ਇੱਕ ਬੇਨਤੀ ਦੇਸ਼ ਦੇ ਨੌਜਵਾਨਾਂ ਨੂੰ

ਨੋਜਵਾਨ ਕਿਸੇ ਵੀ ਦੇਸ਼, ਸਟੇਟ, ਸਮਾਜ਼ ਦਾ ਅਣਖਿੜਵਾਂ ਅੰਗ ਹੁੰਦੇ ਹਨ, ਸ਼ਕਤੀ ਹੁੰਦੇ ਹਨ ਅਤੇ ਭਵਿੱਖ ਹੁੰਦੇ ਹਨ. ਨੋਜਵਾਨਾਂ ਦਾ ਖੂਨ ਜਵਾਨੀ ਦੇ ਜੋਸ਼ ਵਿੱਚ ਬਹੁਤ ਜਲਦੀ ਉਬਾਲਾ ਮਾਰ ਜਾਂਦਾ ਹੈ ਤੇ ਬਿਨਾ ਸੋਚੇ ਸਮਝੇ ਓਹ ਕਿਸੇ ਧਿਰ ਪਿੱਛੇ ਲੱਗ ਕੇ ਗਲਤ ਸਹੀ ਕੰਮਾਂ ਨੂੰ ਅੰਜ਼ਾਮ ਦੇ ਦਿੰਦੇ ਹਨ. ਅੱਜ-ਕੱਲ ਪੰਜਾਬ ਵਿਚ ਵੀ ਇਹੀ ਕੁਝ ਦੇਖਣ ਲਈ ਮਿਲ ਰਿਹਾ ਹੈ. ਕਦੇ ਕਦਾਈ ਸੋਚਦਾ ਹਾਂ ਪਿਛਲੇ ਜਖਮਾਂ ਤੋਂ ਉੱਭਰਦਾ-ਉੱਭਰਦਾ ਪੰਜਾਬ ਕਿਤੇ ਫਿਰ ਨਾ ਅੱਗ ਵਿਚ ਝੁਲਸ ਜਾਵੇ ਤੇ ਬਾਕੀ ਦੁਨੀਆਂ ਨਾਲੋਂ ਪੰਜਾਹ ਜਾਂ ਸੋ ਸਾਲ ਪਿੱਛੇ ਚਲਾ ਜਾਵੇ. ਕੁਝ ਰਾਜਨੀਤਕ, ਕੱਟੜ, ਤੇ ਮਤਲਬੀ ਲੋਕ ਨੋਜਵਾਨਾਂ ਦਾ ਸਹਾਰਾ ਲੈ ਕੇ ਪੰਜਾਬ ਦਾ ਮਾਹੋਲ ਖਰਾਬ ਕਰਨਾ ਚਾਹੁੰਦੇ ਹਨ ਤੇ ਨਿੱਜੀ ਮਸਲੇ, ਮੰਗਾ ਮਨਵਾਉਣਾ ਚਾਹੁੰਦੇ ਹਨ. ਮੈਂ ਵੀ ਚਾਹੁੰਦਾ ਹਾਂ ਓਹ ਕੈਦੀ ਬਾਹਰ ਆਉਣ ਜਿੰਨ੍ਹਾ ਦੀ ਸਜਾ ਪੂਰੀ ਹੋ ਚੁੱਕੀ ਹੈ, ਕੱਲੇ ਸਿੱਖ ਹੀ ਨਹੀਂ ਓਹ ਹਰ ਕੈਦੀ ਜੋ ਅਸਲ ਹੱਕਦਾਰ ਹੈ ਜੈਲ ਵਿੱਚੋਂ ਬਾਹਰ ਆਉਣ ਦਾ. ਪਰ ਇਸ ਵਿੱਚ ਇਹ ਵੀ ਧਿਆਨ ਰੱਖਣਾ ਪਵੇਗਾ ਕੇ ਕਾਨੂੰਨ ਕੀ ਕਹਿੰਦਾ ਹੈ. ਕੀ ਕਾਨੂੰਨ ਆਗਿਆ ਦਿੰਦਾ ਹੈ ਉਸ ਇਨਸਾਨ ਨੂੰ ਆਜ਼ਾਦ ਕਰਨ ਦੀ ਜੋ ਦੇਸ਼ ਧਰੋ, ਕਤਲੇਆਮ, ਅੱਤਵਾਦ ਦੇ ਦੋਸ਼ੀ ਹਨ? ਜੇਕਰ ਇਸ ਤਰਾਂ ਹੀ ਭੁੱਖ ਹੜਤਾਲ ਕਰਕੇ ਕੈਦੀਆਂ ਨੂੰ ਆਜ਼ਾਦ ਕਰਨ ਦੀ ਮੰਗ ਕੀਤੀ ਜਾਵੇ ਫਿਰ ਹਰ ਹੋਰ ਅਨੇਕਾਂ ਲੋਕ ਭੁਖ ਹੜਤਾਲ ਤੇ ਬੈਠ ਜਾਣਗੇ. ਅਤੇ ਕਾਨੂੰਨ ਦੀ ਕੋਈ ਇਹਮੀਅਤ ਨਹੀਂ ਰਹੇਗੀ. ਇਹ ਜਾਇਜ ਤਰੀਕਾ ਨਹੀਂ ਹੈ ਮੇਰੇ ਮੁਤਾਬਿਕ.

