ਦੇਸ਼ ਦੀ ਅਸਲ ਤਰੱਕੀ

ਕਿਸੇ ਵੀ ਰਾਜਨੀਤਕ ਪਾਰਟੀ ਨੂੰ ਸਮਰਥਨ ਕਰਨਾ ਕੋਈ ਗਲਤ ਗੱਲ ਨਹੀਂ ਹੈ. ਪਰ ਕੁੱਝ ਸਮਰਥਕ ਅਜਿਹੇ ਵੀ ਹੁੰਦੇ ਨੇ ਜੋ ਆਪਣੀ ਪਾਰਟੀ ਜਾਂ ਪਾਰਟੀ ਦੀ ਸਰਕਾਰ ਦੀ ਹਰ ਕਾਲੀ-ਚਿੱਟੀ ਕਰਤੂਤ ਦਾ ਪੱਖ ਅੱਖਾਂ ਮੀਚ ਕੇ ਤੇ ਬਹੁਤ ਹੀ ਢੀਠਤਾ ਨਾਲ ਪੂਰਦੇ ਨੇ. ਇਹ ਲੋਕ ਅਕਸਰ ਹੀ ਆਪਣੀ ਪਾਰਟੀ ਦੀ ਸਰਕਾਰ ਦੀ ਤਰੱਕੀ ਦੇ ਝੂਠੇ ਸੋਹਲੇ ਗਾਉਂਦੇ ਨੇ ਤੇ ਸਰਕਾਰ ਦੀਆਂ ਨਕਾਮੀਆਂ ਨੂੰ ਢਕਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਨੇ. ਇਹਨਾਂ ਦਾ ਅਜਿਹਾ ਕਰਨ ਦਾ ਕਾਰਨ ਜਾਂ ਤਾਂ ਇਹਨਾਂ ਨੂੰ ਤਰੱਕੀ ਦੀ ਸਹੀ ਪਰਿਭਾਸ਼ਾ ਨਹੀਂ ਪਤਾ ਜਾਂ ਫਿਰ ਪਾਰਟੀ ਭਗਤੀ ਚ ਐਨੇ ਅੰਨ੍ਹੇ ਹੋ ਚੁੱਕੇ ਨੇ ਕਿ ਜਮੀਨੀ ਹਕੀਕਤ ਦਿਖਾਈ ਨਹੀਂ ਦਿੰਦੀ ਤੇ ਜਾਂ ਫਿਰ ਇਹਨਾਂ ਦੇ ਨਿੱਜੀ ਲਾਲਚ ਜਾਂ ਮੁਫਾਦ ਹੋ ਸਕਦੇ ਨੇ ਜੋ ਇਹਨਾਂ ਨੂੰ ਅਨਜਾਣ ਬਣੇ ਰਹਿਣ ਲਈ ਮਜਬੂਰ ਕਰਦੇ ਨੇ.

