ਸੁਣਿਓ ਵੇ ਕਲਮਾਂ ਵਾਲਿਓ

ਪੰਜਾਬ ਇੱਕ ਵਾਰ ਫਿਰ ਤੋਂ ਚੁਰਾਹੇ ‘ਤੇ ਖੜਾ ਹੈ. ਸਿਆਸਤ ਦੀਆਂ ਸਤਰੰਜੀ ਚਾਲਾਂ ਨੂੰ ਸਮਝਣ ਵਾਲੇ ਲੋਕ ਬਾਖੂਬੀ ਇਸ ਸਚਾਈ ਤੋਂ ਜਾਣੂ ਹਨ. ਪੰਜਾਬ ਦੀ ਸਿਆਸਤ ਦਾ ਬੁੱਢਾ ਜਾਦੂਗਰ ਭਾਜਪਾ ਨਾਲ ਛਿੜੇ ਕਲੇਸ ਦੇ ਮੱਦੇਨਜਰ ਪੂਰੀ ਤਰਾਂ ਸਰਗਰਮ ਹੋ ਚੁੱਕਾ ਹੈ. ਅੰਤਰਰਾਸ਼ਟਰੀ ਪਰਸਥਿਤੀਆਂ ਨੂੰ ਦੇਖਦੇ ਹੋਏ ਜਾਪਦਾ ਨਹੀ ਕਿ ਸਜਾ ਪੂਰੀ ਕਰ ਚੁੱਕੇ ਲੋਕਾਂ ਦੀ ਰਿਹਾਈ ਨੇੜ ਭਵਿੱਖ ‘ਚ ਸੰਭਵ ਹੋ ਸਕੇਗੀ. ਅਸੀਂ ਬਹੁਤ ਪਹਿਲਾਂ ਤੋਂ ਹੀ ਇਸ ਰਿਹਾਈ ਦੇ ਪੱਖ ‘ਚ ਹਾਂ. ਸਜਾ ਪੂਰੀ ਕਰ ਚੁੱਕੇ ਲੋਕਾਂ ਦੀ ਰਿਹਾਈ ਹੋਣੀ ਚਾਹੀਦੀ ਹੈ.

ਪਰ ਬੁੱਢਾ ਜਾਦੂਗਰ ਹੁਣ ਹੀ ਕਿਉਂ ਸਰਗਰਮ ਹੋਇਆ ਹੈ?

ਪੰਜਾਬ ਸਰਹੱਦੀ ਸੂਬਾ ਹੈ. ਇਸ ਸੂਬੇ ਦੀ ਅਮਨ ਕਾਨੂੰਨ ਦੀ ਸਥਿੱਤੀ ਪੂਰੇ ਦੇਸ ਨੂੰ ਪ੍ਰਭਾਵਿਤ ਕਰਦੀ ਰਹੀ ਹੈ ਤੇ ਅੱਗੋਂ ਵੀ ਕਰਦੀ ਰਹੇਗੀ. ਜਿਹੜੇ ਬੱਚਿਆਂ ਨੇ ਪਿਛਲੇ ਖਾੜਕੂਵਾਦ ਦਾ ਦੌਰ ਨਹੀਂ ਦੇਖਿਆ ਉਹ ਕੁਝ “ਜਿਆਦਾ ਹੀ” ਸਰਗਰਮ ਹਨ. ਸਚਾਈ ਇਹ ਹੈ ਕਿ ਪੰਜਾਬ ‘ਚ ਨੇੜ ਭਵਿੱਖ ਵਿੱਚ ਕੋਈ ਵੀ ਹਥਿਆਰਬੰਦ ਸੰਘਰਸ਼ ਕਾਮਯਾਬ ਨਹੀਂ ਹੋ ਸਕੇਗਾ. ਨੌਜਵਾਨ ਬੱਚਿਆਂ ਪ੍ਰਤੀ ਸਾਡੀ ਸਭ ਦੀ ਜੁੰਮੇਵਾਰੀ ਵਧ ਗਈ ਹੈ. ਮਾਪਿਆ ਨੂੰ ਤੁਰੰਤ ਇਸ ਪਰਸਥਿਤੀ ਵੱਲ ਧਿਆਨ ਦੇਣ ਦੀ ਲੋੜ ਹੈ. “ਅੱਗ ਲਾਈ ਡੱਬੂ ਕੰਧ ‘ਤੇ” ਵਾਲੇ ਲੋਕ ਵੀ ਸਰਗਰਮ ਹੋ ਚੁੱਕੇ ਹਨ. ਅੱਗ ਜੇ ਇੱਕ ਵਾਰ ਤੁਰ ਪਈ ਤਾਂ ਇਹ ਰੋਕਣੀ ਮੁਸ਼ਕਿਲ ਹੋ ਜਾਵੇਗੀ.

ਸਾਰੀਆਂ ਹੀ ਧਿਰਾਂ ਨੂੰ ਜੁੰਮੇਵਾਰੀ ਅਤੇ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ. ਗੈਰ ਜੁੰਮੇਵਾਰ ਬਿਆਨਬਾਜੀ ਅਤੇ ਬਹਿਸ ਤੋਂ ਬਚਿਆ ਜਾਣਾ ਚਾਹੀਦਾ ਹੈ. ਫੇਸਬੁੱਕ ਤੇ ਵਿਚਰਣ ਵਾਲੇ ਲੋਕਾਂ ਨੂੰ ਵੀ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ. ਕਲਮਾਂ ਵਾਲੇ ਲੋਕਾਂ ਲਈ ਵੀ ਇਹ ਪਰਖ ਦੀ ਘੜੀ ਹੈ. ਮਾੜੇ ਹਾਲਾਤ ਦੀ ਮਾਰ ਕਲਮਾਂ ਵਾਲਿਆਂ ਨੂੰ ਦੋਵਾਂ ਪਾਸਿਆਂ ਤੋਂ ਹੀ ਪੈਂਦੀ ਰਹੀ ਹੈ. ਕਲਮਾਂ ਵਾਲੇ ਸੂਰਮਿਆਂ ਦਾ ਮੈਦਾਨ ‘ਚ ਨਿਤਰਣ ਦਾ ਸਮਾਂ ਆ ਗਿਆ ਹੈ. ਜਿੰਨ੍ਹਾ ਨੂੰ ਡਰ ਲੱਗਦਾ ਹੈ ਉਹ ਖਾਮੋਸ ਹੋ ਕੇ ਘਰ ਬੈਠਣ. ਅੱਗ ਲਾਉਣ ਵਾਲੇ ਇੱਕ ਗੱਲ ਸਮਝ ਲੈਣ ਕਿ ਇਹ ਅੱਗ ਉਹਨਾਂ ਖੁਦ ਦਾ ਚਿਹਰਾ ਵੀ ਝੁਲਸ ਸਕਦੀ ਹੈ. ਆਓ ਸਭ ਜਾਗਰੂਕ ਧਿਰਾਂ ਆਪੋ ਆਪਣੀ ਜੁੰਮੇਵਾਰੀ ਸਮਝਦੇ ਹੋਏ ਪੰਜਾਬ ਦੇ ਅਮਨ ਨੂੰ ਲਾਂਬੂ ਲੱਗਣ ਤੋਂ ਬਚਾਈਏ.

  • Comments
comments powered by Disqus