ਚਲੋ ਗੱਲ ਕਰੀਏ ਨੋਜਵਾਨਾਂ ਦੀ, ਨੋਜਵਾਨ ਇਜੇਹੇ ਹੁੰਦੇ ਹਨ ਕੇ ਓਹਨਾਂ ਨੂੰ ਭੜਕਾ ਕੇ ਤਲਵਾਰਾਂ ਚਕਵਾ ਕੇ ਸੜਕਾਂ ਉਤੇ ਲੈ ਆਵੋ, ਚਾਹੇ ਪ੍ਰੇਰਨਾ ਦੇ ਕੇ ਕਲਮਾਂ ਚਕਵਾ ਦੋ, ਚਾਹੇ ਭੜਕਾ ਕੇ ਕਤਲੇਆਮ ਕਰਵਾ ਦੋ, ਚਾਹੇ ਪ੍ਰੇਰਨਾ ਦੇ ਕੇ ਸਮਾਜ਼ ਦੀ ਸਫਾਈ ਕਰਵਾ ਦੇਵੋ. ਪਰ ਕਹਿੰਦੇ ਹਨ ਕੇ ਗਰਮ ਖੂਨ ਹਮੇਸ਼ਾ ਜੋਸ਼ ਵਿਚ ਰਹਿੰਦਾ ਹੈ, ਤੇ ਕੁਝ ਰਾਜਨੀਤਕ ਲੋਕ ਧਰਮ ਦਾ ਸਹਾਰਾ ਲੈ ਕੇ ਓਹਨਾਂ ਦੇ ਹੱਥਾਂ ਵਿਚ ਤਲਵਾਰਾਂ, ਨਸ਼ੇ, ਰਫਲਾਂ, ਏ ਕੇ ਸੰਤਾਲੀਆਂ ਫੜਾ ਦਿੰਦੇ ਹਨ ਤੇ ਆਪਣਾ ਕੰਡਾ ਕੱਡਵਾ ਲੈਂਦੇ ਹਨ. ਪਿਛਲੇ ਸਮਿਆਂ ਵਿਚ ਪੰਜਾਬ ਇਜੇਹੇ ਸੰਤਾਪ ਨੂੰ ਹੰਡਾ ਚੁੱਕਿਆ ਹੈ ਅਤੇ ਕੀਮਤ ਚੁਕਾ ਚੁੱਕਿਆ ਹੈ. ਮੇਰੀ ਬੇਨਤੀ ਹੈ ਮੇਰੇ ਵੀਰਾਂ ਨੂੰ, ਮੇਰੇ ਦੇਸ਼ ਦੇ ਨੋਜਵਾਨਾਂ ਨੂੰ ਕੇ ਆਪਣੀ ਸੂਝ ਬੂਝ ਨਾਲ, ਹਰ ਪੱਖ ਦੇਖ ਕੇ, ਵਿਚਾਰ ਕੇ ਤੇ ਸੰਜਮ ਨਾਲ ਫੈਸਲਾ ਕਰਨ ਕੇ ਅਸੀਂ ਜਾਣਾ ਕਿਦਰ ਹੈ. ਜੋਸ਼ ਵਿਚ ਹਮੇਸ਼ਾ ਹੋਸ਼ ਨਾਲ ਕੰਮ ਲੈਣਾ ਚਾਹਿਦਾ ਹੈ. ਰਾਜਨੀਤੀ ਨੂੰ ਸਮਝੋ. ਇਹ ਹਮੇਸ਼ਾ ਤੁਹਾਨੂੰ ਵਰਤਦੀ ਆਈ ਹੈ ਤੇ ਤੁਸੀਂ ਇਸਦੇ ਖਿਡਾਉਣੇ ਬਣ ਜਾਂਦੇ ਹੋ ਹਰ ਵਾਰ. ਆਪਣੀ ਸ਼ਕਤੀ ਨੂੰ ਸਮਝੋ ਤੇ ਸਮਾਜ਼ ਅਤੇ ਦੇਸ਼ ਦੀ ਤਰੱਕੀ ਲਈ ਉਸਨੂੰ ਵਰਤੋ. ਪੁਰਾਣਾ ਸਮਾਂ ਬੀਤ ਚੁੱਕਿਆ ਹੈ ਤੇ ਆਉਣ ਵਾਲਾ ਸਮਾਂ ਤੁਹਾਡੇ ਹਥ ਵਿੱਚ ਹੈ. ਜਿੰਦਗੀ ਜਿੰਦਾਵਾਦ ਦੇ ਨਾਰੇ ਲਗਾਓ, ਮੁਰਦਾਵਾਦ ਦੇ ਨਹੀਂ.

ਪਰਚੀਆਂ ਪਾ ਕੇ ਇਨਕਲਾਬ ਨਹੀਂ ਆਉਂਦੇ
ਜੋ ਸੱਚੇ ਹੋਣ ਇਨਕਲਾਬੀ ਓਹ ਪਰਚੀਆਂ ਨਹੀਂ ਪਾਉਂਦੇ
ਜਵਾਨੋਂ ਸੰਬਲ ਜਾਵੋ, ਸਾੰਬ ਲਓ ਵੇਲਾ
ਦੁਬਾਰਾ ਨਾ ਜਾਣ ਦੇਓ ਪੰਜਾਬ ਨੂੰ ਹਨੇਰਿਆਂ ਵਿੱਚ
ਕਾਲੇ ਦਿਨ ਕਦੇ ਰੋਸ਼ਨੀਆਂ ਲੈ ਕੇ ਨਹੀਂ ਆਉਂਦੇ
  • Comments
comments powered by Disqus