ਲਾਲਚ ਦਾ ਫਲ

ਹੇਠ ਲਿਖੀ ਹੋਈ ਕਹਾਣੀ ਸੁਖਦੇਵ ਮਾਦਪੁਰੀ ਦੀ ਕਿਤਾਬ ਬਾਤਾਂ ਦੇਸ ਪੰਜਾਬ ਦੀਆਂ ਵਿੱਚੋ ਲਈ ਗਈ ਹੈ.

ਇੱਕ ਸੀ ਬੁੱਢਾ ਤੇ ਇੱਕ ਸੀ ਬੁੱਢੀ, ਉਹ ਇੱਕ ਪਿੰਡ ਵਿੱਚ ਰਿਹਾ ਕਰਦੇ ਸੀ. ਉਹ ਬਹੁਤ ਗ਼ਰੀਬ ਸੀਗੇ, ਇੱਕ ਦਿਨ ਬੁੱਢੇ ਨੇ ਆਪਣੀ ਬੁੱਢੀ ਨੂੰ ਕਿਹਾ,

ਤੂੰ ਸੱਤ ਰੋਟੀਆਂ ਪਕਾ ਦੇ ਮੈਂ ਮਾਇਆ ਲੈ ਕੇ ਆਊਂਗਾ.

ਬੁੱਢੀ ਨੇ ਸੱਤ ਰੋਟੀਆਂ ਪਕਾ ਕੇ ਬੁੱਢੇ ਦੇ ਲੜ ਬੰਨ੍ਹ ਦਿੱਤੀਆਂ. ਉਹ ਚਲੋਂ ਚਾਲ ਜਾਂਦਾ ਰਸਤੇ ਵਿੱਚ ਇੱਕ ਖੂਹੀ ਤੇ ਬਹਿ ਕੇ ਰੋਟੀਆਂ ਖਾਣ ਲੱਗ ਪਿਆ. ਉਸ ਖੂਹੀ ਤੇ ਇੱਕ ਬਰੋਟਾ ਸੀ ਤੇ ਬਰੋਟੇ ਉੱਪਰ ਸੱਤ ਪਰੀਆਂ ਰਹਿੰਦੀਆਂ ਸੀ. ਬੁੱਢਾ ਰੋਟੀਆਂ ਖਾਣ ਲੱਗਿਆ ਉੱਚੀ ਦੇਣੀ ਬੋਲਿਆ,

ਇੱਕ ਖਾਵਾਂ ਦੋ ਨੂੰ ਖਾਵਾਂ ਜਾਂ ਸਾਰੀਆਂ ਖਾਵਾਂ.

ਇਹ ਸੁਣ ਕੇ ਪਰੀਆਂ ਡਰ ਗਈਆਂ ਕਿ ਬੁੱਢਾ ਉਹਨਾਂ ਨੂੰ ਖਾਣ ਵਾਸਤੇ ਕਹਿੰਦਾ ਹੈ. ਇੱਕ ਪਰੀ ਬਰੋਟੇ ਤੋਂ ਥੱਲੇ ਆ ਕੇ ਬੋਲੀ,

ਵੇ ਵੀਰਾ ਮੈਨੂੰ ਨਾ ਖਾਈਂ ਮੈਂ ਤੈਨੂੰ ਇਹ ਪਤੀਲਾ ਦਿੰਨੀ ਆਂ ਤੂੰ ਆਖੀਂ, ਪਤੀਲਿਆ ਦੇਹ ਖੀਰ ਤੇ ਕੜਾਹ, ਇਹ ਖੀਰ ਕੜਾਹ ਦੇ ਦਿਆ ਕਰੂ.

ਪਰੀ ਨੇ ਬੁੱਢੇ ਨੂੰ ਪਤੀਲਾ ਤੇ ਕੜਛੀ ਦੇ ਦਿੱਤੀ, ਉਹ ਉਥੋਂ ਤੁਰਦਾ ਤੁਰਦਾ ਅੱਗੇ ਘੁਮਾਰਾਂ ਦੇ ਘਰ ਚਲਿਆ ਗਿਆ, ਘੁਮਾਰੀ ਨੂੰ ਕਹਿੰਦਾ,

ਪਤੀਲੇ ਨੂੰ ਇਹ ਨਾ ਕਹੀਂ ਕਿ ਦੇ ਪਤੀਲਿਆ ਖੀਰ ਕੜਾਹ.

