ਪੰਜਾਬ ਦੇ ਲੋਕਾਂ ਦਾ ਖਾਣ ਪੀਣ

Davinder Kokri

ਵਰਤਮਾਨ ਪੰਜਾਬੀ ਸਮਾਜ ਦੇ ਲੋਕਾਂ ਦੇ ਖਾਣ-ਪੀਣ ਦੇ ਢੰਗ ਤਰੀਕੇ ਅਤੇ ਸਮਾਂ ਨਿਸ਼ਚਿਤ ਨਹੀ ਰਹਿ ਗਿਆ. ਇੱਕ ਘਰ ਦੇ ਮੈਂਬਰ ਵੱਖ ਵੱਖ ਸਮਿਆਂ ਉੱਤੇ ਵੱਖ ਵੱਖ ਕੰਮ ਧੰਦੇ ਲਈ ਜਾਂਦੇ ਹਨ. ਹਰ ਕੋਈ ਆਪਣੀ ਸੁਵਿਧਾ ਅਨੁਸਾਰ ਖਾਣੇ ਦਾ ਪ੍ਰਬੰਦ ਕਰ ਲੈਂਦਾ ਹੈ. ਇਸ ਦੇ ਵਿਪਰੀਤ ਪੁਰਾਤਨ ਪੰਜਾਬ ਵਿੱਚ ਖਾਣ ਦੇ ਵਕਤ ਕਾਫੀ ਨਿਸ਼ਚਿਤ ਹੁੰਦੇ ਸਨ. ਪਹਿਲਾਂ ਪੰਜਾਬ ਦੀ ਬਹੁ-ਸੰਖਿਆ ਖੇਤੀਬਾੜੀ ਦੇ ਧੰਦੇ ਉੱਤੇ ਨਿਰਭਰ ਕਰਦੀ ਸੀ. ਜੇ ਕੋਈ ਵਿਅਕਤੀ ਹੋਰ ਕਿੱਤਾ ਵੀ ਕਰਦਾ ਸੀ ਤਦ ਵੀ ਉਸ ਲਈ ਕਿਸਾਨੀ ਵਕਤ ਪ੍ਰਮਾਣਿਕ ਹੁੰਦਾ ਸੀ. ਪੰਜਾਬ ਦਾ ਕਿਸਾਨ ਸਵੇਰੇ ਤਿੰਨ ਚਾਰ ਵਜੇ ਹੀ ਖੇਤ ਚਲਾ ਜਾਂਦਾ ਸੀ. ਘਰ ਦੀਆਂ ਸੁਆਣੀਆਂ ਦੁੱਧ ਰਿੜਕਣ, ਚੱਕੀ ਚਲਾਉਣ, ਅਤੇ ਗੋਹਾ ਕੂੜਾ ਕਰਨ ਦਾ ਕੰਮ ਕਰਦੀਆਂ ਸਨ. ਇਸ ਵਕਤ ਨੂੰ ਹਾਲੇ ਤੱਕ ਵੀ ਪਹੁ-ਫੁੱਟਦੀ, ਲੋਹੀ ਪਾਟਦੀ, ਮੁਰਗਾ ਬੋਲਦੇ ਜਾਂ ਵੱਡੇ ਤੜਕੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ. ਅੱਜ ਕੱਲ੍ਹ ਇਸ ਸਮੇਂ ਕੋਈ ਵਿਰਲਾ ਹੀ ਜਾਗਦਾ ਹੈ. ਇਸ ਵੇਲੇ ਪੰਜਾਬੀ ਲੋਕ ਰਿੜਕਣੇ ਵਿੱਚੋ ਅੱਧ-ਰਿੜਕ (ਦਹੀ, ਲੱਸੀ, ਮੱਖਣ, ਰਲਿਆ ਮਿਲਿਆ) ਪੀਆ ਕਰਦੇ ਸਨ.

