ਸ਼ੂਕਦੀ ਜਵਾਨੀ ਦਾ ਨਾਚ – ਭੰਗੜਾ

Anthony | Flickr

ਭੰਗੜਾ ਪੰਜਾਬੀ ਗੱਭਰੂਆਂ ਦਾ ਅਜਿਹਾ ਮਨਮੋਹਕ ਲੋਕ–ਨਾਚ ਹੈ ਜਿਸ ਦੀਆਂ ਧੁੰਮਾਂ ਸਾਰੇ ਭਾਰਤ ਵਿੱਚ ਪਈਆਂ ਹੋਈਆਂ ਹਨ. ਭਾਰਤ ਤੋਂ ਬਾਹਰ ਵਸਦੇ ਪੰਜਾਬੀ ਜਦੋਂ ਕਿਸੇ ਖ਼ੁਸ਼ੀ ਦੇ ਅਵਸਰ ‘ਤੇ ਇਹ ਲੋਕ ਨਾਚ ਨਚਦੇ ਹਨ ਤਾਂ ਬਦੇਸ਼ੀ ਦਰਸ਼ਕ ਇਸ ਜੋਸ਼ ਭਰਪੂਰ ਤੇ ਵਲਵਲਿਆਂ ਮੱਤੇ ਨਾਚ ਨੂੰ ਵੇਖ ਕੇ ਦੰਗ ਰਹਿ ਜਾਂਦੇ ਹਨ. ਇਹ ਨਾਚ ਵਿਸ਼ੇਸ਼ ਕਰਕੇ ਪਾਕਿਸਤਾਨੀ ਪੰਜਾਬ ਦੇ ਸ਼ੇਖੂਪੁਰਾ, ਗੁਜਰਾਤ, ਅਤੇ ਸਿਆਲਕੋਟ ਦੇ ਜ਼ਿਲ੍ਹਿਆਂ ਵਿੱਚ ਨੱਚਿਆ ਜਾਂਦਾ ਸੀ. ਦੇਸ ਆਜ਼ਾਦ ਹੋਣ ਤੇ ਇਸ ਇਲਾਕੇ ਦੇ ਲੋਕ ਪੂਰਬੀ ਪੰਜਾਬ ਵਿੱਚ ਆ ਗਏ ਤੇ ਨਾਲ਼ ਹੀ ਇਹ ਨਾਚ ਵੀ ਲੈ ਆਏ. ਪੂਰਬੀ ਪੰਜਾਬ ਦੇ ਲੋਕਾਂ ਨੇ ਭੰਗੜਾ ਪੈਂਦਾ ਵੇਖਿਆ, ਇਸ ਦਾ ਅਜਿਹਾ ਪਰਭਾਵ ਪਿਆ ਕਿ ਉਹਨਾਂ ਨੇ ਇਸ ਨਾਚ ਨੂੰ ਆਪਣੀ ਦਿਲ ਤਖ਼ਤੀ ‘ਤੇ ਬਿਠਾ ਲਿਆ. ਅੱਜ ਇਹ ਸਮੁੱਚੇ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ–ਨਾਚ ਬਣ ਗਿਆ ਹੈ. ਇਸ ਨੂੰ ਸਾਰੀਆਂ ਜਾਤਾਂ ਦੇ ਲੋਕ ਬੜੇ ਚਾਅ, ਉਮਾਹ ਅਤੇ ਉਤਸ਼ਾਹ ਨਾਲ਼ ਨੱਚਦੇ ਹਨ. ਮੰਗਣੇ, ਵਿਆਹ, ਅਤੇ ਲੋਹੜੀ ਦੇ ਅਵਸਰ ‘ਤੇ ਆਮ ਕਰਕੇ ਭੰਗੜਾ ਪਾਇਆ ਜਾਂਦਾ ਹੈ.