ਜਦ ਬੁੱਢਾ ਬਾਹਰ ਚਲਿਆ ਗਿਆ ਤਾਂ ਘੁਮਾਰੀ ਨੇ ਕਿਹਾ,

ਦੇ ਦੇ ਪਤੀਲਿਆ ਖੀਰ ਕੜਾਹ.

ਪਤੀਲਾ ਖੀਰ ਕੜਾਹ ਨਾਲ ਭਰ ਗਿਆ, ਘੁਮਾਰੀ ਨੇ ਫੇਰ ਉਹ ਪਤੀਲਾ ਆਪ ਰੱਖ ਲਿਆ ਤੇ ਉਹਦੀ ਥਾਂ ਦੂਜਾ ਵਟਾ ਕੇ ਰੱਖ ਦਿੱਤਾ. ਬੁੱਢਾ ਆਇਆ ਤੇ ਵੱਟਿਆ ਹੋਇਆ ਪਤੀਲਾ ਲੈ ਕੇ ਆਪਣੇ ਘਰ ਆ ਗਿਆ, ਘਰ ਆ ਕੇ ਉਹਨੇ ਪਤੀਲੇ ਨੂੰ ਕਿਹਾ,

ਦੇ ਦੇ ਪਤੀਲਿਆ ਖੀਰ ਕੜਾਹ.

ਪਤੀਲੇ ਨੇ ਖੀਰ ਕੜਾਹ ਕੋਈ ਨਾ ਦਿੱਤਾ. ਬੁੱਢੇ ਨੇ ਫੇਰ ਬੁੱਢੀ ਪਾਸੋਂ ਰੋਟੀਆਂ ਪਕਵਾਈਆਂ ਤੇ ਉਸੇ ਬਰੋਟੇ ਥੱਲੇ ਬਹਿ ਕੇ ਰੋਟੀਆਂ ਖਾਣ ਲੱਗਾ ਬੋਲਿਆ,

ਇੱਕ ਖਾਵਾਂ, ਦੋ ਨੂੰ ਖਾਵਾਂ ਜਾਂ ਸਾਰੀਆਂ ਨੂੰ ਖਾਵਾਂ.

ਇੱਕ ਪਰੀ ਆ ਕੇ ਕਹਿੰਦੀ,

ਵੀਰਾ ਮੈਨੂੰ ਨਾ ਖਾਈ, ਤੈਨੂੰ ਇੱਕ ਬੱਕਰੀ ਦੇਨੀ ਆਂ, ਇਹ ਤੇਰੇ ਕਹੇ ਤੇ ਸੋਨੇ ਦੀਆਂ ਮੀਂਗਣਾਂ ਦੇਊਗੀ.

ਉਹ ਬੱਕਰੀ ਲੈ ਕੇ ਘਰ ਚਲਿਆ ਗਿਆ, ਘੁਮਾਰੀ ਨੂੰ ਕਿਹਾ,

ਭਾਈ ਐਂ ਨਾ ਕਹੀਂ ਦੇ ਦੇ ਬੱਕਰੀ ਸੋਨੇ ਦੀਆਂ ਮੀਂਗਣਾਂ.

ਜਦੋਂ ਬੁੱਢਾ ਬਾਹਰ ਜੰਗਲ ਪਾਣੀ ਗਿਆ ਤਾਂ ਘੁਮਾਰੀ ਨੇ ਬੱਕਰੀ ਨੂੰ ਕਿਹਾ,

ਬੱਕਰੀਏ ਬੱਕਰੀਏ ਦੇ ਸੋਨੇ ਦੀਆਂ ਮੀਂਗਣਾਂ.

