਪ੍ਰਦਰਸ਼ਨੀ ਪੁਸ਼ਾਕ ਦਾ ਸੰਬੰਧ ਕਿਉਂਕਿ ਲਿੰਗ-ਚੇਤਨਾ ਨਾਲ ਹੁੰਦਾ ਹੈ, ਇਸ ਲਈ ਦਿਨੋ ਦਿਨ ਬਲਾਤਕਾਰ ਦੇ ਕੇਸ ਵਧਦੇ ਜਾ ਰਹੇ ਹਨ.

ਪੰਜਾਬ ਦੀ ਮੁਟਿਆਰ ਅਕਸਰ ਗੋਡਿਆਂ ਤਕ ਨੀਵੀਂ ਕਮੀਜ਼ ਤੇ ਖੁੱਲ੍ਹੇ ਪਹੁੰਚੇ ਦੀ ਸਲਵਾਰ ਪਹਿਨਦੀ ਸੀ. ਸਿਰ ਅਤੇ ਮੋਢਿਆਂ ਉਪਰ ਚੁੰਨੀ, ਦੁਪੱਟਾ ਜਾਂ ਦੂਹਰਾ ਦੁਪੱਟਾ (ਦੋਹਸੜੀਆ) ਲਿਆ ਜਾਂਦਾ ਸੀ. ਪੈਰਾਂ ਵਿਚ ਪਿੰਡ ਦੇ ਮੋਚੀ ਦੀ ਬਣਾਈ ਸਾਧਾਰਨ ਕਿਸਮ ਦੀ ਜੁੱਤੀ ਹੁੰਦੀ ਸੀ. ਹੌਲੀ-ਹੌਲੀ ਸਿੱਧਾ ਸਾਦਾ ਪਹਿਰਾਵਾ ਅੰਗ ਕੱਜਣ ਦੀ ਥਾਂ ਸ਼ਿੰਗਾਰ ਦਾ ਕੁੜੀਆਂ ਇਸ ਫੈਸ਼ਨ ਦੀ ਦੌੜ ਵਿਚ ਇਕ ਦੂਜੇ ਵਿਚ ਇਕ ਦੂਜੇ ਨੂੰ ਪਛਾੜਨ ਦੀ ਰੁਚੀ ਰੱਖਣ ਲੱਗ ਪਏ. ਅੱਜ-ਕੱਲ੍ਹ ਸ਼ੌਕੀਨ ਮੁੰਡੇ ਯਤਨ ਕਰਦੇ ਹਨ ਕੀ ਉਹ ਕੁੜੀਆਂ ਵਰਗੇ ਲੱਗਣ ਅਤੇ ਸ਼ੌਕੀਨ ਕੁੜੀਆਂ ਮੁੰਡਿਆਂ ਵਾਂਗ ਲੱਗਣ ਦਾ ਯਤਨ ਕਰਦੀਆਂ ਹਨ.

