ਆਪੋ ਆਪਣੇ ਵਿਚਾਰ ਅਤੇ ਅਧਿਕਾਰ

Sebastiaan ter Burg | Flickr

ਜਿਸ ਤਰਾਂ ਆਸਤਿਕ ਰੱਬ ਨੂੰ ਮੰਨਦੇ ਹਨ, ਉਸਦੀ ਵਡਿਆਈ ਕਰਦੇ ਹਨ, ਅਤੇ ਪੂਜਾ ਕਰਦੇ ਹਨ, ਇਹ ਓਹਨਾ ਦਾ ਅਧਿਕਾਰ ਹੈ. ਉਸੇ ਤਰਾਂ ਅਸੀਂ ਨਾਸਤਿਕ ਉਸਨੂੰ ਨਹੀਂ ਮੰਨਦੇ ਤੇ ਕਦੀ ਕਦੀ ਉਸਦੀ ਨਿੰਦਿਆ ਵੀ ਕਰਦੇ ਹਾਂ, ਇਹ ਸਾਡਾ ਅਧਿਕਾਰ ਹੈ.

ਜਦ ਕਿਤੇ ਆਸਤਿਕਾਂ ਵਿੱਚ ਇੱਕ ਨਾਸਤਿਕ ਬਹਿ ਕੇ ਕਹੇ ਕੇ ਮੈਂ ਨਹੀਂ ਮੰਨਦਾ ਰੱਬ ਨੂੰ, ਤਾਂ ਉਸਨੂੰ ਕੁਝ ਇਦਾਂ ਕਿਹਾ ਜਾਂਦਾ ਹੈ,

ਵੱਡਾ ਪੜਾਕੂ..

ਤੂੰ ਕੱਲਾ ਹੀ ਸਿਆਣਾ ਬਣਿਆ ਫਿਰਦਾਂ..

ਦਿਮਾਗ ਹਿੱਲ ਗਿਆ ਤੇਰਾ..

ਇਸ ਤਰਾਂ ਉਸਦਾ ਵਿਰੋਧ ਕੀਤਾ ਜਾਂਦਾ ਹੈ.

ਇਸੇ ਤਰਾਂ ਜਦ ਕਿਤੇ ਨਾਸਤਿਕਾਂ ਵਿਚ ਕੋਈ ਆਸਤਿਕ ਬਹਿ ਕੇ ਕਹੇ ਕੇ ਮੈਂ ਤਾਂ ਰੱਬ ਨੂੰ ਮੰਨਦਾ ਹਾਂ. ਤਾਂ ਉਸਨੂੰ ਕਿਹਾ ਜਾਂਦਾ ਹੈ,

ਲਾਈਲੱਗ..

ਅਨਪੜ..

ਭੇਡਾਂ ਦੇ ਪਿੱਛੇ ਭੇਡ ਬਣਿਆ ਫਿਰਦਾਂ..

ਅਤੇ ਉਸ ਦਾ ਇਸ ਤਰਾਂ ਵਿਰੋਧ ਕੀਤਾ ਜਾਂਦਾ ਹੈ.