ਬੱਕਰੀ ਨੇ ਸੋਨੇ ਦੀਆਂ ਮੀਂਗਣਾਂ ਦੇ ਦਿੱਤੀਆਂ. ਘੁਮਾਰੀ ਨੇ ਫੇਰ ਬੱਕਰੀ ਵਟਾ ਲਈ. ਬੁੱਢਾ ਬੱਕਰੀ ਨੂੰ ਆਪਣੇ ਘਰ ਲੈ ਆਇਆ, ਉਸ ਨੇ ਸੋਨੇ ਦੀਆਂ ਮੀਂਗਣਾਂ ਕੋਈ ਨਾ ਦਿੱਤੀਆਂ. ਬੁੱਢੀ ਨੇ ਫਿਰ ਸੱਤ ਰੋਟੀਆਂ ਪਕਾ ਕੇ ਬੁੱਢੇ ਦੇ ਲੜ ਬੰਨ੍ਹ ਦਿੱਤੀਆਂ. ਉਸੇ ਬਰੋਟੇ ਥੱਲੇ ਬਹਿ ਕੇ ਬੁੱਢਾ ਫੇਰ ਰੋਟੀ ਖਾਣ ਲੱਗਾ ਬੋਲਿਆ,

ਇੱਕ ਖਾਵਾਂ ਦੋ ਖਾਵਾਂ ਜਾਂ ਸਾਰੀਆਂ ਈ ਖਾਂ ਲਵਾਂ.

ਇੱਕ ਪਰੀ ਆ ਕੇ ਬੋਲੀ,

ਵੀਰਾ ਵੀਰਾ ਮੈਨੂੰ ਖਾਈਂ ਨਾ, ਤੈਨੂੰ ਇਹ ਤੋੜੀ ਦੇਨੀ ਆਂ ਕਹੇ ਤੇ ਲੱਡੂ ਜਲੇਬੀ ਦੇਊਗੀ ਇਹ.

ਤੋੜੀ ਲੈ ਕੇ ਬੁੱਢਾ ਉਸ ਘੁਮਾਰ ਦੇ ਘਰ ਗਿਆ. ਘੁਮਾਰੀ ਨੇ ਪਹਿਲਾਂ ਵਾਂਗ ਹੀ ਉਹ ਤੋੜੀ ਵੀ ਵਟਾ ਲਈ. ਬੁੱਢਾ ਘਰ ਆਇਆ ਤੋੜੀ ਨੇ ਲੱਡੂ ਜਲੇਬੀ ਕੋਈ ਨਾ ਦਿੱਤੇ. ਬੁੱਢੀ ਨੇ ਫਿਰ ਸੱਤ ਰੋਟੀਆਂ ਪਕਾਈਆਂ ਤੇ ਬੁੱਢਾ ਰੋਟੀਆਂ ਲੜ ਬੰਨ੍ਹ ਕੇ ਤੁਰ ਪਿਆ. ਉਸੇ ਖੂਹੀ ਤੇ ਆ ਕੇ ਖਾਣ ਲੱਗਾ ਬੁੜ ਬੁੜਾਇਆ,

ਇੱਕ ਖਾਵਾਂ ਦੋ ਖਾਵਾਂ ਜਾਂ ਸਾਰੀਆਂ ਹੀ ਖਾ ਲਵਾਂ.

ਇੱਕ ਪਰੀ ਬਰੋਟੇ ਤੋਂ ਹੇਠਾ ਆ ਕੇ ਬੋਲੀ,

ਵੀਰਾ ਵੀਰਾ ਮੈਨੂੰ ਖਾਈਂ ਨਾ, ਮੈਂ ਤੈਨੂੰ ਇੱਕ ਬੁੜ੍ਹਕ ਸੋਟਾ ਦਿੰਨੀ ਆਂ.

ਬੁੱਢਾ ਬੁੜਕ ਸੋਟਾ ਲੈ ਕੇ ਫੇਰ ਘੁਮਾਰਾਂ ਦੇ ਘਰ ਚਲਿਆ ਗਿਆ, ਉਹਨੇ ਗੁਮਾਰੀ ਨੂੰ ਕਿਹਾ,

ਇਹਨੂੰ ਤੂੰ ਬੁੜ੍ਹਕ ਸੋਟਾ ਨਾ ਆਖੀਂ.