ਪੰਜਾਬ ਅਨੇਕਾ ਭੂਗੋਲਿਕ ਟੁਕੜਿਆਂ ਦਾ ਖੇਤਰ ਹੈ. ਇਸ ਵਿਚ ਅਨੇਕਾ ਜਾਤਾਂ ਅਤੇ ਫਿਰਕੇ ਹਨ. ਲੋਕਾਂ ਦਾ ਧੰਦਾ ਵੀ ਵੰਨ-ਸਵੰਨਾ ਹੈ. ਇਸ ਲਈ ਇਥੋਂ ਦੇ ਪਹਿਰਾਵੇ ਵਿਚ ਵੰਨ-ਸਵੰਨਤਾ ਹੋਣੀ ਸੁਭਾਵਕ ਹੈ. ਸਕੂਲੀਏ ਬੱਚੇ ਨਵੇ, ਮੁੱਛ, ਫੱਟ ਕਾਲਜੀਏਰ, ਹਾਲੀ ਪਾਲੀ ਸਾਧੂ, ਫਕੀਰ, ਨਿਹੰਗ ਸਿੰਘ, ਨਾਮਧਾਰੀਏ ਇਹ ਪਹਿਰਾਵਾ ਸਫੈਦ ਰੰਗ ਦਾ ਪਹਿਨਦੇ ਹਨ. ਉਨ੍ਹਾਂ ਦਾ ਪੱਗ ਬੰਨਣ ਦਾ ਢੰਗ ਵੀ ਨਿਰਾਲਾ ਹੁੰਦਾ ਹੈ. ਨਾਥ, ਜੋਗੀ, ਸਾਧੂ ਸੰਤ (ਨਿਰਮਲੇ ਨਿਰਬਾਣ, ਵਿਰੱਕਤ ਪਰਮਗੰਮ) ਜਿਤਨੀਆਂ ਕਿਸਮਾਂ ਉਤਨੀ ਹੀ ਤਰ੍ਹਾਂ ਦਾ ਪਹਿਰਾਵਾ ਪਹਿਨਦੇ ਹਨ. ਹਿੰਦੂ ਬ੍ਰਾਹਮਣ ਟੰਗਵੀ ਧੋੰਤੀ ਗਲ ਵਿਚ ਲਾਲ ਰੰਗ ਦਾ ਪਰਨਾ, ਸਰੀਰ ਉੱਤੇ ਜਨੇਊ (ਜੰਝੂ) ਪਹਿਨਦੇ ਹਨ.

ਇਸ ਤੋਂ ਬਿਨਾਂ ਪਹਿਰਾਵੇ ਦੇ ਕੁਝ ਅਜਿਹੇ ਪੱਖ ਵੀ ਹਨ ਜੋ ਲਗਪਗ ਹਰ ਪੰਜਾਬੀ ਭਾਂਵੇ ਉਹ ਵੀ ਕਿੱਤੇ ਜਾਤ ਅਤੇ ਖੇਤਰ ਨਾਲ ਸੰਬੰਧ ਰੱਖਣਾ ਹੋਵੇ, ਪਹਿਨਦਾ ਹੈ.ਪਹਿਰਾਵੇ ਦੇ ਅਜਿਹੇ ਅੰਗ ਪੰਜਾਬੀ ਜਨ-ਜੀਵਨ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ. ਪੱਗ ਜਾਂ ਪੱਗੜੀ ਪੰਜਾਬੀ ਲੋਕਾਂ ਦਾ ਅਜਿਹਾ ਹਰਮਨ ਪਿਆਰਾ ਪਹਿਰਾਵਾ ਹੈ. ਪੰਜਾਬੀ ਸਭਿਆਚਾਰ ਵਿਚ ਪੱਗ ਦੀ ਵਿਸ਼ੇਸ਼ ਅਹਿਮੀਅਤ ਹੈ. ਦੇਸ਼-ਵਿਦੇਸ਼ ਦੇ ਹੋਰ ਅਨੇਕਾਂ ਲੋਕ ਭਾਵੇ ਪੱਗ ਬੰਨ੍ਹਦੇ ਹੋਣਗੇ, ਪਰੰਤੂ, ਪੰਜਾਬੀ ਪਹਿਰਾਵੇ ਵਿਚ ਜੋ ਸਨਮਾਨ ਪੱਗ ਨੂੰ ਹਾਸਲ ਹੈ, ਉਹ ਸ਼ਾਇਦ ਹੀ ਕਿਸੇ ਸਮਾਜ ਦੇ ਕਿਸੇ ਪਹਿਰਾਵੇ ਨੂੰ ਹੋਵੇ. ਪੰਜਾਬੀ ਲੋਕਾਂ ਲਈ ਪੱਗ ਅਨੇਕ ਅਰਥਾਂ ਦਾ ਬੋਧ ਕਰਵਾਉਂਦੀ ਹੈ. ਰੁੱਸੇ ਬੰਦੇ ਨੂੰ ਮੰਨਾਉਣ ਲਈ ਪੈਰੀਂ ਪੱਗ ਰੱਖਣਾ ਪੰਜਾਬੀ ਲੋਕਾਂ ਲਈ ਅੰਤਿਮ ਵਸੀਲਾ ਹੁੰਦਾ ਹੈ. ਹਰ ਪੰਜਾਬੀ ਪੱਗ ਦੀ ਲਾਜ ਰੱਖਦਾ ਹੈ. ਜਿਸ ਦੀ ਪੱਗ ਦਾਗੀ ਹੋ ਜਾਵੇ ਉਸ ਨੂੰ ਭਾਈਚਾਰਾ ਸਮਾਜਿਕ ਸਰਾਪ ਦੇ ਦਿੰਦਾ ਹੈ. ਖਾਸ ਜਿਸ ਨੂੰ ਬਰਾਦਰੀ ਵਿਚੋਂ ਛੇਕਣਾ ਕਹਿੰਦੇ ਹਨ. ਜ਼ਿੱਮੇਵਾਰੀ ਦੇਣ ਵੇਲੇ (ਲੰਬੜਦਾਰੀ, ਚੌਧਰ, ਡੇਰੇ ਦੀ ਮਹੰਤੀ ਆਦਿ) ਸੰਬੰਧਤ ਵਿਅਕਤੀ ਨੂੰ ਪੱਗ ਬੰਨ੍ਹੀ ਜਾਂਦੀ ਹੈ. ਮਰਗਤ ਸਮੇਂ ਵੀ ਪੱਗ ਦੀ ਰਸਮ ਅਦਾ ਕੀਤੀ ਜਾਂਦੀ ਹੈ. ਬੱਚੇ ਦੇ ਜਨਮ ਦੀ ਖੁਸ਼ੀ ਵਿਚ ਦਸਤਾਰਬੰਦੀ ਦੀ ਰਸਮ ਵੀ ਪੱਗ ਦਾ ਮਹੱਤਵ ਦਰਸਾਉਂਦੀ ਹੈ.

