ਰਾਤ ਦੇ ਵਪਾਰੀ

ਅੱਜ ਆਪਾਂ ਇੱਕ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਾਂਗੇ ਪਰ ਪਹਿਲਾਂ ਇੱਕ ਕਹਾਣੀ ਤੇ ਗੌਰ ਫਰਮਾਓ.

ਇੱਕ ਰਾਜਾ ਹਾਥੀ ‘ਤੇ ਸਵਾਰ ਹੋ ਕੇ ਆਪਣੇ ਕਾਫਲੇ ਨਾਲ ਲੰਘ ਰਿਹਾ ਸੀ. ਇੱਕ ਸ਼ਰਾਬੀ ਰੂੜੀ ਮਾਰਕਾ ਦੀਆਂ ਦੋ ਗਲਾਸੀਆਂ ਲਾਕੇ ਸਥ ‘ਚ ਖੜਾ ਝੂਲ ਰਿਹਾ ਸੀ. ਹਾਥੀ ‘ਤੇ ਜਾ ਰਹੇ ਰਾਜੇ ਨੂੰ ਦੇਖ ਇਹ ਸਰਾਬੀ ਬੋਲਿਆ,

ਆਹ ਕੱਟੇ ਚੜਿਆ ਕੌਣ ਨੰਗ ਜਾਂਦਾ ਹੈ?

ਰਾਜੇ ਦੇ ਬਾਡੀਗਾਰਡ ਉਸਨੂੰ ਫੜਨ ਦੋੜੇ ਤਾਂ ਸਮਝਦਾਰ ਰਾਜੇ ਨੇ ਉਹਨਾਂ ਨੂੰ ਰੋਕ ਦਿੱਤਾ. ਲਾਚੜਿਆ ਹੋਇਆ ਸਰਾਬੀ ਹੋਰ ਬੋਲਿਆ,

ਓਏ ਕੱਟੇ ਵਾਲਿਆ, ਕਿੰਨੇ ਪੈਸੇ ਲੈਣੇ ਏ ਕੱਟੇ ਦੇ?

ਰਾਜੇ ਦਾ ਕਾਫਲਾ ਲੰਘ ਗਿਆ

ਅਗਲੇ ਦਿਨ ਸਵੇਰੇ ਚੋਕੀਦਾਰ ਭੇਜ ਰਾਜੇ ਨੇ ਸਰਾਬੀ ਨੂੰ ਦਰਬਾਰ ‘ਚ ਬੁਲਾਇਆ.

ਰਾਜਾ: ਹਾਂ ਜੀ ਵਪਾਰੀ ਸਾਹਿਬ, ਕੱਟਾ ਖਰੀਦਣਾ?
ਸਰਾਬੀ: ਮਹਾਰਾਜ ਉਹ ਰਾਤ ਵਾਲੇ ਵਪਾਰੀ ਲੱਥ ਗਏ ਹੁਣ!

ਤੁਸੀਂ ਪਾਈਆ ਦਸੇਰ ਦਾਰੂ ਪੀ ਕੇ ਸ਼ਾਮੀਂ ਵੀਹੀਆਂ ‘ਚ ਲਲਕਾਰੇ ਮਾਰਨ ਵਾਲੇ ਜਰੂਰ ਦੇਖੇ ਹੋਣਗੇ. ਇਹ ਰਾਤ ਨੂੰ ਵੱਡੀਆਂ ਵੱਡੀਆਂ ਗੱਲਾ ਮਾਰਦੇ ਹਨ. ਰਾਤ ਨੂੰ ਇਹਨਾਂ ਦੀ ਪਹੁੰਚ ਸਿੱਧੀ ਬਾਦਲ, ਮੋਦੀ ਤੱਕ ਹੁੰਦੀ ਹੈ. ਮਜੀਠੀਆ ਤਾਂ ਇਹਨਾਂ ਦੀ ਜੇਬ ਵਿੱਚ ਹੀ ਹੁੰਦਾ ਹੈ. ਤੁਹਾਡੇ ਰੁਕੇ ਹੋਏ ਕੰਮ ਚੁਟਕੀ ਮਾਰਦਿਆਂ ਹੀ ਕਰਨ ਦੇ ਵਾਅਦੇ ਅਤੇ ਦਾਅਵੇ ਇਹ ਕਰਦੇ ਹਨ.

ਪਰ ਸਵੇਰ ਵੇਲੇ

ਸਵੇਰ ਵੇਲੇ ਰਾਤ ਦੇ ਵਪਾਰੀ ਲੱਥ ਚੁੱਕੇ ਹੁੰਦੇ ਹਨ. ਸਵੇਰੇ ਇਹਨਾਂ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ. ਤੀਵੀਂ ਤੋਂ ਜੁੱਤੀਆਂ ਖਾ ਇਹ ਮਿਆਊਂ ਮਿਆਊਂ ਕਰਦੇ ਫਿਰਦੇ ਹਨ. ਕਈ ਹੱਥ ਡੋਲੂ ਫੜ ਗੁਆਂਢੀਆਂ ਦੇ ਘਰੋਂ ਲੱਸੀ ਮੰਗਦੇ ਫਿਰਦੇ ਹਨ. ਕਈ ਡਾਕਟਰ ਦੀ ਦੁਕਾਨ ਤੇ ਪਹੁੰਚ ਬਾਂਹ ਤੇ ਪਟਾ ਲਵਾ ਬਲੱਡ ਪਰੈਸ਼ਰ ਚੈਕ ਕਰਾਉਂਦੇ ਫਿਰਦੇ ਹਨ. ਕਈ ਪੰਜ ਚਾਰ ਰੁਪੈ ਦੇ ਬੀਕਾਸੂਲ ਦੇ ਕੈਪਸੂਲ ਖਰੀਦਦੇ ਦੇਖੇ ਜਾ ਸਕਦੇ ਹਨ. ਮੈ ਦਾਰੂ ਪੀਣ ਵਾਲਿਆਂ ਦੇ ਬਿਲਕੁਲ ਵੀ ਵਿਰੁਧ ਨਹੀਂ ਹਾਂ ਪਰ ਰਾਤ ਦੇ ਵਪਾਰੀਆ ਦੇ ਬਹੁਤ ਵਿਰੁੱਧ ਹਾਂ. ਕਈ ਵਾਰ ਰਾਤ ਦੇ ਵਪਾਰੀਆ ਦੀ “ਸੇਵਾ” ਵੀ ਕਰਨੀ ਪੈਂਦੀ ਹੈ. ਕੀ ਕਰੀਏ? ਰਾਤ ਦੇ ਵਪਾਰੀ ਹਨ ਹੀ ਬਹੁਤ. ਕਈ ਵਾਰ ਤਾਂ ਇਹਨਾਂ ਤੋਂ ਟਾਲਾ ਹੀ ਵੱਟ ਕੇ ਲੰਘਣਾਂ ਪੈਂਦਾ ਹੈ.

  • Comments
comments powered by Disqus