ਪੱਛਮੀ ਪੰਜਾਬ ਵਿੱਚ ਵਿਸਾਖੀ ਦੇ ਅਵਸਰ ਤੇ ਆਮ ਕਰਕੇ ਭੰਗੜਾ ਪਾਇਆ ਜਾਂਦਾ ਸੀ. ਤਕਰੀਬਨ ਹਰ ਪਿੰਡ ਵਿੱਚ ਹੀ ਭੰਗੜੇ ਪੈਂਦੇ ਸਨ. ਕਿਸਾਨ ਆਪਣੀਆਂ ਸੁਨਹਿਰੀ ਕਣਕਾਂ ਨੂੰ ਵੇਖ ਕੇ ਵਜਦ ਵਿੱਚ ਆ ਜਾਂਦੇ ਹਨ, ਖ਼ੁਸ਼ੀ ਚਾਂਭੜਾਂ ਪਾਉਂਦੀ ਹੋਈ ਨੱਚ ਉੱਠਦੀ ਹੈ, ਢੋਲੀ ਜੋ ਆਮ ਕਰਕੇ ਭਰਾਈ ਹੋਇਆ ਕਰਦਾ ਸੀ, ਢੋਲ ਤੇ ਡੱਗਾ ਮਾਰਦਾ ਹੈ... ਡਗ..ਡਗ..ਡਗ..ਡਗਾ ਡਗ–ਡਗਾ ਡਗ... ਤੇ ਗੱਭਰੂ ਘਰਾਂ ‘ਚੋਂ ਨਿਕਲ਼ ਤੁਰਦੇ ਹਨ. ਢੋਲ ਦੀ ਆਵਾਜ਼ ਧੂ ਪਾਉਂਦੀ ਹੈ. ਖ਼ੁਸ਼ੀ ਵਿੱਚ ਖੀਵਾ ਹੋਇਆ ਕੋਈ ਗੱਭਰੂ ਕੰਨਾਂ ‘ਤੇ ਹੱਥ ਰੱਖ ਕੇ ਹੇਕ ਲਾਉਂਦਾ ਹੈ,

ਪਾਰ ਝਨਾਉਂ ਦਿਸਦਾ ਈ ਬੇਲਾ
ਦਬ ਕੇ ਡੱਗਾ ਮਾਰ ਓ ਸ਼ੇਖਾ
ਦੁਨੀਆਂ ਝਟ ਦਾ ਮੇਲਾ

ਪਿੰਡ ਦੀ ਮੋਕਲ਼ੀ ਜਿਹੀ ਸੱਥ ਵਿੱਚ ਖੜੋਤਾ ਢੋਲੀ ਡੱਗੇ ਤੇ ਡੱਗਾ ਮਾਰਦਾ ਹੈ ਤੇ ਗੱਭਰੂ ਉਸ ਦੇ ਦੁਆਲ਼ੇ ਇਕ ਘੇਰਾ ਵਲ ਲੈਂਦੇ ਹਨ, ਡੱਗੇ ਦੀ ਮਿਠੀ ਮਿਠੀ ਤਾਲ ਹੌਲ਼ੇ ਹੌਲ਼ੇ ਤੇਜ਼ ਹੋਈ ਜਾਂਦੀ ਹੈ ਤੇ ਨਾਚ ਆਰੰਭ ਹੋ ਜਾਂਦਾ ਹੈ. ਗੱਭਰੂ ਮਸਤੀ ਵਿੱਚ ਆ ਕੇ ਗੋਲ਼ ਦਾਇਰੇ ਵਿੱਚ, ਹੌਲ਼ੀ–ਹੌਲ਼ੀ, ਝੂਮਦੇ ਹੋਏ ਢੋਲ ਦੇ ਡੱਗੇ ਨਾਲ਼ ਤਾਲ ਮਲਾਂਦੇ, ਆਪਣੇ ਪੈਰਾਂ ਅਤੇ ਹੱਥਾਂ ਨੂੰ ਹਲਾਉਂਦੇ, ਸਰੀਰਾਂ ਨੂੰ ਲਚਕਾਉਂਦੇ, ਮੋਢੇ ਮਾਰਦੇ ਅਤੇ ਹਈ ਸ਼ਾ ਦੇ ਬੋਲ ਬੋਲਦੇ ਹੋਏ ਨੱਚਦੇ ਹਨ. ਨਾਚ ਤੇਜ਼ੀ ਫੜਦਾ ਹੈ, ਗੱਭਰੂ ਮਸਤੀ ਵਿੱਚ ਝੂਮਦੇ ਹੋਏ ਢੋਲੀ ਦੀ ਤਾਲ ਤੇ ਕਈ ਪਰਕਾਰ ਦੀਆਂ ਸਰੀਰਕ ਹਰਕਤਾਂ ਕਰਦੇ ਹਨ. ਕਦੀ ਦਾਇਰੇ ‘ਚੋਂ ਬਾਹਰ ਨਿਕਲ਼ ਕੇ ਜੋਟੇ ਬਣਾ ਕੇ ਪੈਰਾਂ ਭਾਰ ਬੈਠਦੇ ਹੋਏ ਅੱਗੇ-ਪਿੱਛੇ ਨੱਚਦੇ ਹਨ. ਕੋਈ ਕੀਮਾ ਮਲਕੀ ਦਾ ਸਾਂਗ ਕਰਦਾ ਹੈ, ਕੋਈ ਸੱਪ ਤੇ ਬਗਲੇ ਦੀ ਝਾਕੀ ਪੇਸ਼ ਕਰਦਾ ਹੈ, ਨਾਚਿਆਂ ਦੀਆਂ ਵੰਨ ਸਵੰਨੀਆਂ ਸਰੀਰਕ ਹਰਕਤਾਂ ਦਰਸ਼ਕਾਂ ਦਾ ਮਨ ਮੋਹ ਲੈਂਦੀਆਂ ਹਨ, ਢੋਲੀ ਆਪਣੇ ਤਾਲ ਨੂੰ ਤੇਜ਼ ਕਰਦਾ ਹੈ ਤੇ ਨਾਲ਼ ਹੀ ਨੱਚਣ ਵਾਲ਼ੇ ਵੀ ਆਪਣੀਆਂ ਹਰਕਤਾਂ ਤੇਜ਼ ਕਰੀ ਜਾਂਦੇ ਹਨ. ਸਾਰਿਆਂ ਦੇ ਸਰੀਰ ਮੁੜ੍ਹਕੋ-ਮੁੜ੍ਹਕੀ ਹੋ ਜਾਂਦੇ ਹਨ. ਢੋਲੀ ਤਾਲ ਬਦਲਦਾ ਹੈ ਤੇ ਸਾਰੇ ਚੁੱਪ ਛਾ ਜਾਂਦੀ ਹੈ. ਨਾਚ ਰੁਕ ਜਾਂਦਾ ਹੈ ਤੇ ਫੇਰ ਘੇਰੇ ਵਿੱਚੋਂ ਇੱਕ ਗੱਭਰੂ ਅੱਗੇ ਵੱਧਦਾ ਹੈ ਤੇ ਅਪਣਾ ਇੱਕ ਹੱਥ ਅਪਣੇ ਕੰਨਾਂ ਤੇ ਦੂਜਾ ਢੋਲ ਤੇ ਰੱਖ ਕੇ ਕਿਸੇ ਢੋਲੇ ਨੂੰ ਹੇਕ ਨਾਲ਼ ਗਾਉਂਦਾ ਹੈ,