ਪੰਜਾਬੀ ਲੋਕ ਗੀਤਾਂ ਵਿਚ ਵੀ ਪੱਗ ਵਿਸ਼ੇਸ਼ ਦਰਜਾ ਰੱਖਦੀ ਹੈ. ਪੰਜਾਬੀ ਮੁਟਿਆਰ, ਪੰਜਾਬੀ ਗੱਭਰੂ ਨੂੰ ਕਿਨਾਰਾ ਦੱਸਣ ਲਈ ਤਾਹਨਾ ਮਾਰਦੀ ਆਖ ਦਿੰਦੀ ਹੈ.

ਤੈਨੂੰ ਪੱਗ ਬੰਨ੍ਹਣੀ,
ਤੈਨੂੰ ਲੜ ਛੱਡਣਾ,
ਤੈਨੂੰ ਹਲ ਵਾਹੁਣਾ ਨਾ ਆਵੇ,
ਤੇਰੇ ਘਰ ਕੀ ਵਸਣਾ.

ਢਾਕੇ ਦੀ 376 ਬਰੀਕ ਮਲ ਮਲ ਪੰਜਾਬੀ ਲੋਕਾਂ ਵਿਚ ਬਹੁਤ ਹਰਮਨ ਪਿਆਰੀ ਰਹੀ ਹੈ. ਇਸ ਦਾ ਇਕ ਥਾਨ ਆਖਦੇ ਹਨ ਤੀਲਾਂ ਵਾਲੀ ਡੱਬੀ ਵਿੱਚ ਦੀ ਲੰਘ ਜਾਂਦਾ ਸੀ. ਜਦੋਂ ਇਸ ਤਰ੍ਹਾਂ ਦੀ ਬਾਰੀਕ ਮਲ ਮਲ ਦੀ ਪੱਗ ਨੂੰ ਸੰਧੂਰੀ ਰੰਗ ਦਿਵਾ ਕੇ ਪੰਜਾਬੀ ਮੁਟਿਆਰ ਨੂੰ ਉਹ ਆਪਣਾ ਪ੍ਰੀਤਮ ਲੱਗਦਾ ਸੀ.

