ਆਲੋਚਨਾ

ਜੀਵਨ ਦੇ ਕਿਸੇ ਵੀ ਖੇਤਰ ‘ਚ ਵਿਚਰਦਿਆਂ ਇਨਸਾਨ ਦੇ ਕੁਝ ਫਰਜ਼ ਹੁੰਦੇ ਹਨ. ਇਨ੍ਹਾਂ ਫਰਜ਼ਾਂ ਨੂੰ ਨਿਭਾਉਂਦਿਆਂ ਕਈ ਵਾਰ ਕੁਝ ਆਲੋਚਕਾਂ ਦੀ ਅਲੋਚਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ. ਜੋ ਇਨਸਾਨ ਅਲੋਚਨਾਂ ਤੋਂ ਡਰਕੇ ਆਪਣਾ ਫਰਜ਼ ਭੁੱਲ ਜਾਵੇ ਉਸਨੂੰ ਡਰਪੋਕ ਕਿਹਾ ਜਾਵੇਗਾ ਜਦੋਂ ਕਿ ਇਸਦੇ ਉਲਟ ਜੋ ਇਨਸਾਨ ਅਲੋਚਨਾਂ ਦੀ ਪ੍ਰ੍ਵਾਹ ਨਾ ਕਰਦੇ ਹੋਏ ਆਪਣਾ ਫਰਜ਼ ਨਿਭਾਏਗਾ ਉਹ ਨਿੱਡਰ, ਅਤੇ ਬਹਾਦਰ ਕਹਾਏਗਾ.

ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਜੋ ਸਮਾਜ ਨੂੰ ਆਪਣੀ ਸੂਰਤ(ਸ਼ਕਲ) ਦਿਖਾਉਂਦਾ ਹੈ. ਇੱਕ ਲੇਖਕ ਦਾ ਫਰਜ ਹੈ ਕਿ ਉਹ ਆਪਣੇ ਆਲੇ ਦੁਆਲੇ ਦੇ ਸਮਾਜ ‘ਚ ਵਾਪਰਦੀਆਂ ਘਟਨਾਵਾਂ ਰੂਪਮਾਨ(ਰੇਖਾਂਕਤ) ਕਰੇ. ਸਾਡਾ ਸਮਾਜ ਦੁੱਧ ਧੋਤਾ ਨਹੀਂ ਹੈ. ਇਸ ਵਿੱਚ ਅਨੇਕਾਂ ਮਾੜੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਚੰਗੀਆਂ ਵੀ, ਲੇਖਕ ਨੇ ਸਮਾਜ ਦੇ ਚੰਗੇ-ਮਾੜੇ ਪੱਖਾਂ ਨੂੰ ਸਮਾਜ ਦੇ ਸਾਹਮਣੇ ਰੱਖਣਾ ਹੁੰਦਾ ਹੈ. ਅਜੇਹਾ ਕਰਦੇ ਹੋਏ ਜੋ ਲੇਖਕ ਅਲੋਚਨਾਂ ਦੀ ਪ੍ਰ੍ਵਾਹ ਕਰੇਗਾ ਉਹ ਸੱਚ ਨਹੀਂ ਲਿਖ ਸਕੇਗਾ, ਅਜੇਹਾ ਮੇਰਾ ਮੰਨਣਾ ਹੈ. ਕੱਲ ਇੱਕ ਕਹਾਣੀ ਲਿਖੀ ਸੀ ਸਲੂਸਨ. ਇਸ ‘ਤੇ ਕੁਮੈਂਟ ‘ਚ ਇੱਕ ਮਿੱਤਰ ਨੇ ਲਿਖਿਆ ਕਿ ਕਹਾਣੀ ਮਾਨਸਿਕ ਦਿਵਾਲੀਆਪਣ ਹੈ. ਕਹਾਣੀ ਵਿਚਲੀ ਘਟਨਾ ਨਾਲ ਮਿਲਦੀਆਂ ਅਨੇਕਾਂ ਘਟਨਾਵਾਂ ਸਾਡੇ ਸਮਾਜ ਵਿੱਚ ਵਾਪਰਦੀਆਂ ਹਨ. ਅਖਬਾਰਾਂ ਅਜੇਹੀਆਂ ਖਬਰਾਂ ਨਾਲ ਭਰੀਆਂ ਰਹਿੰਦੀਆਂ ਹਨ. ਆਨਰ ਕਿਲਿੰਗ, ਪਤਨੀ ਦੇ ਕਰੈਕਟਰ ‘ਤੇ ਸ਼ੱਕ ਕਰਦਿਆਂ ਕਤਲ ਬਗੈਰਾ ਜਿਹੀਆਂ ਅਨੇਕਾਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ.


