ਖ਼ੁਸ਼ੀਆਂ ਦੀਆਂ ਫੁਹਾਰਾਂ (ਲੁੱਡੀ)

ਲੁੱਡੀ ਪੰਜਾਬੀਆਂ ਦਾ ਬੜਾ ਮਨਮੋਹਕ ਨਾਚ ਰਿਹਾ ਹੈ. ਇਹ ਆਮ ਕਰਕੇ ਕਿਸੇ ਜਿੱਤ ਦੀ ਖ਼ੁਸ਼ੀ ਵਿੱਚ ਨੱਚਿਆ ਜਾਂਦਾ ਸੀ. ਕਿਸੇ ਮੁਕੱਦਮਾ ਜਿੱਤਿਆ ਹੈ ਜਾਂ ਖੇਡ ਦੇ ਮੈਦਾਨ ਵਿੱਚ ਮੱਲ ਮਾਰੀ ਹੈ ਤਾਂ ਝੱਟ ਢੋਲੀ ਨੂੰ ਬੁਲਾ ਕੇ ਜਿੱਤ ਦੀ ਖ਼ੁਸ਼ੀ ਦਾ ਪ੍ਰਗਟਾਵਾ ਲੁੱਡੀ ਪਾ ਕੇ ਹੀ ਕੀਤਾ ਜਾਂਦਾ ਸੀ. ਵਿਆਹ ਦੇ ਮੌਕੇ, ਮੁੰਡੇ ਦੀ ਛਟੀ, ਫ਼ਸਲ ਦੀ ਵਾਢੀ ਦੇ ਅਵਸਰ ਤੇ ਆਮ ਕਰਕੇ ਅਤੇ ਮੇਲਿਆਂ ਮੁਸਾਵਿਆਂ ਉੱਤੇ ਖ਼ਾਸ ਕਰਕੇ ਲੁੱਡੀ ਪਾਈ ਜਾਂਦੀ ਸੀ.

ਉਂਜ ਤੇ ਲੁੱਡੀ ਸਾਰੇ ਪੰਜਾਬ ਵਿੱਚ ਪਾਈ ਜਾਂਦੀ ਰਹੀ ਹੈ. ਸਾਂਦਲ ਬਾਰ ਦੇ ਇਲਾਕੇ ਵਿੱਚ ਜਾਂਗਲੀ ਲੋਕ ਝੁਮਰ ਦੇ ਨਾਲ਼ ਨਾਲ਼ ਲੁੱਡੀ ਵੀ ਪਾਉਂਦੇ ਹਨ. ਮਰਦ ਤੇ ਤੀਵੀਆਂ ਵੱਖਰੇ ਵੱਖਰੇ ਤੌਰ ਤੇ ਹੀ ਲੁੱਡੀ ਪਾਉਂਦੇ ਹਨ. ਸਿਆਲਕੋਟ ਅਤੇ ਗੁਜਰਾਂਵਾਲੇ ਦੇ ਇਲਾਕੇ ਵਿੱਚ ਲੁੱਡੀ ਭੰਗੜੇ ਦੇ ਨਾਲ਼ੋ ਨਾਲ ਪਾਈ ਜਾਂਦੀ ਸੀ. ਭੰਗੜਾ ਨਾਚ ਲੁੱਡੀ ਦੇ ਤਾਲ ਨਾਲ਼ ਹੀ ਸ਼ੁਰੂ ਕੀਤਾ ਜਾਂਦਾ ਹੈ. ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਪਸਰੂਰ ਦੇ ਇੱਕ ਪਿੰਡ ਕੋਰੇ ਕੇ ਵਿੱਚ ਗਫੂਰ ਸ਼ਾਹ ਦਾ ਬਹੁਤ ਭਾਰੀ ਮੇਲਾ ਲੱਗਦਾ ਹੈ. ਇਸ ਮੇਲੇ ਦੇ ਆਲ਼ੇ ਦੁਆਲ਼ੇ ਦੇ ਪਿੰਡਾਂ ਦੇ ਲੋਕਾਂ ਦੇ ਭੰਗੜੇ ਅਤੇ ਲੁੱਡੀ ਦੇ ਮੁਕਾਬਲੇ ਹੋਇਆ ਕਰਦੇ ਸਨ. ਐਮਦਾਬਾਦ ਦੀ ਵਿਸਾਖੀ ਤੇ ਵੀ ਇਹ ਮੁਕਾਬਲੇ ਹੁੰਦੇ ਸਨ. ਮਾਲਵੇ ਦੇ ਇਲਾਕੇ ਵਿੱਚ ਵੀ ਗਿੱਧਾ ਪਾਉਂਦੇ ਸਮੇਂ ਮੁਟਿਆਰਾਂ ਲੁੱਡੀ ਪਾਉਂਦੀਆਂ ਸਨ.