ਮੈਨੂੰ ਮਸਿਆ 'ਚ ਪੈਣ ਭੁਲੇਖੇ
ਤੇਰੀ ਵੇ ਸੰਧੂਰੀ ਪੱਗ ਦੇ.
ਲਹਿੰਗਾ ਰੰਗ ਦੇ ਲਲਾਰੀਆ ਮੇਰਾ
ਮਿੱਤਰਾਂ ਦੀ ਪੱਗ ਵਰਗਾ.

ਸੁਤੰਤਰਤਾ ਸੰਗਰਾਮ ਸਮੇਂ ਪੰਜਾਬੀ ਲੋਕਾਂ ਨੂੰ ਇਸ ਗੀਤ ਦੀਆਂ ਤੁਕਾ ਨੇ ਬਹੁਤ ਹੀ ਪ੍ਰਭਾਵਿਤ ਕੀਤਾ ਸੀ.

ਪਗੜੀ ਸੰਭਾਲ ਜੱਟਾ; ਪਗੜੀ ਸੰਭਾਲ ਉਇ.

ਪੰਜਾਬੀ ਪਹਿਰਾਵੇ ਵਿਚ ਪੱਗਾਂ ਵੀ ਕਿੰਨੇ ਰੰਗਾ ਅਤੇ ਵੰਨਗੀਆਂ ਦੀਆਂ ਹੁੰਦੀਆਂ ਹਨ. ਪਿੜੇ ਲਿਖੇ ਲੋਕ ਪਟਿਆਲੇ ਸ਼ਾਹੀ ਪੋਚਵੀ ਪੱਗ ਬੰਨ੍ਹਦੇ ਹਨ ਤੇ ਨੌਜਵਾਨ ਤਿੱਖੀ ਟੂਟੀ ਵਾਲੀ ਅਨਪੜ ਗੱਭਰੂ ਲੜ ਛੱਡ ਕੇ ਬੰਨ੍ਹਦਾ ਹੈ ਤੇ ਕੇਵਲ ਬੱਚੇ ਸਾਧਾਰਨ ਕਿਸਮ ਦੀ ਲਪੇਟਵੀੰ ਪੱਗ ਹੀ ਬੰਨ੍ਹ ਲੈਂਦੇ ਹਨ. ਉਮਰ, ਕਿੱਤੇ ਅਤੇ ਜਾਤ ਫਿਰਕੇ ਅਨੁਸਾਰ ਪੱਗ ਦਾ ਰੰਗ ਵੀ ਵੱਖਰਾ ਹੁੰਦਾ ਹੈ.

ਪੰਜਾਬੀ ਮਰਦਾਂ ਦੀ ਪੱਗ ਵਾਂਗ ਹੀ ਕੁਝ ਸਮਾਂ ਪਹਿਲਾਂ ਪੰਜਾਬੀ ਔਰਤਾਂ ਦੇ ਪਹਿਰਾਵੇ ਵਿਚ ਘੱਗਰੇ ਦੀ ਸ਼ਾਨ ਹੁੰਦੀ ਸੀ. ਪੰਜਾਬੀ ਸਮਾਜ ਵਿਚ ਹਰ ਸ਼ਾਦੀ ਸ਼ੁਦਾ ਔਰਤ ਲਈ ਘੱਗਰਾ ਲਾਜ਼ਮੀ ਪਹਿਨਣਾ ਹੁੰਦਾ ਸੀ. ਸਾਟਨ ਜਾਂ ਕਾਲੀ ਸੂਫ਼ ਦਾ ਘੱਗਰਾ, ਸਿਲਮੇ ਸਿਤਾਰਿਆਂ ਵਾਲਾ ਲਮਕਦਾ ਨਾਲਾ, ਉਪਰ ਟਸਰ ਦੀ ਕੱਢੀ ਚਾਦਰ ਦੀ ਬੁੱਕਲ ਪੰਜਾਬੀ ਮੁਟਿਆਰ ਦੇ ਹੁਸਨ ਨੂੰ ਚਾਰ ਚੰਨ ਲਾਉਣ ਵਾਲਾ ਪਹਿਰਾਵਾ ਹੁੰਦਾ ਸੀ. ਘੱਗਰੇ ਨਾਲ ਲੱਗੀ ਲੌਣ ਆਪਣਾ ਵੱਖਰਾ ਜਲੋੰ ਰੱਖਦੀ ਸੀ. ਇਕ ਘੱਗਰੇ ਨੂੰ ਵੀਹ ਗਜ਼ ਤਕ ਵੀ ਕੱਪੜਾ ਲੱਗ ਸਕਦਾ ਸੀ. ਅੱਜ ਕੱਲ੍ਹ ਘੱਗਰੇ ਦੀ ਲੋਕਪ੍ਰਿਅਤਾ ਬੱਸ ਲੋਕ-ਗੀਤਾਂ ਵਿਚੋਂ ਹੀ ਲੱਭੀ ਜਾ ਸਕਦੀ ਹੈ.

