ਜਗਰਾਵਾਂ ਦੀ ਰੌਸ਼ਨੀ (ਮੇਲਾ)

ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਮਾਲਵੇ ਦਾ ਪ੍ਰਸਿੱਧ ਮੇਲਾ ਹੈ ਜਿਹੜਾ 13, 14 ਅਤੇ 15 ਫੱਗਣ ਨੂੰ ਜਗਰਾਵਾਂ ਵਿਖੇ ਬੜੀ ਧੂਮ-ਧਾਮ ਨਾਲ਼ ਲੱਗਦਾ ਹੈ. ਜਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਕਾਫ਼ੀ ਵੱਡਾ ਕਸਬਾ ਹੈ ਜਿਹੜਾ ਲੁਧਿਆਣਾ ਤੋਂ 35 ਕਿਲੋਮੀਟਰ ਦੇ ਫ਼ਾਸਲੇ ਤੇ ਲੁਧਿਆਣਾ ਫ਼ਿਰੋਜ਼ਪੁਰ ਸੜਕ ਤੇ ਵਸਿਆ ਹੋਇਆ ਹੈ. ਕਹਿੰਦੇ ਹਨ ਦੋ ਸੌ ਸਾਲ ਪਹਿਲਾਂ ਇਸ ਕਸਬੇ ਨੂੰ ਰਾਏ ਕਾਹਲਾ ਨੇ ਆਬਾਦ ਕੀਤਾ ਸੀ ਤੇ ਸ਼ਹਿਰ ਦੀ ਵਿਉਂਤ ਲੱਪੇ ਸ਼ਾਹ ਫ਼ਕੀਰ ਨੇ ਉਲੀਕੀ ਸੀ. ਲੋਕ ਵਿਸ਼ਵਾਸ਼ ਅਨੁਸਾਰ ਉਹ ਜਿਵੇਂ-ਜਿਵੇਂ ਉਂਗਲੀ ਵਾਹੁੰਦਾ ਗਿਆ ਤਿਵੇਂ-ਤਿਵੇਂ ਸ਼ਹਿਰ ਆਬਾਦ ਹੁੰਦਾ ਗਿਆ. ਲੱਪੇ ਸ਼ਾਹ ਦਾ ਮਜ਼ਾਰ ਜਗਰਾਵਾਂ ਦੇ ਵਿਚਕਾਰ ਸਥਿਤ ਹੈ.

ਜਗਰਾਉਂ ਬਾਰੇ ਇੱਕ ਅਖਾਣ ਹੈ

ਜਗਰਾਵਾਂ ਠੰਡੀਆਂ ਛਾਵਾਂ
ਲੁਧਿਆਣੇ ਲੋਅ ਚਲਦੀ

ਇਥੇ ਠੰਡੇ ਵਰਤਾਉਣ ਵਾਲ਼ੇ ਪੰਜ ਫ਼ਕੀਰ ਰਹਿੰਦੇ ਸਨ

  1. ਲੱਪੇ ਸ਼ਾਹ
  2. ਮਹਿੰਦੀ ਸ਼ਾਹ
  3. ਟੁੰਡੇ ਸ਼ਾਹ
  4. ਕਾਲੇ ਸ਼ਾਹ
  5. ਮੋਹਕਮ ਦੀਨ

ਇਹ ਇਕੱਠੇ ਜਗਰਾਉਂ ਦੇ ਪੱਛਮ ਵੱਲ ਇੱਕ ਝੜੀ ਵਿੱਚ ਰਿਹਾ ਕਰਦੇ ਸਨ. ਇਹਨਾਂ ਦੀ ਮਹਿਮਾ ਸਾਰੇ ਇਲਾਕੇ ਵਿੱਚ ਫ਼ੈਲੀ ਹੋਈ ਸੀ. ਮੋਹਕਮ ਦੀਨ ਇੱਕ ਪੁੱਜਿਆ ਹੋਇਆ ਦਰਵੇਸ਼ ਸੀ. ਉਸ ਬਾਰੇ ਕਈ ਇਕ ਰਵਾਇਤਾਂ ਪ੍ਰਚੱਲਿਤ ਹਨ. ਕਈ ਕਰਾਮਾਤਾਂ ਉਸ ਦੇ ਨਾਂ ਨਾਲ ਜੁੜੀਆਂ ਹੋਈਆਂ ਹਨ. ਕਿਹਾ ਜਾਂਦਾ ਹੈ ਕਿ ਉਹ ਪੌਣਹਾਰੀ ਸੀ - ਕੁਝ ਵੀ ਨਹੀਂ ਸੀ ਖਾਂਦਾ. ਜੋ ਵੀ ਸ਼ਰਧਾਲੂ ਉਸ ਦੇ ਪਾਸ ਆਉਂਦਾ ਉਹਦੀ ਤਮੰਨਾ ਪੂਰੀ ਕਰਦਾ. ਹਜ਼ਾਰਾਂ ਸ਼ਰਧਾਲੂ ਉਸ ਨੂੰ ਪੂਜਦੇ ਸਨ. ਮੋਹਕਮ ਦੀਨ ਦੇ ਜੀਵਨ ਬਾਰੇ ਭਰੋਸੇਯੋਗ ਜਾਣਕਾਰੀ ਪ੍ਰਾਪਤ ਨਹੀਂ. ਜਗਰਾਵਾਂ ਦੇ ਪੱਛਮ ਵਿੱਚ ਉਸ ਦੀ ਦਰਗਾਹ ਹੈ ਜਿੱਥੇ ਰੌਸ਼ਨੀ ਦਾ ਮੇਲਾ ਆਪਣੇ ਜਲਵੇ ਦਿਖਾਉਂਦਾ ਹੈ.