ਢੋਲੀ ਆਪਣੇ ਢੋਲ ਤੇ ਡੱਗਾ ਮਾਰਦਾ ਹੈ ਤੇ ਲੁੱਡੀ ਤਾਲ ਵਜਾਉਂਦਾ ਹੈ. ਢੋਲ ਦੀ ਆਵਾਜ਼ ਨਾਲ਼ ਖਚੀਂਦੇ ਗੱਭਰੂ ਢੋਲੀ ਦੇ ਆਲ਼ੇ ਦੁਆਲ਼ੇ ਗੋਲ ਦਾਇਰੇ ਵਿੱਚ ਘੇਰਾ ਘੱਤ ਲੈਂਦੇ ਹਨ. ਉਹ ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ, ਲੱਕ ਲਾਚਕਾਉਂਦੇ ਅਤੇ ਛਾਤੀ ਅੱਗੇ ਤਾੜੀ ਮਾਰਦੇ ਹੋਏ ਚੱਕਰ ਅੰਦਰ ਤਾਲ ਵਿੱਚ ਹੌਲ਼ੀ ਹੌਲ਼ੀ ਮਸਤ ਚਾਲੇ ਤੁਰਦੇ ਹਨ, ਫੇਰ ਢੋਲੀ ਇਸ਼ਾਰਾ ਕਰਕੇ ਤਾਲ ਬਦਲਦਾ ਹੈ ਤੇ ਤਿੰਨ ਤਾੜੀਆਂ ਵਜਾਈਆਂ ਜਾਂਦੀਆਂ ਹਨ. ਪਹਿਲੀ ਤਾੜੀ ਘੇਰੇ ਦੇ ਅੰਦਰਲੇ ਪਾਸੇ ਝੁਕ ਕੇ, ਦੂਜੀ ਛਾਤੀ ਅੱਗੇ ਤੇ ਤੀਜੀ ਫੇਰ ਘੇਰੇ ਦੇ ਬਾਹਰਲੇ ਪਾਸੇ ਝੁਕ ਕੇ ਮਾਰੀ ਜਾਂਦੀ ਹੈ. ਨਾਲ਼ ਨਾਲ਼ ਤਾਲ ਤੇਜ਼ ਹੋਈ ਜਾਂਦਾ ਹੈ. ਇਸ ਮਗਰੋਂ ਢੋਲੀ ਫੇਰ ਤਾਲ ਬਦਲਦਾ ਹੈ ਤੇ ਉਸ ਦੇ ਇਸ਼ਾਰੇ ਨਾਲ਼ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ਼ ਕੁੱਦਿਆ ਜਾਂਦਾ ਹੈ, ਫੇਰ ਖੱਬੀ ਬਾਂਹ ਤੇ ਖੱਬੀ ਲੱਤ ਚੁੱਕ ਕੇ ਸੱਜੇ ਪੈਰ ਨਾਲ਼ ਕੁੱਦਦੇ ਹਨ ਤੇ ਨਾਲ਼ ਹੀ ਬੱਲੇ ਬੱਲੇ, ਬੱਲੇ ਸ਼ੇਰਾ, ਉਏ ਉਏ, ਬੱਗਿਆ ਸ਼ੇਰਾ ਬਾਰ ਬਾਰ ਜੋਸ਼ ਵਿੱਚ ਬੋਲਦੇ ਹਨ. ਕਦੇ ਕਦੇ ਉਹ ਨੱਚਦੇ ਹੋਏ ਇਕ ਪੈਰ ਦੇ ਭਾਰ ਬਹਿ ਕੇ ਅੱਧਾ ਚੱਕਰ ਕੱਟਦੇ ਹਨ, ਢੋਲੀ ਡੱਗੇ ਤੇ ਡੱਗਾ ਮਾਰੀ ਜਾਂਦਾ ਹੈ ਤੇ ਨਾਚ ਦੀ ਗਤੀ ਤੇਜ਼ ਹੋਈ ਜਾਂਦੀ ਹੈ. ਗੱਭਰੂ ਨੱਚਦੇ ਹੋਏ ਹਾਲੋਂ ਬੇਹਾਲ ਹੋ ਜਾਂਦੇ ਹਨ. ਮਸਤੀ ਝੂਮ ਝੂਮ ਜਾਂਦੀ ਹੈ. ਜੇ ਕੋਈ ਹੰਭ ਜਾਵੇ ਤਾਂ ਨਾਚ ਵਿੱਚੇ ਛੱਡ ਕੇ ਬਾਹਰ ਜਾ ਬੈਠਦਾ ਹੈ. ਬਾਹਰ ਬੈਠੀਆਂ ਸੁਆਣੀਆਂ ਤੇ ਆਦਮੀ ਪ੍ਰਸ਼ੰਸਾ ਭਰੀਆਂ ਅੱਖੀਆਂ ਨਾਲ਼ ਨੱਚਦੇ ਗੱਭਰੂਆਂ ਵੱਲ ਵੇਖ ਕੇ ਅਨੰਦ ਮਾਣਦੇ ਹਨ.

