ਪਤਾ ਨਹੀਂ ਕਿਉਂ?

Jatinder Dhillon | Flickr

ਗੁਆਂਢੀ ਤਰਨੀ ਫੌਜੀ ਦਾ ਵਿਆਹ ਹੋਇਆਂ ਸਾਲ ਕੁ ਹੋਇਆ ਸੀ ਪਰ ਅਜੇ ਕੋਈ ਨਿੱਕਾ ਨਿਆਣਾ ਨਹੀਂ ਸੀ ਹੋਇਆ. ਓਹਦੀ ਘਰਵਾਲੀ ਸਜੀ ਸੰਵਰੀ ਪੈਰੀਂ ਝਾਂਜਰਾਂ ਪਾ ਜਦੋਂ ਇਧਰ ਉਧਰ ਲੰਘਦੀ ਤਾਂ ਬੜੀ ਸੋਹਣੀ ਲਗਦੀ. ਫੌਜੀ ਜਦੋਂ ਛੁੱਟੀ ਆਇਆ ਹੁੰਦਾ ਤਾਂ ਉਸਦਾ ਚਾਅ ਨਹੀ ਸੀ ਚੁੱਕ ਹੁੰਦਾ. ਛੁੱਟੀ ਕੱਟ ਜਦੋਂ ਫੌਜੀ ਚਲਾ ਜਾਂਦਾ ਤਾਂ ਉਹ ਉਦਾਸ ਹੋ ਜਾਂਦੀ. ਅਨਪੜ੍ਹ ਹੋਣ ਕਰਕੇ ਉਸਤੋਂ ਖੁਦ ਤਾਂ ਚਿੱਠੀ ਨਹੀਂ ਸੀ ਲਿਖ ਹੁੰਦੀ ਪਰ ਉਹ ਆਪਣੀ ਨਣਦ ਤੋਂ ਚਿੱਠੀ ਲਿਖਵਾ ਕੇ ਆਪਣਾ ਮਨ ਹੌਲਾ ਕਰ ਲੈਂਦੀ ਸੀ. ਫੇਰ ਨਣਦ ਦਾ ਵਿਆਹ ਹੋ ਗਿਆ. ਉਹ ਆਪਣੇ ਸਹੁਰੇ ਘਰ ਚਲੀ ਗਈ. ਹੁਣ ਘਰ ਵਿੱਚ ਚਿੱਠੀ ਲਿਖਣ ਵਾਲਾ ਕੋਈ ਨਹੀ ਸੀ.

ਇਕ ਦਿਨ ਚਿੱਠੀ ਵਾਲਾ ਲਿਫ਼ਾਫ਼ਾ ਲੈ ਉਹ ਸਾਡੇ ਘਰ ਆ ਗਈ. ਮਾਂ ਨੂੰ ਆਖਣ ਲਗੀ,

ਮਾਂ ਜੀ ਵੀਰੇ ਨੂੰ ਆਖੋ ਮੇਰੀ ਚਿੱਠੀ ਲਿਖ ਦੇਵੇ.
ਹਾਂ ਧੀਏ, ਜਰੂਰ. ਇਹ ਵੀ ਕੋਈ ਗੱਲ ਆ, ਲਿਖ ਵੇ ਪੁੱਤ ਤੇਰੀ ਭਾਬੀ ਦੀ ਚਿੱਠੀ.

ਮਾਂ ਨੇ ਮੈਨੂੰ ਹੁਕਮ ਦਿੱਤਾ.

ਮੈਂ ਚਿੱਠੀ ਲਿਖਣ ਲਗਾ. ਉਸਨੇ ਲਿਖਵਾਇਆ ਕਿ ਉਸਦਾ ਵੀਰ ਸੰਧਾਰਾ ਦੇ ਗਿਆ ਸੀ. ਦੋਵੇਂ ਪਾਸੇ ਖੈਰ ਸੁੱਖ ਹੋਣ ਬਾਰੇ ਵੀ ਲਿਖਵਾਇਆ. ਬਾਕੀ ਸਭ ਠੀਕ ਠਾਕ ਹੋਣ ਬਾਰੇ ਲਿਖਵਾਇਆ. ਇਸਤੋਂ ਬਾਦ ਉਸਨੇ ਮੈਨੂੰ ਕਿਹਾ,

ਬਾਕੀ ਤੂੰ ਆਪੇ ਹੀ ਲਿਖ ਦੇ.
ਮੈਂ ਆਪੇ ਕੀ ਲਿਖਾਂ? ਤੂੰ ਆਪ ਦਸ.
ਨਹੀਂ ਬਸ ਤੂੰ ਆਪੇ ਹੀ ਲਿਖ ਦੇ ਵਧੀਆ ਜੇਹਾ.

ਤੇ ਫੇਰ ਮੈਂ ਆਪੇ ਹੀ ਲਿਖ ਦਿੱਤਾ,

ਫੌਜੀਆ ਛੁੱਟੀ ਲੈ ਕੇ ਆ ਜਾ. ਜੇ ਐਤਕੀਂ ਦਾ ਸਿਆਲ ਵੀ ਸੁੱਕਾ ਈ ਲੰਘ ਗਿਆ ਤਾਂ ਇਧਰਲੇ ਬੇਬੇ ਬਾਪੂ ਨੂੰ ਵੀ ਸ਼ੱਕ ਹੋ ਜਾਣੀ ਐ ਬਈ ਫੌਜੀ ਚ ਕੋਈ ਨੁਕਸ ਐ.

ਚਿਠੀ ਲਿਖਣ ਉਪਰੰਤ ਉਸਨੇ ਮੈਨੂੰ ਪੜ੍ਹ ਕੇ ਸਣਾਉਣ ਲਈ ਕਿਹਾ. ਮੈਂ ਸੁਣਾ ਦਿਤੀ. ਪਰ ਜੋ ਮੈਂ ‘ਆਪੇ ਹੀ’ ਲਿਖਿਆ ਸੀ ਉਹ ਨਾ ਸੁਣਾਇਆ. ਉਸਨੇ ਉਸ ਬਾਬਤ ਵੀ ਪੁੱਛਣਾ ਚਾਹਿਆ ਪਰ ਮੈਂ ਕਹਿ ਦਿਤਾ,

ਬਸ ਮੈਂ ਆਪੇ ਹੀ ਲਿਖ ਦਿੱਤਾ ਵਧੀਆ ਜਿਹਾ.

ਹਫਤੇ ਕੁ ਬਾਦ ਗਲ ਬੈਗ ਪਾਈ ਮੈਂ ਫੌਜੀ ਪਿੰਡ ਆਉਂਦਾ ਦੇਖਿਆ. ਹੁਣ ਉਸਦੇ ਘਰ ਵਾਲੀ ਮੈਨੂੰ ਜਦੋਂ ਵੀ ਐਧਰ ਓਧਰ ਲੰਘਦੀ ਮਿਲਦੀ ਤਾਂ ਉਸਦਾ ਚੇਹਰਾ ਸੰਗ ਨਾਲ ਸੂਹਾ ਲਾਲ ਹੋ ਜਾਂਦਾ ਤੇ ਹਸਦੀ ਹੋਈ ਚੁੰਨੀ ਨਾਲ ਅੱਧਾ ਕੁ ਚੇਹਰਾ ਢਕ ਭੱਜ ਕੇ ਲੰਘ ਜਾਂਦੀ.

ਤੇ ਫੇਰ ਜਦੋਂ ਉਹਨਾਂ ਦੇ ਘਰ ਪੁੱਤਰ ਹੋਇਆ ਤਾਂ ਉਹਨਾ ਆਂਢ ਗੁਆਂਢ ਲੱਡੂ ਵੰਡੇ. ਮਾਂ ਨੇ ਮੈਨੂੰ ਦੱਸਿਆ,

ਬਾਕੀ ਸਭ ਘਰਾਂ ‘ਚ ਦੋ ਦੋ ਲੱਡੂ ਭੇਜੇ ਐ ਪਰ ਆਪਣੇ ਚਾਰ ਭੇਜੇ ਐ, ਪਤਾ ਨਹੀਂ ਕਿਉਂ?
  • Comments
comments powered by Disqus