ਘੱਗਰਾ ਵੀ ਗਜ਼ ਦਾ, ਲੱਕ ਗੋਰੀ ਦਾ ਮਰੋੜੇ ਖਾਵੇ
ਮੇਰਾ ਘੱਗਰਾ ਸੂਫ਼ ਦਾ ਧਰਤੀ ਸੰਬਰਦਾ ਜਾਏ ਵੇ.
ਲੱਕ ਪਤਲਾ ਨਾੜ ਦਾ ਤੀਲਾ, ਘੱਗਰੇ ਦਾ ਭਾਰ ਨਾ ਸਹੇ.
ਕਾਲਾ ਘੱਗਰਾ ਸੰਦੂਕ ਵਿਚ ਮੇਰਾ, ਦੇਖ ਦੇਖ ਰੋਏਂਗਾ ਜੱਟਾ.
ਤੇਰਾ ਘੱਗਰਾ ਰਾਸ ਨਾ ਆਵੇ, ਸਹੁਰਿਆਂ ਦਾ ਪਿੰਡ ਆ ਗਿਆ.
ਘੱਗਰੇ ਦੀ ਵੇ ਲੌਣ ਭਿੱਜ ਗਈ.

ਉਂਜ ਤਾਂ ਵਿਆਹ ਮਗਰੋਂ ਸਾਰੀ ਉਮਰ ਪਰੰਤੂ ਪੁੱਤਰ ਦੀ ਸ਼ਾਦੀ ਤੱਕ ਔਰਤ ਨੂੰ ਘੱਗਰਾ ਪਹਿਨਣਾ ਲਾਜ਼ਮੀ ਸੀ. ਕਿਸੇ ਤਿੱਥ ਤਿਉਹਾਰ ਜਾਂ ਵਡੇਰੇ ਦੀ ਮੰਨਤਾ ਕਰਨ ਸਮੇਂ ਵੀ ਔਰਤ ਘੱਗਰਾ ਪਹਿਨਦੀ ਸੀ.

