ਏਕੇ ਦੀ ਤਾਕਤ

ਇਕ ਵਾਰ ਕਾਲ਼ ਪੈ ਗਿਆ, ਪਿੰਡਾਂ ਦੇ ਪਿੰਡ ਉੱਜੜ ਗਏ. ਇਕ ਪਿੰਡ ਦਾ ਜੱਟ ਆਪਣੇ ਚੌਹਾਂ ਪੁੱਤਰਾਂ ਅਤੇ ਨੂੰਹਾਂ ਸਮੇਤ ਕੰਮ ਦੀ ਭਾਲ਼ ਵਿਚ ਆਪਣੇ ਪਿੰਡ ਨੂੰ ਛੱਡ ਕੇ ਤੁਰ ਪਿਆ.

ਸਾਰਾ ਪਰਿਵਾਰ ਤੁਰਦਾ ਤੁਰਦਾ ਇਕ ਵੱਡੇ ਸਾਰੇ ਪਿੰਡ ਦੇ ਬਾਹਰ ਬਾਰ ਆ ਰੁਕਿਆ. ਉਹ ਇਕ ਵੱਡੇ ਸਾਰੇ ਦਰੱਖ਼ਤ ਥੱਲੇ ਬੈਠ ਗਏ. ਥੋੜ੍ਹਾ ਆਰਾਮ ਕਰਨ ਮਗਰੋਂ ਜੱਟ ਨੇ ਆਪਣੇ ਚੌਹਾਂ ਪੁੱਤਰਾਂ ਨੂੰ ਵੱਖਰੇ ਵੱਖਰੇ ਕੰਮ ਕਰਨ ਲਈ ਕਿਹਾ. ਵੱਡੇ ਪੁੱਤਰ ਨੂੰ ਉਹਨੇ ਪਿੰਡ ਦੇ ਪਨਸਾਰੀ ਦੀ ਦੁਕਾਨ ਤੋਂ ਦਾਲਾਂ ਤੇ ਤੇਲ ਆਦਿ ਲੈਣ ਲਈ ਭੇਜ ਦਿੱਤਾ, ਦੂਜੇ ਪੁੱਤਰ ਨੂੰ ਆਖਿਆ ਕਿ ਉਹ ਰਾਤ ਰਹਿਣ ਲਈ ਕੋਈ ਥਾਂ ਲੱਭ ਕੇ ਆਵੇ, ਤੀਜੇ ਨੂੰ ਸਬਜ਼ੀਆਂ ਲੈਣ ਭੇਜ ਦਿੱਤਾ ਅਤੇ ਚੌਥੇ ਪੁੱਤਰ ਨੂੰ ਆਖਿਆ ਕਿ ਉਹ ਰੱਸਾ ਵੱਟਣ ਲਈ ਸਣ ਲੈ ਕੇ ਆਵੇ. ਇਸੇ ਤਰ੍ਹਾਂ ਜੱਟ ਨੇ ਆਪਣੀਆਂ ਚੌਹਾਂ ਨੂੰਹਾਂ ਨੂੰ ਵੱਖਰੇ ਵੱਖਰੇ ਕੰਮ ਸੌਂਪ ਦਿੱਤੇ. ਵੱਡੀ ਪਾਣੀ ਲੈਣ ਭੇਜ ਦਿੱਤੀ, ਦੂਜੀ ਨੂੰ ਲੱਕੜੀਆਂ ਚੁਗ ਕੇ ਲਿਆਉਣ ਨੂੰ ਆਖਿਆ, ਤੀਜੀ ਨੂੰ ਕਿਹਾ ਕਿ ਰੋਟੀਆਂ ਲਈ ਆਟਾ ਪੀਹਵੇ ਅਤੇ ਚੌਥੀ ਨੂੰ ਗੋਹੇ ਦੀਆਂ ਪਾਥੀਆਂ ਪੱਥਣ ਦਾ ਕਾਰਜ ਸੌਂਪ ਦਿੱਤਾ. ਚਾਰੇ ਪੁੱਤਰ ਤੇ ਨੂੰਹਾਂ ਆਗਿਆਕਾਰ ਸਨ, ਉਹਨਾਂ ਨੇ ਖਿੜੇ ਮੱਥੇ ਆਪਣਾ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ. ਸਨ ਆਉਣ ਤੇ ਜੱਟ ਨੇ ਰੱਸਾ ਵੱਟਣਾ ਸ਼ੁਰੂ ਕਰ ਦਿੱਤਾ.

