ਮੂਰਖ ਜੁਲਾਹਾ ਜੱਟ ਬਣਿਆ

ਹੇਠ ਲਿਖੀ ਹੋਈ ਕਹਾਣੀ ਸੁਖਦੇਵ ਮਾਦਪੁਰੀ ਦੀ ਕਿਤਾਬ ਬਾਤਾਂ ਦੇਸ ਪੰਜਾਬ ਦੀਆਂ ਵਿੱਚੋ ਲਈ ਗਈ ਹੈ.

ਇੱਕ ਵਾਰ ਦੀ ਗੱਲ ਹੈ ਇੱਕ ਜੁਲਾਹੇ ਨੂੰ ਖੇਤੀ ਕਰਨ ਦਾ ਸ਼ੌਕ ਜਾਗਿਆ. ਉਹ ਆਪਣੇ ਗੁਆਂਢੀ ਜੱਟ ਨੂੰ ਜਾ ਕੇ ਆਖਣ ਲੱਗਾ,

ਸਰਦਾਰਾ ਸਿਆਂ ਐਤਕੀਂ ਤੂੰ ਕੋਈ ਸਾਂਝੀ ਨਾ ਰਲਾਈਂ, ਆਪਾਂ ਦੋਏ ਰਲ ਕੇ ਪੰਚਾਇਤ ਆਲੀ ਜ਼ਮੀਨ ਚਗੋਤੇ ਤੇ ਲੈ ਲੈਨੇ ਆਂ. ਆਪਣੀ ਸਾਂਝ ਪੱਕੀ ਰਹੀ.

ਜੱਟ ਤੇ ਜੁਲਾਹੇ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ. ਜੱਟ ਚਲਾਕ ਤੇ ਮਚਲਾ ਸੀ, ਉਹ ਆਪ ਤਾਂ ਤੁਰ ਫਿਰ ਛੱਡਦਾ ਤੇ ਜੁਲਾਹੇ ਨੂੰ ਔਖੇ ਕੰਮ ਤੇ ਲਾ ਛੱਡਦਾ. ਜੁਲਾਹਾ ਬੜੇ ਚਾਅ ਨਾਲ ਕੰਮ ਕਰਦਾ. ਕੁਝ ਸਮੇ ਬਾਅਦ ਕਮਾਦ ਦੀ ਫਸਲ ਪੱਕ ਕੇ ਤਿਆਰ ਹੋ ਗਈ. ਜੱਟ ਨੇ ਜੁਲਾਹੇ ਨੂੰ ਕਿਹਾ,

ਦੱਸ ਬਈ ਤੂੰ ਕਿਹੜਾ ਹਿੱਸਾ ਲੈਣਾ? ਉਪਰਲਾ ਜਾਂ ਥੱਲੇ ਦਾ.

ਜੁਲਾਹੇ ਨੇ ਕਮਾਦ ਦੇ ਲਹਿ ਲੁਹਾਂਦੇ ਖੇਤ ਵੱਲ ਨਿਗਾਹ ਮਾਰੀ, ਉਸ ਨੂੰ ਹਰੇ ਕਚੂਰ ਆਗ ਚੰਗੇ ਲੱਗੇ, ਉਹਨੇ ਆਪਣੇ ਮਨ ਨਾਲ ਸਲਾਹ ਕੀਤੀ,

ਮੈਂ ਲੱਕੜੀਆਂ ਵਰਗੇ ਗੰਨਿਆਂ ਨੂੰ ਕੀ ਕਰਨਾ, ਹਰੇ ਕਚੂਰ ਆਗ ਮੈਂ ਆਪਣੇ ਪਸ਼ੂਆਂ ਨੂੰ ਪਾਊਂਗਾ.

ਮਨੋ ਮਨ ਸੋਚ ਕੇ ਜੁਲਾਹਾ ਬੋਲਿਆ,

ਉਪਰਲਾ ਹਿੱਸਾ ਮੇਰਾ ਤੇ ਥੱਲੇ ਦਾ ਤੇਰਾ.

ਜੱਟ ਨੇ ਕਮਾਦ ਦੇ ਆਗ ਵੱਢ ਕੇ ਜੁਲਾਹੇ ਨੂੰ ਦੇ ਦਿੱਤੇ ਤੇ ਗੰਨੇ ਆਪ ਲੈ ਗਿਆ. ਜਦ ਜੁਲਾਹਾ ਆਗਾਂ ਦਾ ਭਰਿਆ ਗੱਡਾ ਲੈ ਕੇ ਘਰ ਆਇਆ ਤਾਂ ਉਹਦੀ ਜੁਲਾਹੀ ਮਗਰ ਪੈ ਗਈ,

ਜੇ ਬੰਦੇ ਨੂੰ ਆਪ ਅਕਲ ਨਾ ਹੋਵੇ ਤਾਂ ਦੂਜੇ ਤੋਂ ਉਧਾਰੀ ਮੰਗ ਲਵੇ. ਅਸਲ ਚੀਜ ਤਾਂ ਜੱਟ ਨੂੰ ਦੇ ਆਇਆਂ. ਗੰਨਿਆ ਦਾ ਰਸ ਕਾੜ੍ਹ ਕੇ ਜੱਟ ਨੇ ਤਾਂ ਗੁੜ ਲੈਣਾ ਤੇ ਤੂੰ ਇਹਨਾਂ ਆਗਾਂ ਨੂੰ ਵੇਖਦਾ ਰਹੀ.