ਲੁੱਡੀ ਪਾਉਣ ਸਮੇਂ ਅਨੇਕ ਪਰਕਾਰ ਦੇ ਗੀਤ ਗਾਏ ਜਾਂਦੇ ਹਨ. ਬਾਰ ਦੇ ਇਲਾਕੇ ਵਿੱਚ ਢੋਲੇ ਅਤੇ ਸੱਦਾਂ ਲਾਈਆਂ ਜਾਂਦੀਆਂ ਹਨ. ਇਹ ਢੋਲੇ ਦੇ ਸੱਦਾਂ ਆਮ ਤੌਰ ਤੇ ਮਿਰਜ਼ੇ, ਸੱਸੀ ਪੁੰਨੂ, ਹੀਰ ਰਾਂਝੇ ਅਤੇ ਸੂਰਮਿਆਂ ਦੀਆਂ ਹੁੰਦੀਆਂ ਹਨ. ਮਾਲਵੇ ਦੇ ਇਲਾਕੇ ਵਿੱਚ ਗਿੱਧੇ ਦੀਆਂ ਲੰਬੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ. ਇਕ ਜਣਾ ਹੇਕ ਲਾ ਕੇ ਢੋਲਾ ਜਾਂ ਸੱਦ ਲਾਉਂਦਾ ਹੈ ਤੇ ਅੰਤਲੇ ਟੱਪੇ ਤੇ ਨਾਚ ਮਘ ਉੱਠਦਾ ਹੈ. ਲੁੱਡੀ ਦਾ ਇਕ ਅਰੰਭਕ ਗੀਤ ਹੈ,

ਛੰਨੇ ਉੱਤੇ ਛੰਨਾ
ਲੁੱਡੀ ਪਾ ਸੂਰ ਦਿਆ ਕੰਨਾ
ਲੁੱਡੀ ਘਮ ਓਏ ਲੁੱਡੀ ਘਮ
ਲੁੱਡੀ ਘਮ ਓਏ ਲੁੱਡੀ ਘਮ

ਢੋਲੀ ਤਾਲ ਬਦਲਦਾ ਹੈ ਅਤੇ ਕੋਈ ਜਣਾ ਪਿੜ ਵਿੱਚ ਆ ਕੇ ਢੋਲਾ ਲਾਉਂਦਾ ਹੈ,

ਬੇਬਸ ਨੀ ਸਾਹਿਬਾਂ
ਅਕਲ ਦੀਏ ਝੱਲੀਏ
ਕੋਠੀ ਹਾਵੀ ਆ ਕੱਚ ਦੀ
ਰਾਵੀ ਖਤ ਨਾ ਘੱਲੀਏ
ਜਿਹੜੇ ਲਾ ਪ੍ਰੀਤ ਪਲੀਚ ਚਾ ਕਰਨੀ
ਆਖਣ ਲੋਕ ਨਿਗੱਲੀਏ
ਨਾਲ਼ ਕੁਸੰਗੀ ਦੇ ਸੰਗ ਨਾ ਕਰੀਏ
ਰਾਹ ਦੁਸ਼ਮਣ ਦਾ ਟਲੀਏ
ਖੇਡੀਏ ਨਾਲ਼ ਖਿਡਕਾਰਾਂ
ਗੋਟੀ ਵੇਖ ਕੇ ਚੱਲੀਏ