ਸਿਰਫ ਵੱਡੇ ਵੱਡੇ ਫਲਾਈ ਓਵਰ, ਸਾਪਿੰਗ ਮਾਲ, ਮਲਟੀਪਲੈਕਸ ਕਿਸੇ ਤਰੱਕੀ ਦੀ ਨਿਸ਼ਾਨੀ ਨਹੀਂ. ਅਸਲੀ ਤਰੱਕੀ ਓਦੋਂ ਹੁੰਦੀ ਹੈ ਜਦੋਂ ਦੇਸ਼ ਦੇ ਆਮ ਗਰੀਬ ਆਦਮੀ ਕੋਲ ਜੀਵਨ ਜਿਉਣ ਲਈ ਮੁੱਢਲੀਆਂ ਸਹੂਲਤਾਂ ਉਪਲਬਧ ਹੋਣ. ਫਲਾਈ ਓਵਰ, ਸਾਪਿੰਗ ਮਾਲ ਤੇ ਮਲਟੀਪਲੈਕਸਾਂ ਵਾਲੀ ਤਰੱਕੀ ਇੱਕਤਰਫਾ ਤਰੱਕੀ ਹੈ ਜੋ ਸਿਰਫ ਅਮੀਰ ਲੋਕ ਮਾਣਦੇ ਨੇ. ਤਰੱਕੀ ਹਮੇਸ਼ਾ ਹੇਠਾਂ ਤੋਂ ਉਪਰ ਵੱਲ ਹੋਣੀ ਚਾਹੀਦੀ ਹੈ. ਪਹਿਲਾਂ ਦੇਸ਼ ਦੇ ਹਰ ਨਾਗਰਿਕ ਕੋਲ ਰੋਜਗਾਰ, ਸਿਹਤ, ਸਿੱਖਿਆ ਤੇ ਘਰ ਵਰਗੀਆਂ ਮੁੱਢਲੀਆਂ ਸਹੂਲਤਾਂ ਹੋਣ ਉਸ ਤੋਂ ਬਾਅਦ ਹੀ ਫਲਾਈ ਓਵਰ, ਸਾਪਿੰਗ ਮਾਲ, ਮਲਟੀਪਲੈਕਸ ਵਾਲੀ ਤਰੱਕੀ ਦਾ ਕੋਈ ਮਤਲਬ ਹੈ ਨਹੀਂ ਤਾਂ ਇਹ ਸਿਰਫ ਅਮੀਰ ਲੋਕਾਂ ਦੀ ਹੀ ਤਰੱਕੀ ਅਖਵਾਉਂਦੀ ਹੈ. ਅੱਜ 67 ਸਾਲ ਬਾਅਦ ਵੀ ਜੇ ਦੇਸ਼ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਨੇ, ਉਹਨਾਂ ਕੋਲ ਰਹਿਣ ਲਈ ਘਰ ਨਹੀਂ, ਗਲੀਆਂ ਚ ਗੰਦਗੀ ਤੇ ਪਾਣੀ ਖੜਾ ਹੈ, ਇਲਾਜ ਲਈ ਕੋਈ ਸਰਕਾਰੀ ਸਹੂਲਤ ਜਾਂ ਹਸਪਤਾਲ ਨਹੀਂ, ਸਕੂਲਾਂ ਚ ਬਿਨਾਂ ਛੱਤਾਂ ਵਾਲੇ ਕਮਰੇ, ਬਿਨਾਂ ਅਧਿਆਪਕਾਂ ਵਾਲੇ ਸਕੂਲ ਇਹਨਾਂ ਦੀ ਪੰਜ ਸਿਤਾਰਾ ਤਰੱਕੀ ਨੂੰ ਲਾਹਨਤਾਂ ਪਾਉਂਦੇ ਨੇ. ਤਾਂ ਦੱਸੋ ਕਿਹੜੀ ਤਰੱਕੀ ਦੀ ਗੱਲ ਕਰਦੇ ਨੇ ਇਹ ਲੋਕ?

