ਸਾਡਾ ਫ਼ਰਜ਼

ਅਸੀਂ ਅਕਸਰ ਇਹ ਸੁਣਦੇ ਹਾਂ ਜਾਂ ਫਿਰ ਬਹੁਤ ਵਾਰੀ ਆਪਣੇ ਮੂਹੋਂ ਵੀ ਕਹਿੰਦੇ ਹਾਂ ਕਿ ਸਾਡੇ ਪੰਜਾਬ ਵਰਗੀ ਰੀਸ ਕਿਤੇ ਵੀ ਨਹੀਂ, ਇੱਥੋ ਦੀਆਂ ਮੌਜਾਂ ਬੱਸ ਏਥੋਂ ਦੀਆਂ ਹੀ ਨੇ. ਮੈਨੂੰ ਕਦੇ-ਕਦੇ ਮਾਣ ਹੁੰਦਾ ਸੀ ਕਿ ਮੈਂ ਪੰਜਾਬ ਦੀ ਧਰਤੀ ਤੇ ਜੰਮਿਆ ਪਲਿਆ, ਇਹਦੇ ਚ ਕੋਈ ਝੂਠ ਨਹੀਂ ਕਿ ਪੰਜਾਬ ਦੀ ਧਰਤੀ ਮਹਾਨ ਗੁਰੂਆਂ, ਪੀਰਾਂ, ਸ਼ਾਇਰਾਂ, ਫਨਕਾਰਾਂ, ਸ਼ਹੀਦਾਂ, ਤੇ ਦਾਨਿਸ਼ਮੰਦਾ ਦੀ ਧਰਤੀ ਹੈ, ਜਿਹਨਾਂ ਨੇ ਸਮੇਂ-ਸਮੇਂ ਤੇ ਇੱਥੋ ਦੇ ਲੋਕਾਂ ਨੂੰ ਸੱਚ ਦਾ ਹੋਕਾ ਦਿੱਤਾ, ਪਿਆਰ-ਮੁਹੱਬਤ ਨਾਲ ਰਹਿਣਾ ਸਿਖਾਇਆ ਤੇ ਕਿਰਤ ਕਰਨ ਤੇ ਜ਼ੋਰ ਦਿੱਤਾ.

ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਨਹੀਂ ਚੱਲ ਰਹੇ, ਸਗੋਂ ਇੱਕ ਉਲਟੀ ਲੀਹੇ ਪੈ ਗਏ ਹਾਂ. ਕਿਸੇ ਨੂੰ ਵੀ ਇਹ ਗੱਲ ਸ਼ਾਇਦ ਅਜੀਬ ਜਾਂ ਫਿਰ ਬੁਰੀ ਵੀ ਲੱਗ ਸਕਦੀ ਹੈ ਕਿ ਅਸਲ ਵਿੱਚ ਸਾਡਾ ਪੰਜਾਬ ਉਹ ਪੰਜਾਬ ਨਹੀਂ ਰਿਹਾ, ਜਿਸ ਦੇ ਬਾਰੇ ਅਸੀਂ ਕਿਸੇ ਨੂੰ ਵੀ ਫ਼ਖਰ ਨਾਲ ਦੱਸਦੇ ਸੀ. ਇੱਥੋ ਦੇ ਖੂਨ ਦਾ ਰੰਗ ਹੌਲੀ-ਹੌਲੀ ਫਿੱਕਾ ਪੈਂਦਾ ਜਾ ਰਿਹਾ ਹੈ. ਪਿਆਰ-ਮੁਹੱਬਤ ਦੇ ਅਸਲ ਅਰਥਾਂ ਤੋਂ ਦੂਰ ਇੱਕ ਬਣਾਵਟੀ ਤੇ ਦਿਖਾਵੇ ਵਾਲੇ ਪਿਆਰ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ. ਅਹਿਸਾਸਾਂ ਤੇ ਜਜ਼ਬਾਤਾਂ ਨੂੰ ਸਿਰਫ ਪੈਸੇ ਤੇ ਰੁਤਬੇ ਵਾਲੀ ਤੱਕੜੀ ਵਿੱਚ ਤੋਲਿਆ ਜਾ ਰਿਹਾ ਹੈ, ਤੇ ਕਿਹਾ ਜਾ ਰਿਹਾ ਕਿ ਏਸੇ ਵਿੱਚ ਸਮਝਦਾਰੀ ਹੈ. ਜਾਣੀ ਕਿ ਅਸੀਂ ਐਨੇ ਕੁ ਸਮਝਦਾਰ ਹੋ ਗਏ ਹਾਂ ਕਿ ਰਿਸ਼ਤਿਆਂ ਨਾਲ ਖਿਲਵਾੜ ਕਰ ਸਕੀਏ, ਆਪਣਾ ਫਾਇਦਾ ਪੂਰਾ ਹੋਣ ਤੋਂ ਬਾਅਦ ਕਿਸੇ ਇਨਸਾਨ ਨੂੰ ਅਣ-ਲੋੜੀਂਦੀ ਦੀ ਚੀਜ ਵਾਂਗ ਕਿਤੇ ਦੂਰ ਵਗਾਹ ਕੇ ਮਾਰੀਏ ਤੇ ਬੱਸ ਐਨੀ ਕੁ ਸਮਝ ਰੱਖੀਏ ਕਿ ਆਪਣੇ ਮਤਲਬ ਤੱਕ ਸੀਮਤ ਰਹੀਏ. ਕੀ ਅਸੀਂ ਹਾਲੇ ਵੀ ਮਾਣ ਨਾਲ ਕਹਿ ਸਕਦੇ ਹਾਂ ਕਿ ਅਸੀਂ ਪੰਜਾਬੀ ਹਾਂ? ਕੀ ਸਾਡਾ ਆਪਣਾ ਕੋਈ ਫ਼ਰਜ਼ ਨਹੀਂ ਬਣਦਾ ਕਿ ਅਸੀਂ ਪੰਜਾਬੀ ਹੋਣ ਦਾ ਕੋਈ ਪੁਖ਼ਤਾ ਤੇ ਖੂਬਸੂਰਤ ਸਬੂਤ ਦੇਈਏ?