ਦੋਵਾਂ ਦੇ ਆਪਣੇ ਆਪਣੇ ਪਖ ਹਨ, ਵਿਚਾਰ ਹਨ, ਅਤੇ ਅਧਿਕਾਰ ਹਨ. ਪਰ ਜਦ ਵਿਚਾਰਕ ਗੱਲਬਾਤ ਬਹਿਸ ਦਾ ਰੂਪ ਲੈ ਲੈਂਦੀ ਹੈ ਤੇ ਬਹਿਸ ਲੜਾਈ ਦਾ ਰੂਪ ਫਿਰ ਦੋਵੇਂ ਆਪਣੇ ਆਪਣੇ ਪੱਖ, ਆਪਣੇ ਆਪਣੇ ਅਧਿਕਾਰ ਭੁੱਲ ਜਾਂਦੇ ਹਨ ਅਤੇ ਆਪਣਾ ਆਪਾ ਖੋ ਲੈਂਦੇ ਹਨ, ਅਤੇ ਓਥੋ ਸ਼ੁਰੂ ਹੋ ਜਾਂਦੀ ਹੈ ਕੱਟੜਤਾ, ਨਫਰਤ, ਅਤੇ ਈਰਖਾ. ਜੋ ਕੇ ਸਰਾਸਰ ਗਲਤ ਹੈ, ਮੈਂ ਵੀ ਇਸ ਅਵਸਥਾ ਵਿਚੋਂ ਦੀ ਲੰਗ ਰਿਹਾ ਹਾਂ ਪਰ ਬਹੁਤ ਹੱਦ ਤਕ ਬਾਹਰ ਨਿੱਕਲ ਚੁੱਕਿਆਂ ਹਾਂ. ਕੱਟੜਤਾ ਵਿੱਚੋਂ ਹੀ ਨਫਰਤ ਉਪਜਦੀ ਹੈ, ਤੇ ਨਫਰਤ ਵਿਚੋਂ ਹੀ ਜਾਤ ਪਾਤ ਦਾ ਵਿਖ੍ਰੇਵਾਂ, ਇੱਕ ਦੂਜੇ ਧਰਮਾਂ ਵਿਰੁੱਧ ਈਰਖਾ, ਖੂਨ ਖਰਾਬਾ, ਦੰਗੇ ਆਦਿ. ਬਲਕੇ ਸਾਨੂੰ ਚਾਹੀਦਾ ਹੈ ਆਪਣੇ ਅਧਿਕਾਰਾਂ ਨੂੰ ਸਮਝ ਕੇ, ਆਪਣੀ ਜੁਬਾਨ ਉੱਤੇ ਆਪਣੀ ਪਕੜ ਮਜਬੂਤ ਕਰਕੇ, ਆਪਣੇ ਵਿਚਾਰਾਂ ਨੂੰ ਕਿਸੇ ਉੱਤੇ ਨਾ ਥੋਪ ਕੇ, ਤਰਕ ਨਾਲ, ਸੰਜੀਦਗੀ ਨਾਲ, ਅਤੇ ਪ੍ਰੇਮ ਨਾਲ ਆਪਣੇ ਵਿਚਾਰ ਸਭ ਸਾਹਮਣੇ ਰੱਖਣੇ ਚਾਹੀਦੇ ਹਨ ਅਤੇ ਕੱਟੜਤਾ ਨੂੰ ਆਪਣੇ ਤੋਂ ਦੂਰ ਰੱਖਣਾ ਚਾਹੀਦਾ ਹੈ.

ਮੈਂ ਖੁਦ ਇਸ ਨਾਲ ਲੜ ਰਿਹਾ ਹਾਂ ਅਤੇ ਇਸਨੂੰ ਤਿਆਗਣ ਵਿੱਚ ਲੱਗਾ ਹੋਇਆ ਹਾਂ. ਉਮੀਦ ਹੈ ਤੁਹਾਡਾ ਸਭ ਦਾ ਵੀ ਸਾਥ ਮਿਲੇਗਾ, ਅਤੇ ਤੁਸੀਂ ਵੀ ਇਹਨਾਂ ਗੱਲਾਂ ਤੇ ਗੌਰ ਕਰੋਗੇ. ਅਸੀਂ ਇਨਸਾਨ ਹਾਂ, ਇਨਸਾਨਾਂ ਵਾਂਗ ਹੀ ਰਹਿਣਾ ਚਾਹੀਦਾ ਹੈ. ਪਰ ਕੱਟੜਤਾ ਕਰਕੇ ਸਾਡੇ ਉੱਤੇ ਜਾਨਵਰ ਭਾਰੂ ਹੋ ਜਾਂਦੇ ਹਨ ਤੇ ਅਸੀਂ ਉੱਤਰ ਆਉਂਦੇ ਹਾਂ ਚੀਰ ਪਾੜ ਉੱਤੇ. ਬਲਕੇ ਸਾਨੂੰ ਵਿਚਾਰਾਂ ਦਾ ਜਵਾਬ ਵਿਚਾਰਾਂ ਨਾਲ ਦੇਣਾ ਚਾਹੀਦਾ ਹੈ, ਨਾ ਕੇ ਹਥਿਆਰਾਂ ਨਾਲ.

  • Comments
comments powered by Disqus