ਕੋਈ ਸਿਆਲਕੋਟ ਦਾ ਗੱਭਰੂ ਸੱਦ ਲਾਉਂਦਾ ਹੈ,

ਛੱਤੀ ਟਾਹਲੀ ਓਏ
ਹੇਠਾਂ ਮਟ ਸ਼ਰਾਬ ਦਾ
ਪੀ ਲੈ ਮੁੰਡਿਆ ਓਏ
ਮੈਂ ਨੀ ਪੀਂਦਾ, ਮੇਰਾ ਬਾਪੂ ਮਾਰਦਾ
ਨਾ ਮਾਰੀਂ ਬਾਪੂ ਓਏ
ਮੈਂ ਤੇਰਾ ਡੰਗਰ ਵੱਛਾ ਚਾਰਦਾ
ਡੰਗਰ ਵੱਛਾ ਚਾਰਦਿਆਂ
ਮੈਨੂੰ ਲੱਭੀ ਖੂੰਡੀ ਓਏ
ਓਹਦੇ ਮੱਥੇ ਤੇ ਫੁਲ ਜਵਾਰ ਦਾ

ਮਲਵਈ ਗੱਭਰੂ ਮਿਰਜ਼ੇ ਦੀ ਸੱਦ ਲਾਉਂਦਾ ਹੈ,

ਭੱਤੇ ਚੋਂ ਕੱਢ ਲਿਆ ਜੱਟ ਨੇ ਟੋਲ਼ਕੇ
ਰੰਗ ਦਾ ਸੁਨਹਿਰੀ ਤੀਰ
ਮਾਰਿਆ ਜੱਟ ਨੇ ਮੁੱਛਾਂ ਕੋਲ਼ੋਂ ਵਟਕੇ ਉਡ ਗਿਆ ਵਾਂਗ ਭੰਬੀਰ
ਪੰਜ ਸੱਤ ਲਾਹ ਲਏ ਘੋੜਿਓਂ
ਨੌਵਾਂ ਲਾਹਿਆ ਸਾਹਿਬਾਂ ਦਾ ਵੀਰ
ਸਾਹਿਬਾਂ ਡਿਗਦੇ ਭਰਾਵਾਂ ਨੂੰ ਦੇਖ ਕੇ
ਅੱਖੀਓਂ ਸੁਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖ਼ੂਨੀਆ
ਹੋਰ ਨਾ ਚਲਾਈਂ ਐਸਾ ਤੀਰ
ਅਸਾਂ ਇਕ ਢਿੱਡ ਲੱਤਾਂ ਦੇ ਲਈਆਂ
ਇੱਕੋ ਮਾਂ ਦਾ ਚੁੰਘਿਆਂ ਸੀਰ

ਸਰੋਤਿਆਂ ਦਾ ਰੋਹ ਭਖ ਉੱਠਦਾ ਹੈ, ਮਧਮੱਤੇ ਗੱਭਰੂ ਬੱਕਰੇ ਬਲਾਉਂਦੇ ਹੋਏ, ਚਾਂਗਰਾਂ ਮਾਰਦੇ ਹਨ. ਢੋਲ ਹੋਰ ਤੇਜ਼ ਵਜਦਾ ਹੈ. ਇਕ ਸਮਾਂ ਬੰਨ੍ਹਿਆ ਜਾਂਦਾ ਹੈ.

ਅੱਜ ਇਹ ਨਾਚ ਬੀਤੇ ਸਮੇਂ ਦੀ ਕਹਾਣੀ ਬਣ ਕੇ ਰਹਿ ਗਿਆ ਹੈ. ਕਿਧਰੇ ਕੋਈ ਲੁੱਡੀ ਨਹੀਂ ਪੈਂਦੀ, ਨਾ ਕਿਧਰੇ ਝੁਮਰ ਨਜ਼ਰੀਂ ਆਉਂਦਾ ਹੈ.

ਉੱਪਰ ਲਿਖਿਆ ਹੋਇਆ ਲੇਖ ਸੁਖਦੇਵ ਮਾਦਪੁਰੀ ਦੀ ਕਿਤਾਬ ਪੰਜਾਬੀ ਸਭਿਆਚਾਰ ਦੀ ਆਰਸੀ ਵਿਚੋਂ ਲੈਤਾ ਗਿਆ ਹੈ.

Preview Image Credit: Flickr | PVS Suresh

  • Comments
comments powered by Disqus