ਜੁਲਾਹੀ ਕਾਫੀ ਸਮਾਂ ਫਿਟ ਲਾਅਣਤਾਂ ਪਾਉਂਦੀ ਰਹੀ. ਜੁਲਾਹੇ ਨੂੰ ਬੜਾ ਅਫਸੋਸ ਹੋਇਆ. ਉਹਨੇ ਸੋਚਿਆ ਬਈ ਜੱਟ ਨੇ ਤਾਂ ਉਹਨੂੰ ਬੁੱਧੂ ਬਣਾ ਕੇ ਰਗੜਾ ਲਾ ਦਿੱਤਾ. ਖੈਰ ਉਹਨੇ ਜੱਟ ਨਾਲ ਬਿਗੜਨਾ ਠੀਕ ਨਾ ਸਮਝਿਆ. ਦੋ ਕੁ ਮਹੀਨਿਆਂ ਨੂੰ ਕਣਕ ਦੀ ਫਸਲ ਪੱਕਣ ਆਲੀ ਸੀ. ਕਣਕ ਪੱਕ ਗਈ. ਜੁਲਾਹਾ ਜੱਟ ਨੂੰ ਆਖਣ ਲੱਗਾ,

ਅੱਗੇ ਤੂੰ ਮੂਰਖ ਬਣਾ ਕੇ ਥੱਲੇ ਦਾ ਪਾਸਾ ਆਪ ਲੈ ਗਿਆ ਐਤਕੀਂ ਨੀ ਮੈਂ ਮੂਰਖ ਬਣਨਾ. ਐਤਕੀਂ ਮੈਂ ਥੱਲੇ ਦਾ ਪਾਸਾ ਲਾਊਂਗਾ, ਉਪਰਲਾ ਪਾਸਾ ਤੇਰਾ ਰਿਹਾ.

ਜੱਟ ਮਚਲਾ ਬਣਿਆ ਰਿਹਾ ਤੇ ਕਹਿੰਦਾ,

ਬਈ ਜਿਵੇਂ ਤੇਰੀ ਮਰਜ਼ੀ, ਅਸੀਂ ਤੇਰੇ ਤੋਂ ਨਾਬਰ ਆਂ.

ਜੱਟ ਨੇ ਕਣਕ ਦੀਆਂ ਬੱਲੀਆਂ ਸਾਂਭ ਲਈਆਂ ਤੇ ਜੁਲਾਹਾ ਕਣਕ ਦੀ ਨਾਲੀ ਦਾ ਭਰਿਆ ਹੋਇਆ ਗੱਡਾ ਲੈ ਕੇ ਘਰ ਆ ਗਿਆ ਤੇ ਖੁਸ਼ੀ ਖੁਸ਼ੀ ਜੁਲਾਹੀ ਨੂੰ ਆਖਣ ਲੱਗਾ,

ਐਤਕੀਂ ਮੈਂ ਜੱਟ ਨੂੰ ਉੱਲੂ ਬਣਾ ਕੇ ਹੇਠਲਾ ਹਿੱਸਾ ਆਪ ਲੈ ਆਇਆ, ਅੱਗੇ ਤੂੰ ਹੇਠਲਾ ਹਿੱਸਾ ਨਾ ਲੈਣ ਕਰ ਕੇ ਮੇਰੇ ਮਗਰ ਪੈ ਗਈ ਸੀ, ਹੁਣ ਤਾਂ ਖ਼ੁਸ਼ ਐਂ ਨਾ.

ਇਹ ਸੁਣ ਕੇ ਜੁਲਾਹੀ ਬੋਲੀ,

ਖ਼ੁਸ਼ ਆਂ ਜਣਦਿਆਂ ਦਾ ਸਿਰ, ਤੂੰ ਉੱਲੂ ਦਾ ਉੱਲੂ ਰਿਹਾ. ਅਸਲ ਚੀਜ਼ ਬੱਲੀਆਂ ਜਿਨ੍ਹਾਂ ਵਿੱਚ ਕਣਕ ਸੀ ਉਹ ਤਾਂ ਜੱਟ ਲੈ ਗਿਆ.

ਤੇ ਆਖਰ ਜੁਲਾਹਾ ਫਿਰ ਨਿਮੋਝੂਣ ਹੋਇਆ ਜੁਲਾਹੀ ਦੀਆਂ ਤੱਤੀਆਂ ਠੰਡੀਆਂ ਸੁਣਦਾ ਰਿਹਾ.

  • Comments
comments powered by Disqus