ਕਹਾਣੀ ਵਿਚਲੀ ਪਾਤਰ ਸੰਤੋ ਦਾ ਕਿਰਦਾਰ ਸਾਡੇ ਸਮਾਜ ਨੂੰ ਪਰਵਾਨ ਨਹੀਂ ਹੈ. ਫਿਰ ਸੰਤੋ ਚਾਹੇ ਕਿਸੇ ਦੀ ਧੀ, ਪਤਨੀ, ਮਾਂ ਹੋਵੇ, ਅਤੇ ਚਾਹੇ ਭੈਣ. ਅਨੇਕਾਂ ਜੱਗੂ ਹਨ ਜੋ ਸੰਤੋ ਵਰਗੇ ਕਿਰਦਾਰ ਵਾਲੀ ਮਾਂ, ਭੈਣ, ਧੀ, ਪਤਨੀ ਦੀ ਹੱਤਿਆ ਕਰ ਦਿੰਦੇ ਹਨ. ਕੀ ਅਜੇਹਾ ਸਾਡੇ ਸਮਾਜ 'ਚ ਨਹੀਂ ਵਾਪਰਦਾ? ਕੀ ਇਹ ਸਮਾਜ ਮੈਂ ਬਣਾਇਆ ਹੈ? ਜੇ ਅਜੇਹਾ ਵਾਪਰਦਾ ਹੈ ਤਾਂ ਕਹਾਣੀ ਮਾਨਸਿਕ ਦਿਵਾਲੀਆਪਣ ਕਿਵੇਂ ਹੋਈ? ਜੇਕਰ ਮਾਨਸਿਕ ਦਿਵਾਲੀਆਪਣ ਆਖਣਾ ਹੀ ਹੈ ਤਾਂ ਸਮਾਜ ਨੂੰ ਕਹੋ ਲੇਖਕ ਨੂੰ ਨਹੀਂ. ਲੇਖਕ ਨੇ ਤਾਂ ਸਮਾਜ ਦਾ ਇੱਕ ਗੰਭੀਰ ਪਹਿਲੂ ਯਥਾਰਥਿਕ ਨਜਰੀਏ ਨਾਲ ਪੇਸ਼ ਕੀਤਾ ਹੈ. ਇਹ ਹੀ ਲੇਖਕ ਦਾ ਫਰਜ਼ ਹੁੰਦਾ ਹੈ. ਲੇਖਕ ਨੇ ਤਾਂ ਸ਼ੀਸ਼ਾ ਦਿਖਾਇਆ ਹੈ. ਅਜੇਹਾ ਸਾਡੇ ਸਮਾਜ ਅੰਦਰ ਵਾਪਰ ਰਿਹਾ ਹੈ, ਰੋਜ ਵਾਪਰਦਾ ਹੈ. ਕਹਾਣੀ ਵਿਚਲੀ ਘਟਨਾ ਸਾਡੇ ਸਮਾਜ ਲਈ ਕੋਈ ਆਲੋਕਾਰ ਗੱਲ ਨਹੀਂ ਹੈ. ਸਿਰਫ ਅਲੋਚਨਾਂ ਕਰਨ ਲਈ ਹੀ ਅਲੋਚਨਾਂ ਨਹੀਂ ਕੀਤੀ ਜਾਣੀ ਚਾਹੀਦੀ.

  • Comments
comments powered by Disqus