ਮੇਰੀ ਨਜ਼ਰ ਵਿੱਚ ਤਾਂ ਸਹੀ ਪੰਜਾਬੀ ਓਹੀ ਹੈ, ਜਿਸ ਵਿੱਚ ਕਿਤੇ ਨਾ ਕਿਤੇ ਇਨਸਾਨੀਅਤ ਜਿਉਂਦੀ ਜਾਗਦੀ ਹੈ ਤੇ ਜੋ ਬਾਬੇ ਬੁੱਲੇ ਸ਼ਾਹ ਵਾਂਗੂੰ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦਾ ਹੌਂਸਲਾ ਰੱਖਦਾ ਹੋਵੇ. ਬਾਬਾ ਬੁੱਲੇ ਸ਼ਾਹ ਨੇ ਕਿਹਾ ਸੀ -

ਮੂੰਹ ਆਈ ਬਾਤ ਨਾ ਰਹਿੰਦੀ ਏ
ਸੱਚ ਕਹਾਂ ਤਾਂ ਭਾਂਬੜ ਮਚਦਾ ਏ, ਝੂਠ ਆਖਾਂ ਤਾ ਕੁਝ ਨਾ ਬਚਦਾ ਏ
ਦਿਲ ਦੋਹਾਂ ਗੱਲਾਂ ਤੋਂ ਮਚਦਾ ਏ, ਜਚ-ਜਚ ਕੇ ਜੀਭਾ ਕਹਿੰਦੀ ਏ
ਮੂੰਹ ਆਈ ਬਾਤ ਨਾ ਰਹਿੰਦੀ ਏ

ਕੋਈ ਸ਼ੱਕ ਨਹੀਂ ਕਿ ਹਾਲੇ ਵੀ ਪੰਜਾਬੀ ਕਹਾਉਣ ਦੇ ਹੱਕਦਾਰ ਕੁਝ ਕੁ ਲੋਕ ਮੌਜੂਦ ਨੇ, ਪਰ ਅਫਸੋਸ ਇਹ ਗਿਣਤੀ ਦਿਨ--ਦਿਨ ਘਟਦੀ ਹੀ ਜਾ ਰਹੀ ਹੈ.

ਸਾਨੂੰ ਸੋਚਣਾ ਪਵੇਗਾ ਕਿ ਸਾਡੇ ਕਿਹੜੇ ਫ਼ਰਜ਼ ਬਣਦੇ ਨੇ...! ਜਿਹਨਾਂ ਨੂੰ ਅਸੀਂ ਹਰ ਹੀਲੇ ਪੂਰਾ ਕਰਨਾ ਹੈ, ਤਾਂ ਕਿ ਅਸੀਂ ਆਪਣੇ ਪੀਰਾਂ-ਫਕੀਰਾਂ ਤੇ ਗੁਰੂਆਂ ਦੀ ਸੋਚ ਉੱਪਰ ਖਰੇ ਉੱਤਰ ਸਕੀਏ, ਇਹ ਜਿੰਮੇਵਾਰੀ ਸਾਰੇ ਪੰਜਾਬੀਆਂ ਦੀ ਹੈ. ਪੰਜਾਬ ਚ ਰਹਿ ਰਹੇ ਤੇ ਪੰਜਾਬ ਤੋਂ ਬਾਹਰ ਰਹਿ ਰਹੇ ਪੰਜਾਬੀ ਸਾਥੀਆਂ ਦੀ ਵੀ.

  • Comments
comments powered by Disqus