ਜਦੋਂ ਬੁੱਢਾ ਬਾਹਰ ਗਿਆ ਤਾਂ ਘੁਮਾਰੀ ਨੇ ਪਹਿਲਾਂ ਵਾਂਗ ਹੀ ਆਖ ਦਿੱਤਾ. ਘੁਮਾਰੀ ਦੇ ਕਹਿਣ ਦੀ ਦੇਰ ਸੀ ਸੋਟਾ ਬੁੜਕਣ ਲੱਗ ਪਿਆ ਕਦੇ ਘੁਮਾਰੀ ਦੇ ਜਾ ਲੱਗੇ ਕਦੇ ਘੁਮਾਰ ਦੇ, ਕਦੇ ਉਹਦੇ ਜੁਆਕਾਂ ਦੇ. ਸਾਰੇ ਹਾਲ ਦੁਹਾਈ ਪਾ ਰਹੇ ਸੀ. ਐਨੇ ਨੂੰ ਬੁੱਢਾ ਮੁੜ ਆਇਆ. ਘੁਮਾਰੀ ਨੇ ਅਸਲੀ ਪਤੀਲਾ, ਬੱਕਰੀ ਤੇ ਤੌੜੀ ਬੁੱਢੇ ਨੂੰ ਵਾਪਸ ਮੋੜ ਦਿੱਤੇ ਤਦ ਕਿਤੇ ਜਾ ਕੇ ਸੋਟਾ ਬੁੜਕਣੋ ਹਟਿਆ.

ਬੁੱਢਾ ਉਹਨਾਂ ਨੂੰ ਘਰ ਲੈ ਆਇਆ. ਪਤੀਲੇ ਨੇ ਖੀਰ ਕੜਾਹ, ਬੱਕਰੀ ਨੇ ਸੋਨੇ ਦੀਆਂ ਮੀਂਗਣਾਂ ਅਤੇ ਤੋੜੀ ਨੇ ਲੱਡੂ ਜਲੇਬੀ ਦੇ ਦਿੱਤੇ. ਬੁੱਢੇ ਨੀ ਫਿਰ ਰਾਜੇ ਨੂੰ ਕਿਹਾ,

ਰਾਜਿਆ ਰਾਜਿਆ ਮੈਂ ਤੇਰੀ ਫੌਜ ਨੂੰ ਰੋਟੀ ਕਰਨੀ ਐ.

ਰਾਜੇ ਨੇ ਬਥੇਰਾ ਕਿਹਾ ਪਰ ਬੁੱਢਾ ਨਾ ਮੰਨਿਆ, ਉਹਨੇ ਫੌਜ ਨੂੰ ਰੋਟੀ ਕਰ ਦਿੱਤੀ, ਫੇਰ ਬੋਲਿਆ,

ਮੈਂ ਤੇਰੀ ਫੌਜ ਨਾਲ ਲੜਾਈ ਵੀ ਕਰਨੀ ਏ.
ਤੂੰ ਕੱਲਾ ਐਡੀ ਫੌਜ ਨਾਲ ਕਿਵੇਂ ਲੜੇਂਗਾ?

ਉਹਨੇ ਆਖਿਆ,

ਬੁੜਕ ਸੋਟਾ.

ਸੋਟੇ ਨੇ ਫੌਜ ਦੀ ਖੂਬ ਕੁਟਾਈ ਕੀਤੀ, ਰਾਜੇ ਨੇ ਆਖਿਆ,

ਤੂੰ ਇਹਨੂੰ ਸਾਂਭ ਲੈ ਤੇ ਮੇਰਾ ਅੱਧਾ ਰਾਜ ਲੈ ਲੈ.

ਤੇ ਇਸ ਤਰ੍ਹਾਂ ਬੁੱਢੇ ਨੂੰ ਅੱਧਾ ਰਾਜ ਮਿਲ ਗਿਆ.

Tagged In
  • Comments
comments powered by Disqus