ਜਿਸ ਦਿਨ ਦਾ ਪੈਸ਼ਾਵਰ ਵਿੱਚ ਕਤਲ ਕਾਂਡ ਹੋਇਆ

Kashif Haque | Flickr

ਜਿਸ ਦਿਨ ਦਾ ਪੈਸ਼ਾਵਰ ਵਿੱਚ ਕਤਲ ਕਾਂਡ ਹੋਇਆ ਹੈ ਉਸ ਦਿਨ ਦਾ ਹਰ ਵੇਲੇ ਬਸ ਮਨ ‘ਚ ਇਹੀ ਘੁਮੀ ਜਾਂਦਾ ਕੇ ਕਿਸ ਤਰਾਂ ਉਹਨਾਂ ਮਸੂਮ ਧੀਆਂ-ਪੁੱਤਾ ਦੀ ਜਾਣ ਨਿੱਕਲੀ ਹੋਵੇਗੀ, ਕੀ ਮਿਲਿਆ ਉਹਨਾ ਕੱਟੜਾਂ ਨੂੰ ਇਹ ਸਬ ਕਰਕੇ. ਦੇਖੀਏ ਤਾਂ ਇਹ ਸਭ ਗੱਲਾਂ ਪਿੱਛੇ ਸਿਰਫ਼ ਤੇ ਸਿਰਫ਼ ਧਰਮ, ਜਾਤ ਦੀ ਕੱਟੜਤਾ, ਅਤੇ ਗੰਦੀ ਰਾਜਨੀਤੀ ਹੀ ਕੰਮ ਕਰਦੀ ਹੈ. ਜਦੋਂ ਕੋਈ ਹਿੰਦੂ, ਸਿੱਖ, ਮੁਸਲਿਮ, ਇਸਾਈ, ਜਾਂ ਚਾਹੇ ਹੋਰ ਕੋਈ ਵੀ ਨਿਰਦੋਸ਼ ਮਰਦਾ ਤਦ ਮਨ ਵਿੱਚ ਦੁੱਖ ਇੱਕੋ ਜਿਹਾ ਹੀ ਹੁੰਦਾ ਹੈ, ਇਸੇ ਤਰਾਂ ਲਗਦਾ ਜਿਵੇਂ ਕੋਈ ਆਪਣਾ ਹੀ ਮਰਿਆ ਹੋਵੇ. ਚਾਹੇ 1984 ਵਿੱਚ ਬੇਕਸੂਰ ਸਿੱਖ ਮਰੇ ਹੋਣ, ਚਾਹੇ 2002 ਵਿੱਚ ਬੇਕਸੂਰ ਮੁਸਲਮਾਨ, 2008 ਉੜੀਸਾ ਵਿੱਚ ਇਸਾਈ, ਜਾਂ ਉਹ ਬੇਕਸੂਰ ਹਿੰਦੂ ਜੋ ਬੱਸਾਂ ਵਿੱਚੋਂ ਲਾਹ ਲਾਹ ਕੇ ਮਾਰ ਸੁੱਟੇ. ਅਜਿਹੇ ਸਮੇਂ ਹਿੰਦੂ, ਸਿੱਖ, ਮੁਸਲਿਮ, ਇਸਾਈ ਬਾਅਦ ਵਿੱਚ ਅਤੇ ਕਿਸੇ ਦਾ ਪੁੱਤ, ਕਿਸੇ ਦਾ ਬਾਪ, ਕਿਸੇ ਦਾ ਵੀਰ, ਜਾਂ ਕਿਸੇ ਦਾ ਪਤੀ ਪਹਿਲਾਂ ਮਰਦਾ.