1. ਛਾਹ ਵੇਲਾ

ਸਵੇਰੇ ਸੂਰਜ ਦੀ ਟਿੱਕੀ ਚੜਦੇ ਨਾਲ ਖੇਤ ਵਿੱਚ ਕਾਮੇ ਦਾ ਛਾਹ ਵੇਲਾ ਭੁਗਤਾਇਆ ਜਾਂਦਾ ਸੀ. ਇਸ ਸਮੇਂ ਅਕਸਰ ਮਿੱਸੀ ਰੋਟੀ, ਲੱਸੀ ਦੀ ਚਾਟੀ, ਮੱਖਣ, ਪਨੀਰ, ਗੰਢਾ, ਅੰਬ, ਨਿੰਬੂ, ਡੇਲੇ, ਗਲਗਲ ਜਾਂ ਕੁਆਰ ਦਾ ਅਚਾਰ ਵਰਤਿਆ ਜਾਂਦਾ ਸੀ. ਵਕਤ ਬਦਲਣ ਨਾਲ ਇਹ ਸਾਰਾ ਕੁਝ ਬਦਲ ਗਿਆ ਹੈ ਹੁਣ ਲੱਸੀ ਦੀ ਥਾਂ ਚਾਹ ਅਤੇ ਮਿੱਸੀ ਰੋਟੀ ਦੀ ਥਾਂ ਪਰੌਠੇ ਨੇ ਮੱਲ ਲਈ ਹੈ. ਕੰਮ ਕਰਨ ਨੂੰ ਤਾਂ ਰੁੱਖੀ-ਸੁੱਖੀ ਰੋਟੀ ਹੀ ਮੁਸ਼ਕਲ ਨਾਲ ਨਸੀਬ ਹੁੰਦੀ ਸੀ. ਛਾਹ ਵੇਲਾ ਬੰਦੇ ਦਾ ਕਲੇਜਾ ਢੱਕਣ ਲਈ ਜਾਂ ਵੇਲਾ ਲੰਘਾਉਣ ਲਈ ਕਾਫੀ ਹੁੰਦਾ ਸੀ. ਅੱਜ-ਕੱਲ੍ਹ ਦਾ ਨਾਸ਼ਤਾ ਜਾਂ ਬਰੇਕ ਫਾਸਟ ਛਾਹ ਵੇਲੇ ਦਾ ਹੀ ਬਦਲਿਆ ਰੂਪ ਹੈ. ਪੰਜਾਬੀ ਜੀਵਨ ਵਿਚੋ ਛਾਜ ਵੇਲੇ ਦੀ ਬਹੁਤ ਪਿਆਰੀ ਰਵਾਇਤ ਹੁਣ ਅਲੋਪ ਹੁੰਦੀ ਜਾ ਰਹੀ ਹੈ. ਘਰ ਦੇ ਖਲਜਗਣ ਵਿਚੋਂ ਨਿਕਲ ਕੇ ਘਰ ਦੀ ਸੁਆਣੀ ਜਦੋਂ ਹਰੇ ਭਰੇ ਖੇਤਾਂ ਵਿਚੋ ਦੀ ਲੰਘਦੀ ਤਾਂ ਉਸ ਦਾ ਮਨ ਹੁਲਾਸ ਨਾਲ ਭਰ ਜਾਂਦਾ ਸੀ. ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਔਰਤ ਮਰਦ ਤਨ ਅਤੇ ਮਨ ਨੂੰ ਹਲਕਾ ਕਰ ਲੈਂਦੇ ਸਨ. ਇਹੋ ਕਾਰਨ ਸੀ ਕਿ ਦੇਹ ਤੋੜਵੀ ਮਸ਼ੱਕਤ ਕਰਨ ਤੇ ਵੀ ਕਿਸਾਨੀ ਜੀਵਨ ਵਿੱਚ ਨੀਰਸਤਾ ਦੀ ਝਲਕ ਉੱਕੀ ਨਹੀ ਸੀ ਨਜ਼ਰ ਆਉਂਦੀ. ਪੂਰਾ ਜੋਤਰਾ ਲਾ ਕੇ ਕਿਰਸਾਣ ਦੁਪਹਿਰ ਵੇਲੇ ਘਰ ਆ ਜਾਂਦਾ ਸੀ.