ਪੰਜਾਬੀ ਗੱਭਰੂ ਨੂੰ ਵੀ ਪਹਿਰਾਵੇ ਨਾਲ ਖਾਸ ਲਗਾਅ ਰਿਹਾ ਹੈ. ਕਿਸੇ ਦੀ ਆਰਥਿਕ ਹਾਲਤ ਜਾਂ ਕਿਸੇ ਚਰਿੱਤਰ ਨੂੰ ਪਛਾਣਨ ਸਮੇਂ ਵੀ ਸਿਆਣੇ ਬੰਦੇ ਪਹਿਰਾਵੇ ਦਾ ਜਾਇਜ਼ਾ ਲਿਆ ਕਰਦੇ ਸਨ. ਮਾਝੇ, ਮਾਲਵੇ ਅਤੇ ਦੁਆਬੇ ਦੇ ਗੱਭਰੂ ਧੂਹਵਾਂ ਚਾਦਰਾ ਬੰਨ੍ਹਣ ਦਾ ਸ਼ੌਂਕ ਰੱਖਦੇ ਸਨ. ਚਾਦਰੇ ਦੇ ਲੰਮੇ ਲੰਮੇ ਛੱਦ ਕੇ ਹਰ ਗੱਭਰੂ ਆਪਣੀ ਜਵਾਨੀ ਦਾ ਪ੍ਰਦਰਸ਼ਨ ਕਰਦਾ ਹੈ. ਮਲਵਈ ਲੋਕ ਭੋਥਾ ਬੰਨ੍ਹਣ ਦੇ ਸ਼ੌਕੀਨ ਰਹੇ ਹਨ. ਇਕ ਮਲਵਈ ਜਵਾਨ ਦੀ ਖਸਤਾ ਹਾਲਤ ਵੇਖ ਕੇ ਉਸ ਦੀ ਚਹੇਤੀ ਮੁਟਿਆਰ ਇਸ ਤਰ੍ਹਾਂ ਤਾਹਨਾ ਮਾਰਦੀ ਹੈ.

ਜੁੱਤੀ ਟੁੱਟਗੀ ਪਾਟ ਗਿਆ ਭੋਥਾ
ਯਾਰ ਨੰਗ ਹੋ ਗਿਆ ਕੁੜੀਓ.

ਪੰਜਾਬੀ ਮੁਟਿਆਰ ਦੇ ਪਹਿਰਾਵੇ ਵਿਚ ਅਨੇਕਾਂ ਕਿਸਮ ਦੇ ਕੱਪੜੇ ਸ਼ਾਮਿਲ ਰਹੇ ਹਨ. ਖੱਦਰ, ਲੱਠਾ, ਕਰੇਬ, ਛੀਂਟ, ਲੀਲਨ, ਲੇਡੀ ਮਿੰਟਲ ਪਾਪਲੀਨ, ਸਿਲਕ ਗਾਰਡਨ, ਟੈਰੀਕਾਟ, ਟੈਰੀ ਰੂਬੀਆਂ ਅਤੇ ਸ਼ੰਘਾਈ ਆਦਿ. ਹਰ ਪੰਜਾਬੀ ਔਰਤ ਦੇ ਦਿਲ ਨੂੰ ਕਾਲੀ ਸੂਫ਼ ਅਤੇ ਛੀਂਟ ਹੀ ਜਿੱਤ ਸਕੀ ਹੈ.

ਜੱਟੀ ਹੱਟੀ ਤੇ ਸ਼ਰਾਬਣ ਹੋਈ
ਸੱਪ ਰੰਗੀ ਛੀਂਟ ਦੇਖ ਕੇ.
ਸੁਥਣੇ ਸੂਫ਼ ਦੀਏ
ਤੈਨੂੰ ਸੱਸ ਮਰੀ ਤੇ ਪਾਵਾਂ.

ਪੰਜਾਬੀ ਔਰਤ ਫੁਲਕਾਰੀ ਬਾਗ, ਸੁਭਰ ਜਾਂ ਸਾਲੂ ਸਮਿਆਂ ਤੇ ਪਹਿਨਦੀ ਸੀ. ਪੈਰਾਂ ਵਿਚ ਅਕਸਰ ਪਿੰਡ ਦੇ ਮੋਚੀ ਬਣਾਈ ਜੁੱਤੀ ਹੀ ਪਾਈ ਜਾਂਦੀ ਸੀ. ਜੁੱਤੀ ਨੋਕ ਵਾਲੀ ਮੁੱਡੀ ਧੋੜੀ ਦੀ, ਖੱਲ ਦੀ ਅਤੇ ਕੁਰਮ ਦੀ ਮਸ਼ਹੂਰ ਹੁੰਦੀ ਸੀ. ਪੰਜਾਬੀ ਕੁੜੀ ਖੱਲ ਦੀ ਜੁੱਤੀ ਵਧੇਰੇ ਪਸੰਦ ਕਰਦੀ ਸੀ.