ਕਿਸੇ ਕੱਟੜ ਵੱਲੋਂ ਚਲਾਈ ਗਈ ਬੰਦੂਕ ਵਿਚਲੀ ਗੋਲੀ ਜਿਸ ਦੇ ਸੀਨੇ ਵਿੱਚ ਵੱਜਣੀ ਹੁੰਦੀ ਹੈ ਉਸ ਦਾ ਧਰਮ ਤੇ ਜਾਤ ਨਹੀ ਪੁੱਛਦੀ, ਇਹ ਵੀ ਸੋਚਣ ਵਾਲੀ ਗੱਲ ਹੈ ਕੇ ਇਹੋ ਜਿਹੇ ਦੰਗਿਆਂ ਵਿੱਚ ਉਸ ਜਗਾ ਦਾ ਕੋਈ ਵੀ ਐਮ-ਐਲ-ਏ, ਐਮ-ਪੀ, ਮੁੱਖ ਮੰਤਰੀ ਜਾਂ ਕੋਈ ਹੋਰ ਵੱਡਾ ਨੇਤਾ ਕਦੇ ਨਹੀ ਮਰਦਾ, ਕਿਉਂਕਿ ਇਹਨਾਂ ਲੋਕਾਂ ਨੂੰ ਇਹਨਾਂ ਸਭ ਹੋਣ ਵਾਲੇ ਦੰਗਿਆਂ ਦੀ ਜਾਣਕਾਰੀ ਪਹਿਲਾਂ ਤੋਂ ਹੀ ਹੁੰਦੀ ਹੈ. ਇਹ ਸਭ ਕੁਝ ਕਰਵਾਉਣ ਵਾਲੀ ਉਂਗਲ਼ ਦਾ ਇਸ਼ਾਰਾ ਵੀ ਇਹਨਾਂ ਸਫ਼ੇਦਪੋਸ਼ੀਆਂ ਦਾ ਹੀ ਹੁੰਦਾ ਹੈ, ਇਹ ਸਭ ਸਿਆਸੀ ਲਾਹੇ ਲੈਣ ਦੇ ਕਾਰਨਾਮੇ ਹੁੰਦੇ ਹਨ, ਜੋ ਆਮ ਲੋਕ ਭਾਵਕਤਾ ਵਿੱਚ ਆ ਕੇ ਸਮਝ ਨਹੀ ਸਕਦੇ ਕਿਉਂਕਿ ਇਹਨਾਂ ਵੱਲੋ ਲੋਕਾ ਵਿੱਚ ਫੁੱਟ ਪਵਾਉਣ ਲਈ ਧਰਮ ਤੇ ਜਾਤੀ ਨਾਮ ਦਾ ਸਭ ਤੋਂ ਤੇਜ ਅਤੇ ਅਸਰਦਾਇਕ ਹਥਿਆਰ ਵਰਤਿਆ ਜਾਂਦਾ ਹੈ, ਲੋੜ ਹੈ ਸਾਨੂੰ ਸਭ ਨੂੰ ਲਾਇਲੱਗਤਾ ਛੱਡ ਕੇ ਇਹਨਾਂ ਸਫ਼ੇਦਪੋਸ਼ੀਆਂ ਦੀਆਂ ਚਾਲਾਂ ਸਮਝ ਵਿੱਚ ਪਾ ਕੇ, ਆਪਣੇ ਆਪ ਨੂੰ ਸੁਚੇਤ ਤੇ ਇੱਕ ਹੋ ਕੇ ਰਹਿਣ ਦੀ ਤਾਂ ਕਿ ਧਰਮ ਜਾਤੀ ਦੀ ਗੰਦੀ ਖੇਡ ਹੋਰ ਨਾ ਖੇਲੀ ਜਾਵੇ ਤੇ ਮਨੁੱਖਤਾ ਦਾ ਹੋਰ ਨੁਕਸਾਨ ਹੋਣ ਤੋਂ ਬਚ ਸਕੇ, ਸਾਰੇ ਪਾਸੇ ਅਮਨ-ਚੈਨ ਹੋਵੇ, ਅਤੇ ਸਭ ਨੂੰ ਖੁੱਲ ਕੇ ਜਿਉਣ ਦਾ ਪੂਰਾ ਹੱਕ ਮਿਲੇ.

  • Comments
comments powered by Disqus