2. ਦੁਪਹਿਰ ਵੇਲਾ

ਪਿੰਡਾ ਵਿੱਚ ਦੁਪਹਿਰ ਦੀ ਰੋਟੀ ਬਾਰ੍ਹਾਂ ਵਜੇ ਤੋਂ ਦੋ ਵਜੇ ਤੱਕ ਕਿਸੇ ਸਮੇਂ ਵੀ ਖਾਧੀ ਜਾ ਸਕਦੀ ਸੀ. ਇਸ ਸਮੇਂ ਦੀ ਰੋਟੀ ਸਬਜ਼ੀ ਨਾਲ ਹੁੰਦੀ ਸੀ. ਰੋਟੀ ਅਤੇ ਦਾਲ ਦੇਸੀ ਘਿਉ ਨਾਲ ਚੰਗੀ ਤਰ੍ਹਾ ਚੋਪੜੀ ਜਾਂਦੀ ਸੀ. ਰੋਟੀ ਖਾਣ ਮਗਰੋਂ ਸਵੀਟ ਡਿਸ਼ ਦੇ ਤੌਰ ਤੇ ਗੜ ਖਾਧਾ ਜਾਂਦਾ ਸੀ. ਕਈ ਵਾਰ ਸਾਉਣ-ਭਾਦੋਂ ਦੀਆਂ ਬਰਸਾਤਾਂ ਤੋ ਪ੍ਰਸੰਨ ਹੋ ਕੇ ਘਰ ਦੀ ਸੁਆਣੀ ਪੂੜੇ ਗੁਲਗੁਲੇ ਜਾਂ ਖੀਰ ਵੀ ਬਣਾ ਲੈਂਦੀ ਸੀ. ਸਗੋਂ ਸਾਉਣ ਦੇ ਮਹੀਨੇ ਖੀਰ ਦਾ ਮਹੱਤਵ ਹੁੰਦਾ ਸੀ.

ਸਾਵਣ ਖੀਰ ਨਾ ਖਾਧੀਆ
ਕਿਉ ਜੀਵੇ ਅਪਰਾਧੀਆ |

3. ਲੌਢਾ ਵੇਲਾ

ਦੁਪਹਿਰ ਦੀ ਰੋਟੀ ਤੋ ਵਿਹਲਾ ਹੁੰਦਾ ਹੀ ਕਿਰਸਾਣ ਮੁੜ ਖੇਤ ਚਲਾ ਜਾਂਦਾ ਸੀ. ਅਰਾਮ ਕਰਨ ਜਾ ਨੀਂਦਰ ਪੂਰੀ ਕਰਨ ਦਾ ਉਸ ਨੂੰ ਲਾਲਚ ਨਹੀਂ ਸੀ. ਜਾਂ ਮਨ ਦੇ ਮਨੋਰੰਜਨ ਲਈ ਉਹ ਦੋ ਘੜੀਆਂ ਬੋਹੜ ਥੱਲੇ ਜੁੜੀ ਢਾਣੀ ਵਿੱਚ ਗੁਜ਼ਾਰ ਲੈਂਦਾ ਸੀ. ਤਿੰਨ ਚਾਰ ਵਜੇ ਸ਼ਾਮ ਨੂੰ ਜਦੋਂ ਪੇਟ ਕੁਝ ਮੰਗਦਾ ਸੀ ਤਾਂ ਖੇਤ ਦਾ ਕਾਮਾ ਖੇਤ ਵਿੱਚੋ ਹੀ ਮੱਕੀ ਦੀਆਂ ਛੱਲੀਆਂ, ਗੰਨੇ, ਮੁੰਗਫਲੀ, ਜਾਂ ਛੋਲਿਆਂ ਦੀਆਂ ਹੋਲਾਂ ਬਣਾ ਕੇ ਖਾ ਲੈਂਦਾ ਸੀ. ਕੱਚੇ ਪੱਕੇ ਕਚਰੇ, ਗਾਜਰਾਂ, ਮੂਲੀਆਂ, ਸ਼ਲਗਮ ਰੁੱਤ ਅਨੁਸਾਰ ਜੋ ਕੁਝ ਵੀ ਖੇਤ ਵਿੱਚੋ ਖਾਣ ਲਈ ਮਿਲ ਜਾਂਦਾ ਖਾ ਲੈਂਦਾ ਸੀ. ਹਾਜ਼ਮੇ ਦੀ ਉਸ ਨੂੰ ਚਿੰਤਾ ਨਹੀਂ ਸੀ. ਅੱਜ-ਕੱਲ੍ਹ ਦਾ ਲੌਢਾ ਵੇਲਾ, ਚਾਹ ਅਤੇ ਦੁਪਹਿਰ ਦੀਆਂ ਬਚੀਆਂ ਬਚਾਈਆਂ ਰੋਟੀਆਂ ਨਾਲ ਕੀਤਾ ਜਾਂਦਾ ਹੈ.