ਇਹਨਾਂ ਭ੍ਰਿਸ਼ਟ ਪਾਰਟੀਆਂ ਦੇ ਸਮਰਥਕਾਂ ਨੂੰ ਫਲਾਈ ਓਵਰ ਤਾਂ ਦਿਸ ਜਾਂਦੇ ਨੇ ਪਰ ਉਹਨਾਂ ਫਲਾਈ ਓਵਰਾਂ ਹੇਠਾਂ ਬੈਠੇ ਭੁੱਖੇ ਨੰਗੇ ਲੋਕ ਨਹੀ ਦਿਸਦੇ ਜਿਨ੍ਹਾਂ ਲਈ ਉਹ ਪੁਲ ਆਪਣੇ ਸਿਰ ਧੁੱਪ ਤੋਂ ਬਚਾਉਣ ਤੇ ਕੜਾਕੇ ਦੀ ਸਰਦੀ ਚ ਰਾਤ ਕੱਟਣ ਦੇ ਕੰਮ ਹੀ ਆਉਂਦੇ ਨੇ. ਇਹ ਪੁਲ ਉਦੋਂ ਅਸਲ ਤਰੱਕੀ ਦਾ ਪੈਮਾਨਾ ਬਨਣਗੇ ਜਦੋਂ ਇਹਨਾਂ ਹੇਠਾਂ ਜ਼ਿੰਦਗੀ ਬਸ਼ਰ ਕਰਨ ਵਾਲੇ ਲੋਕ ਇਹਨਾਂ ਦੇ ਉਪਰੋਂ ਗੁਜ਼ਰਨ ਦੇ ਕਾਬਲ ਹੋਣਗੇ. ਸਾਡੇ ਦੇਸ਼ ਦੀਆਂ ਸਰਕਾਰਾਂ ਤਰੱਕੀ ਦੇ ਪੱਖ ਚ ਵੀ ਦੋਗਲੀਆਂ ਨੇ. ਇਹਨਾਂ ਦੇ ਭਾਸ਼ਣਾ ਚ ਗਰੀਬਾਂ ਦੀ ਤਰੱਕੀ ਹੁੰਦੀ ਹੈ ਪਰ ਅਜੰਡੇ ਤੇ ਸਿਰਫ ਸਰਮਾਏਦਾਰ ਹੁੰਦੇ ਨੇ. ਇਹ ਸਿਰਫ ਉਹਨਾਂ ਸਹੂਲਤਾਂ ਨੂੰ ਵਿਕਸਤ ਕਰਦੀਆਂ ਨੇ ਜੋ ਅਮੀਰਾ ਲਈ ਜ਼ਰੂਰੀ ਨੇ. ਆਮ ਲੋਕਾਂ ਦੀਆਂ ਸਹੂਲਤਾਂ ਇਹਨਾਂ ਦੇ ਅਜੰਡੇ ਤੇ ਤਰਜੀਹ ਚੋਂ ਗਾਇਬ ਹੁੰਦੀਆਂ ਨੇ. ਅੱਜ ਦੇਸ਼ ਦੇ ਕਿਸੇ ਵੀ ਕੋਨੇ ਚ ਚਲੇ ਜਾਉ ਤੁਹਾਨੂੰ ਦੋ ਦੇਸ਼ ਨਜ਼ਰ ਆਉਣਗੇ ਤੇ ਫਰਕ ਵੀ ਸਾਫ ਨਜ਼ਰ ਆਵੇਗਾ. ਇੱਕ ਗਰੀਬ ਭਾਰਤ ਤੇ ਇੱਕ ਸਰਮਾਏਦਾਰ ਭਾਰਤ. ਲੋਕ ਪਸੂਆਂ ਨਾਲੋਂ ਭੈੜੀ ਜ਼ਿੰਦਗੀ ਜੀਣ ਲਈ ਮਜ਼ਬੂਰ ਨੇ ਤੇ ਉਨ੍ਹਾਂ ਦੇ ਗਲੀਆਂ ਤੇ ਮੁਹੱਲਿਆਂ ਚ ਰਹਿਣਾ ਤਾਂ ਦੂਰ ਖੜਣਾ ਮੁਸ਼ਕਿਲ ਹੁੰਦਾ ਹੈ. ਪਰ ਦੂਜੇ ਪਾਸੇ ਰਾਜਨੀਤਕ ਪਾਰਟੀਆਂ ਦੇ ਅੰਨ੍ਹੇ ਸਮਰਥਕ ਆਪਣੀ ਪਾਰਟੀ ਤੇ ਸਰਕਾਰ ਦੇ 24 ਘੰਟੇ ਗੁਨਗਾਣ ਚ ਕੋਈ ਕਮੀ ਨਹੀਂ ਆਉਣ ਦਿੰਦੇ. ਉਹਨਾਂ ਲਈ ਗਰੀਬ ਲੋਕ ਜਾਣ ਢੱਠੇ ਖੂਹ ਚ. ਉਹਨਾਂ ਦੀ ਪਾਰਟੀ ਨਹੀਂ ਹਾਰਨੀ ਚਾਹੀਦੀ. ਏਹੀ ਏ ਇਹਨਾਂ ਲੋਕਾਂ ਦੀ ਇਨਸਾਨੀਅਤ.

Tagged In
  • Comments
comments powered by Disqus