ਕੰਨਾਂ ਨੂੰ ਬੁੰਦੇ ਸਿਰ ਛੱਤੇ ਨੇ ਕਾਲ਼ੇ
ਦਹੀਂ ਦੇ ਧੋਤੇ ਮੇਰੇ ਮੱਖਣਾਂ ਦੇ ਪਾਲ਼ੇ
ਰਲ਼ ਮਿੱਟੀ ਵਿੱਚ ਗਏ ਨੇ
ਸੱਜਣ ਕੌਲ ਨਹੀਂ ਪਾਲ਼ੇ
ਤੇਰੇ ਬਾਝੋਂ ਵੀ ਢੋਲਿਆ
ਸਾਨੂੰ ਕੌਣ ਸੰਭਾਲੇ

ਚੜ੍ਹਿਆ ਏ ਚੰਨ
ਨਾਲ਼ੇ ਚੜ੍ਹੀਆਂ ਨੇ ਤਾਰੀਆਂ
ਕੁਝ ਡੁੱਬ ਗਈਆਂ
ਤੇ ਕੁਝ ਡੁੱਬਣ ਹਾਰੀਆਂ
ਮੇਰਾ ਪੀਠਾ ਸੁਰਮਾ
ਲੁੱਟ ਲਿਆ ਕੁਆਰੀਆਂ
ਉਹਨਾਂ ਕੀ ਵਸਣਾ ਸਹੁਰੇ ਸ਼ੇਖਾ
ਜਿਨ੍ਹਾਂ ਪੇਕੇ ਲਾਈਆਂ ਯਾਰੀਆਂ