4. ਸ਼ਾਮ ਵੇਲਾ

ਸ਼ਾਮ ਵੇਲੇ ਦੇ ਖਾਣੇ ਦਾ ਵਕਤ ਬਹੁਤਾ ਨਿਸ਼ਚਿਤ ਨਹੀਂ. ਜਦੋਂ ਵੀ ਖੇਤ ਦੇ ਕੰਮਕਾਜ ਜਾਂ ਘਰ ਦੇ ਪੱਠੇ ਚਾਰੇ ਤੋਂ ਘਰ ਦੇ ਮੈਂਬਰ ਵਿਹਲੇ ਹੁੰਦੇ ਸਨ, ਖਾਣਾ ਖਾ ਲਿਆ ਜਾਂਦਾ ਸੀ. ਇਸ ਸਮੇਂ ਗੰਢਾ, ਪੂਦਨਾ, ਖੱਟੀਆਂ ਅੰਬੀਆਂ ਦੀ ਚੱਟਣੀ ਜਾਂ ਅਚਾਰ ਹੁੰਦਾ ਸੀ. ਚੰਗੇ ਸਰਦੇ ਪੁਜਦੇ ਘਰ ਸ਼ਾਮ ਨੂੰ ਦਾਲ ਸਬਜ਼ੀ ਦਾ ਆਹਰ ਵੀ ਕਰ ਲੈਂਦੇ ਸਨ. ਕਣਕ ਦੀ ਵਾਢੀ ਸਮੇਂ ਜਾਂ ਕੱਤੇ ਦੇ ਮਹੀਨੇ ਕੰਮ ਦਾ ਵਧੇਰੇ ਜ਼ੋਰ ਹੁੰਦਾ ਹੈ. ਇਸ ਵੇਲੇ ਕਾਮੇਂ ਦੀ ਸ਼ੱਕਰ ਘਿਉ, ਜਾਂ ਖੰਡ-ਘਿਉ ਨਾਲ ਸੇਵਾ ਕੀਤੀ ਜਾਂਦੀ ਸੀ. ਰੋਟੀ ਮਗਰੋਂ ਕਾੜਨੀ ਦਾ ਕੜਿਆ ਦੁੱਧ ਪੀਤਾ ਜਾਂਦਾ ਸੀ. ਨਵੀਨ ਪੰਜਾਬੀ ਸਮਾਜ਼ ਵਿੱਚ ਜੀਵਨ ਦੇ ਬਾਕੀ ਪੱਖਾਂ ਵਾਂਗ ਖਾਣ-ਪੀਣ ਵਿੱਚ ਵੀ ਹੈਰਾਨੀਜਨਕ ਪਰਿਵਰਤਨ ਆ ਰਿਹਾ ਹੈ. ਹੁਣ ਪੇਂਡੂ ਲੋਕ ਵੀ ਡਾਇਨਿੰਗ ਟੇਬਲ ਵਰਤਦੇ ਹਨ. ਵਿਆਹ ਸ਼ਾਦੀ ਸਮੇਂ ਹੁਣ ਬਰਾਤੀ (ਜਨੇਤੀ) ਕੋਰਿਆਂ ਉਪਰ ਨਹੀਂ ਸਗੋਂ ਮੇਜ਼ ਕੁਰਸੀਆਂ ਉੱਤੇ ਖਾਣਾ ਖਾਂਦੇ ਅਤੇ ਸਟੈਡਿੰਗ ਟੀ ਦਾ ਮਜ਼ਾ ਲੈਂਦੇ ਹਨ. ਖਾਣ ਦੀ ਸਮੱਗਰੀ ਵਿੱਚ ਵੀ ਹੁਣ ਲੱਡੂ, ਜਲੇਬੀ ਦੀ ਥਾਂ ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ ਚਾਵਲ ਅਤੇ ਪੂਰੀਆਂ ਨੇ ਮੱਲ ਲਈ ਹੈ. ਖਾਣੇ ਦੇ ਬਰਤਨ ਕੌਲੀਆਂ, ਬਾਟੀਆਂ ਦੇ ਥਾਲ, ਥਾਲੀਆਂ ਦੀ ਥਾਂ ਡੌਂਗਾ ਸਿਸਟਮ ਨੇ ਮੱਲ ਲਈ ਹੈ. ਪਹਿਲਾਂ ਪਹਿਲਾਂ ਇਸ ਰਵਾਇਤ ਤੋ ਪੰਜਾਬੀ ਲੋਕ ਕੁਝ ਕੰਨੀ ਕਤਰਾਉਂਦੇ ਰਹੇ ਸਨ, ਪਰੰਤੂ, ਅੱਜ-ਕੱਲ੍ਹ ਤਾਂ ਉਨ੍ਹਾਂ ਨੂੰ ਇਹ ਵਤੀਰਾ ਸਗੋਂ ਵਧੇਰੇ ਪਸੰਦ ਹੈ. ਹੁਣ ਪੰਜਾਬੀ ਲੋਕਾਂ ਨੂੰ ਵਿਆਹ ਸ਼ਾਦੀ ਸਮੇਂ ਬਿਨਾਂ ਕਿਸੇ ਰੋਕ ਟੋਕ ਜਾਂ ਸੰਗ ਸ਼ਰਮ ਦੇ, ਬਗ਼ੇਰ ਕਿਸੇ ਤੋ ਮੰਗਣ ਦੇ, ਡੌਂਗੇ ਪਲੇਟਾਂ ਵਿੱਚ ਪਿਆ ਖਾਣ ਦਾ ਸਮਾਨ ਮਨਮਰਜ਼ੀ ਅਤੇ ਜੀਅ ਭਰ ਕੇ ਖਾਣ ਨੂੰ ਮਿਲ ਜਾਂਦਾ ਹੈ. ਇੱਕ ਇੱਕ ਸ਼ਰਾਬੀ ਜੱਟ ਤਿੰਨ ਤਿੰਨ ਡੌਂਗੇ ਦਹੀ ਬੂੰਦੀ ਦੇ ਰਾਘੀ ਲਾ ਕੇ ਖਿੱਚ ਜਾਂਦਾ ਹੈ. ਕੋਈ ਭਾਰੀ ਸਮਾਨ ਚੁੱਕਣ ਵੇਲੇ ਇਕੱਠੇ ਹੋਏ ਪੇਂਡੂ ਲੋਕ ਹੁਣ ਇੰਜ ਅਵਾਜ਼ਾਂ ਕੱਸਦੇ ਹਨ.

ਚੁੱਕ ਲਉ ਮੀਟ ਦੇ ਡੌਂਗੇ ਵਾਂਗੂੰ |
Source:

ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਲੋਕਾਂ ਦਾ ਰਹਿਣ-ਸਹਿਣ (ਡਾ. ਮਨਦੀਪ ਕੌਰ)

Tagged In
  • Comments
comments powered by Disqus