ਜਗਰਾਵਾਂ ਦੀ ਰੌਸ਼ਨੀ ਦਾ ਜ਼ਿਕਰ ਪੰਜਾਬ ਦੇ ਕਈ ਇਕ ਲੋਕ ਗੀਤਾਂ ਵਿੱਚ ਆਉਂਦਾ ਹੈ

ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਲਗਦੀ ਰੌਸ਼ਨੀ ਭਾਰੀ
ਬੋਲੀਆਂ ਦੀ ਸੜਕ ਬੰਨ੍ਹਾ
ਜਿੱਥੇ ਖ਼ਲਕਤ ਲੰਘੇ ਸਾਰੀ
ਬੋਲੀਆਂ ਦਾ ਖੂਹ ਭਰ ਦਿਆਂ
ਪਾਣੀ ਭਰੇ ਝਾਂਜਰਾਂ ਵਾਲ਼ੀ
ਬੋਲੀਆਂ ਦੀ ਗੱਡੀ ਲੱਦ ਦਿਆਂ
ਜੀਹਨੂੰ ਇੰਜਣ ਲੱਗੇ ਸਰਕਾਰੀ
ਨਿਮ ਕੇ ਚੱਕ ਪੱਠਿਆ
ਗੇੰਦ ਘੂੰਗਰੂਆਂ ਵਾਲੀ

ਲੋਕ ਵਿਸ਼ਵਾਸ਼ ਅਨੁਸਾਰ ਜਿਹੜਾ ਵਿਅਕਤੀ ਮੋਹਕਮ ਦੀਨ ਦੀ ਦਰਗਾਹ ਤੇ ਸੁਖ ਸੁਖਦਾ ਹੈ ਉਸ ਦੀ ਹਰ ਕਾਮਨਾ ਪੂਰੀ ਹੋ ਜਾਂਦੀ ਹੈ. ਮੇਲੇ ਵਾਲ਼ੇ ਦਿਨ ਸ਼ਰਧਾਲੂ ਉਸ ਦੀ ਖ਼ਾਨਗਾਹ ‘ਤੇ ਚਰਾਗ ਜਲਾਉਂਦੇ ਹਨ. 13 ਫੱਗਣ ਦੀ ਰਾਤ ਨੂੰ ਚੌਂਕੀਆਂ ਭਰੀਆਂ ਜਾਂਦੀਆਂ ਹਨ. ਹਜ਼ਾਰਾਂ ਚਰਾਗ ਬਲਦੇ ਹਨ. ਇਸੇ ਕਰਕੇ ਇਸ ਮੇਲੇ ਦਾ ਨਾਂ ਰੌਸ਼ਨੀ ਦਾ ਮੇਲਾ ਪਿਆ ਹੈ. ਖ਼ਾਨਗਾਹ ਦੇ ਵਿਹੜੇ ਵਿੱਚ ਕਵਾਲੀਆਂ ਦੀਆਂ ਮਹਿਫ਼ਲਾਂ ਜੁੜਦੀਆਂ ਹਨ. ਬੜੀ ਦੂਰੋਂ-ਦੂਰੋਂ ਕੱਵਾਲ ਇਸ ਵਿੱਚ ਸ਼ਾਮਲ ਹੁੰਦੇ ਹਨ.

ਮੋਹਕਮ ਦੀਨ ਦੀ ਕਬਰ ਉੱਤੇ ਸ਼ਰਧਾਲੂ ਨਿਆਜ਼ ਚੜ੍ਹਾਉਂਦੇ ਹਨ. ਜਿਨ੍ਹਾਂ ਦੇ ਮੌਹਕੇ ਸੁੱਖੇ ਹੁੰਦੇ ਹਨ ਉਹ ਲੂਣ ਅਤੇ ਝਾੜੂ ਚੜ੍ਹਾਉਂਦੇ ਹਨ. ਕਈ ਪਤਾਸਿਆਂ ਦਾ ਪ੍ਰਸ਼ਾਦ ਚੜ੍ਹਾਉਂਦੇ ਹਨ. ਕੋਈ ਕੱਪੜੇ. ਮੇਲੇ ‘ਤੇ ਲੋਕੀਂ ਨਵੀਆਂ ਸੁੱਖਾਂ ਸੁਖ ਕੇ ਜਾਂਦੇ ਹਨ.

ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਮੇਲੇ ਵਿੱਚ ਖ਼ੂਬ ਰੌਣਕਾਂ ਹੋਇਆ ਕਰਦੀਆਂ ਸਨ. ਬੇਟ ਦੇ ਇਲਾਕੇ ਵਿੱਚ ਬਹੁਤੇ ਮੁਸਲਮਾਨ ਵਸੇ ਹੋਏ ਸਨ. ਆਲੇ-ਦੁਆਲੇ ਦਾ ਇਲਾਕਾ ਮਲਵੀਆਂ ਨਾਲ਼ ਭਰਪੂਰ ਸੀ. ਲੋਕਾਂ ਨੇ ਕਈ-ਕਈ ਦਿਨ ਪਹਿਲਾਂ ਮੇਲੇ ਲਈ ਘਰੋਂ ਤੁਰ ਪੈਣਾ. ਦਿੱਲੀ ਤੱਕ ਤੋਂ ਵੱਡੀਆਂ-ਵੱਡੀਆਂ ਦੁਕਾਨਾਂ ਆਉਣੀਆਂ. ਸਰਕਸਾਂ, ਜਿੰਦਾ ਨਾਚ, ਜਲਸੇ, ਕਵੀਸ਼ਰਾਂ ਅਤੇ ਢੱਡ ਸਾਰੰਗੀ ਵਾਲਿਆਂ ਦੇ ਅਖਾੜਿਆਂ ਨੇ ਕੋਈ ਰੰਗ ਬੰਨ੍ਹ ਦੇਣਾ. ਛਪਾਰ ਦੇ ਮੇਲੇ ਵਾਂਗ ਇਥੇ ਲੜਾਈਆਂ ਵੀ ਹੋ ਜਾਣੀਆਂ, ਪੁਲਿਸ ਨਾਲ਼ ਟਾਕਰੇ ਹੋ ਜਾਣੇ. ਵੈਲੀਆਂ ਨੇ ਇਕੱਠੇ ਹੋ ਕੇ ਖਰੂਦ ਪਾਉਣੇ. ਕਿਤੇ ਪੁਲਿਸ ਨਾਲ਼ ਵੀ ਦੋ ਹੱਥ ਹੋ ਜਾਣੇ.

ਇਸ ਮੇਲੇ ਦਾ ਸੁਭਾਹ ਛਪਾਰ ਦੇ ਮੇਲੇ ਨਾਲ਼ ਮਿਲਦਾ-ਜੁਲਦਾ ਹੈ. ਜਗਰਾਵਾਂ ਮਾਲਵੇ ਦੀ ਧੁੱਨੀ ਹੈ, ਮੇਲੇ ਵਿੱਚ ਪੁੱਜ ਕੇ ਮਲਵਈ ਗੱਭਰੂ ਆਪਣੇ ਦਿਲਾਂ ਦੇ ਗੁਭ-ਗੁਭਾੜ ਕਢਦੇ ਹਨ. ਗਿੱਧਾ ਪਾਉਂਦੇ ਅਤੇ ਬੱਕਰੇ ਬਲਾਉਂਦੇ ਹੋਏ ਗੱਭਰੂਆਂ ਦੇ ਟੋਲਿਆਂ ਦੇ ਟੋਲੇ ਮੇਲੇ ਵਿੱਚ ਘੁਮ ਰਹੇ ਹੁੰਦੇ ਹਨ. ਖੜਤਾਲਾਂ, ਸੱਪਾਂ, ਕਾਟੋਆਂ ਅਤੇ ਛੈਣਿਆਂ ਦੇ ਤਾਲ ਵਿੱਚ ਬਿਦ-ਬਿਦ ਕੇ ਬੋਲੀਆਂ ਪਾਉਂਦੇ ਹਨ. ਇਹ ਬੋਲੀਆਂ ਮਾਲਵੇ ਦੇ ਸਭਿਆਚਾਰ ਦੀ ਸਾਖੀ ਭਰਦੀਆਂ ਹਨ.

ਬੋਲੀਆਂ ‘ਤੇ ਬੋਲੀਆਂ ਪੈਂਦੀਆਂ ਰਹਿੰਦੀਆਂ ਹਨ.

ਆਖ਼ਰ ਤੀਜੇ ਦਿਨ ਇਹ ਮੇਲਾ ਵਿਛੜ ਜਾਂਦਾ ਹੈ. ਗੱਭਰੂ ਪੱਟਾਂ ‘ਤੇ ਮੋਰਨੀਆਂ ਤੇ ਮੱਥਿਆਂ ‘ਤੇ ਚੰਦ ਖੁਣਵਾ ਕੇ ਚਾਵਾਂ ਮੱਤੇ, ਦਿਲਾਂ ‘ਚ ਨਵੇਂ ਅਰਮਾਨ ਲੈ ਕੇ ਆਪਣੇ-ਆਪਣੇ ਦਿਲ ਜਾਨੀਆਂ ਲਈ ਨਿਸ਼ਾਨੀਆਂ ਖ਼ਰੀਦ ਕੇ ਘਰਾਂ ਨੂੰ ਪਰਤ ਜਾਂਦੇ ਹਨ.

Tagged In
  • Comments
comments powered by Disqus