ਜੁੱਤੀ ਖੱਲ ਦੀ ਮਰੋੜਾ ਨਹੀਂ ਝੱਲਦੀ
ਜ਼ੋਰ ਜਵਾਨੀ ਦਾ.

ਹੌਲੀ ਹੌਲੀ ਮਰਦਾਂ ਵਿਚ ਗੁਰਗਾਬੀ ਤੇ ਖੋਸੇ ਦਾ ਰਿਵਾਜ ਪੈ ਗਿਆ ਤੇ ਵਿਆਹੁਲੀ ਪੰਜਾਬੀ ਕੁੜੀ ਕਾਲੇ ਸਲੀਪਰ ਜਾਂ ਸੈਂਡਲ ਪਹਿਣ ਲੱਗੀ.

ਗੋਰਾ ਰੰਗ ਸਲੀਪਰ ਕਾਲੇ
ਗੱਡੀ ਵਿਚੋਂ ਲੱਤ ਲਮਕੇ.
ਤੈਨੂੰ ਲੈ ਦਿਊਂ ਸਲੀਪਰ ਕਾਲੇ
ਭਾਵੇ ਮੇਰੀ ਮਹਿੰ ਵਿਕ ਜੇ.

ਪੱਛਮੀ ਪ੍ਰਭਾਵ ਅਧੀਨ ਪੰਜਾਬੀ ਲੋਕਾਂ ਦੇ ਪਹਿਰਾਵੇ ਦਾ ਰੰਗ ਰੂਪ ਬਹੁਤ ਬਦਲ ਗਿਆ ਹੈ. ਅੱਜ-ਕੱਲ੍ਹ ਦੇਸੀ ਬਣੇ ਕੱਪੜੇ ਦੀ ਥਾਂ ਵਿਦੇਸ਼ੀ ਕੱਪੜੇ ਨੂੰ ਤਰਹੀਜ ਦਿੱਤੀ ਜਾਂਦੀ ਹੈ. ਘੱਗਰਾ, ਫੁਲਕਾਰੀ, ਬਾਗ ਅਤੇ ਦੋਹਸੜੀਏ ਦਾ ਰਿਵਾਜ ਖਤਮ ਹੋ ਗਿਆ ਹੈ. ਅੱਜ ਦਾ ਨੌਜਵਾਨ ਪੈੰਟ ਕਮੀਜ਼ ਜਾਂ ਕਮੀਜ਼ ਪਜਾਮਾ ਪਾ ਕੇ ਅੱਪ ਟੂ ਡੇਟ ਦਿਸਣਾ ਚਾਹੁੰਦਾ ਹੈ. ਸਾੜੀ ਬਲਾਊਜ਼ ਅਤੇ ਮੈਕਸੀ ਦਾ ਰਿਵਾਜ ਵਧੇਰੇ ਚੱਲ ਰਿਹਾ ਹੈ. ਦੇਸੀ ਜੁੱਤੀ ਦੀ ਥਾਂ ਨਹੀ ਕਿਸਮ ਦੇ ਬੂਟ ਆ ਗਏ ਹਨ. ਅੱਜ ਦੇ ਤੇਜ਼ੀ ਨਾਲ ਬਦਲ ਰਹੇ ਸਮੇਂ ਵਿਚ ਖਾਲਸ ਪੰਜਾਬੀ ਪਹਿਰਾਵਾ ਕਿਧਰੇ ਟਾਵਾਂ ਹੀ ਲੱਭ ਸਕਦਾ ਹੈ.

Source:

ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਲੋਕਾਂ ਦਾ ਰਹਿਣ-ਸਹਿਣ (ਡਾ. ਮਨਦੀਪ ਕੌਰ)

Tagged In
  • Comments
comments powered by Disqus