ਜਦੋਂ ਢੋਲਾ ਖ਼ਤਮ ਹੁੰਦਾ ਹੈ ਤਾ ਢੋਲੀ ਫੇਰ ਢੋਲ ਤੇ ਡੱਗਾ ਮਾਰਦਾ ਹੈ ਤੇ ਨਾਚ ਵਾਲ਼ਾ ਤਾਲ ਵਜਦਾ ਹੈ ਤੇ ਨਾਚ ਮੁੜ ਸ਼ੁਰੂ ਹੋ ਜਾਂਦਾ ਹੈ. ਪਹਿਲਾਂ ਵਾਂਗ ਪਹਿਲਾਂ ਨਾਚ ਦੀ ਗਤੀ ਹੌਲ਼ੀ ਹੁੰਦੀ ਹੈ ਤੇ ਰਫ਼ਤਾਰ ਨਾਲ਼ ਤੇਜ਼ ਹੋਈ ਜਾਂਦੀ ਹੈ. ਨਾਚ ਦਾ ਘੇਰਾ ਘਟਦਾ ਵਧਦਾ ਰਹਿੰਦਾ ਹੈ ਜਿਹੜੇ ਥੱਕ ਜਾਂਦੇ ਹਨ, ਉਹ ਬੈਠ ਜਾਂਦੇ ਹਨ ਤੇ ਨਾਲੋ–ਨਾਲ਼ ਹੋਰ ਘੇਰੇ ਵਿੱਚ ਸ਼ਰੀਕ ਹੋਈ ਜਾਂਦੇ ਹਨ. ਨਾਚਿਆਂ ਦੀ ਕੋਈ ਗਿਣਤੀ–ਮਿਣਤੀ ਨਹੀਂ, ਜਿੰਨੇ ਚਾਹੁਣ ਨੱਚ ਸਕਦੇ ਹਨ. ਇੱਕ ਗੱਲ ਲਾਜ਼ਮੀ ਹੈ ਕਿ ਕੋਈ ਨਚਾਰ ਤਾਲ ਨਾ ਤੋੜੇ ਤੇ ਢੋਲ ਦੀ ਤਾਲ ਤੇ ਨੱਚਦਾ ਰਹੇ, ਸਰੀਰਾਂ ਦੀਆਂ ਹਰਕਤਾਂ ਜਿਵੇਂ ਮਰਜ਼ੀ ਕਰੀ ਜਾਵੇ. ਇਸ ਨਾਚ ਦੀ ਹੋਰਨਾਂ ਲੋਕ ਨਾਚਾਂ ਵਾਂਗ ਕੋਈ ਬੱਝਵੀਂ ਤਕਨੀਕ ਨਹੀਂ. ਇਸ ਨਾਚ ਲਈ ਵਿਸ਼ੇਸ਼ ਵੇਸ਼–ਭੂਸ਼ਾ ਦੀ ਵੀ ਲੋੜ ਨਹੀਂ ਪਰੰਤੂ ਅੱਜ ਕੱਲ੍ਹ ਭੰਗੜਾ, ਕਾਲਜਾਂ ਅਤੇ ਸਕੂਲਾਂ ਵਿੱਚ ਆਮ ਪ੍ਰਚਲਤ ਹੋ ਰਿਹਾ ਹੈ. ਕਾਲਜਾਂ ਤੇ ਸਕੂਲਾਂ ਵਾਲ਼ੇ ਆਪਣੀਆਂ–ਆਪਣੀਆਂ ਭੰਗੜਾ ਟੀਮਾਂ ਲਈ ਵਿਸ਼ੇਸ਼ ਪਰਕਾਰ ਦੀਆਂ ਪੋਸ਼ਾਕਾਂ ਤਿਆਰ ਕਰਵਾਉਂਦੇ ਹਨ ਜਿਨ੍ਹਾਂ ਵਿੱਚ ਆਮ ਕਰਕੇ ਚਾਦਰੇ, ਕਮੀਜ਼ਾਂ, ਅਤੇ ਜਾਕਟਾਂ ਹੁੰਦੀਆਂ ਹਨ.

ਭੰਗੜਾ ਪੰਜਾਬ ਵਿੱਚ ਬਹੁਤ ਹਰਮਨ ਪਿਆਰਾ ਹੋ ਰਿਹਾ ਹੈ, ਅੱਜ ਕੱਲ੍ਹ ਕਾਲਜਾਂ, ਯੂਨੀਵਰਸਿਟਿਆਂ ਦੇ ਯੂਥ ਫੈਸਟਿਬਲਾਂ ਉੱਤੇ ਭੰਗੜੇ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ.

Source:

ਪੰਜਾਬੀ ਸਭਿਆਚਾਰ ਦੀ ਆਰਸੀ (ਸੁਖਦੇਵ ਮਾਦਪੁਰੀ)

Tagged In
  • Comments
comments powered by Disqus