ਉਸ ਦਰੱਖ਼ਤ ਦੇ ਸਿਖਰ ਇਕ ਦਿਉ ਰਹਿੰਦਾ ਸੀ, ਜਦੋਂ ਦਾ ਜੱਟ ਪਰਿਵਾਰ ਉਸ ਦਰੱਖ਼ਤ ਥੱਲੇ ਆ ਕੇ ਬੈਠਾ ਸੀ, ਉਹ ਉਦੋਂ ਦਾ ਉਹਨਾਂ ਨੂੰ ਬੜੀ ਰੀਝ ਨਾਲ਼ ਵੇਖ ਰਿਹਾ ਸੀ. ਜੱਟ ਨੂੰ ਰੱਸਾ ਵੱਟਦੇ ਨੂੰ ਵੇਖ ਕੇ ਉਹ ਦਰੱਖ਼ਤ ਤੋਂ ਥੱਲੇ ਉੱਤਰਿਆ ਤੇ ਜੱਟ ਕੋਲ ਆ ਕੇ ਬੋਲਿਆ,

ਦਿਉ: ਤੁਸੀਂ ਕੀ ਕਰ ਰਹੇ ਹੋ?
ਜੱਟ: ਤੈਨੂੰ ਦੀਂਹਦਾ ਨਹੀਂ, ਰੱਸਾ ਵੱਟ ਰਿਹਾ ਹਾਂ.
ਦਿਉ: ਰੱਸੇ ਨਾਲ਼ ਕੀ ਕਰੋਗੇ?
ਜੱਟ: ਤੈਨੂੰ ਇਹਦੇ ਨਾਲ਼ ਬੰਨ੍ਹਾਂਗਾ! ਹੋਰ ਕੀ ਕਰਨੈਂ. (ਝਟ – ਪਟ ਬੜੇ ਰੋਹ ਨਾਲ਼ ਆਖਿਆ).

ਜੱਟ ਦਾ ਜਵਾਬ ਸੁਣਦੇ ਸਰ ਹੀ ਦਿਉ ਦੇ ਹੋਸ਼ ਗੁੰਮ ਹੋ ਗਏ. ਉਹ ਇਕਦਮ ਜੱਟ ਦੇ ਪੈਰੀਂ ਪੈ ਕੇ ਬੋਲਿਆ,

ਦਿਉ: ਨਾ, ਨਾ, ਇੰਜ ਨਾ ਕਰਨਾ, ਮੈਨੂੰ ਮੁਆਫ਼ ਕਰ ਦੇਵੋ ਤੇ ਮੈਨੂੰ ਛੱਡ ਦੇਵੋ. ਜਿੰਨੀ ਦੌਲਤ ਤੁਸੀਂ ਚਾਹੋਗੇ, ਮੈਂ ਤੁਹਾਨੂੰ ਦੇ ਦਿਆਂਗਾ.

ਦਿਉ ਨੇ ਜੱਟ ਨੂੰ ਬਹੁਤ ਧਨ ਦੇ ਦਿੱਤਾ, ਜੱਟ ਉਹ ਸਾਰਾ ਧਨ ਲੈ ਕੇ ਆਪਣੇ ਪਿੰਡ ਪਰਤ ਆਇਆ.

ਜਿਵੇਂ ਕਈ ਵਾਰ ਕੁਦਰਤੀ ਹੁੰਦਾ ਹੈ, ਅਗਲੇ ਦਿਨ ਇਕ ਹੋਰ ਜੱਟ ਆਪਣੇ ਪੁੱਤਰਾਂ ਅਤੇ ਨੂੰਹਾਂ ਸਮੇਤ ਉਸੇ ਦਰੱਖ਼ਤ ਥੱਲੇ ਆ ਗਿਆ. ਉਹਨੇ ਵੀ ਆਪਣੇ ਪੁੱਤਰਾਂ ਅਤੇ ਨੂੰਹਾਂ ਨੂੰ ਵੱਖਰੇ ਵੱਖਰੇ ਕੰਮ ਸੌਂਪੇ. ਪਰੰਤੂ ਕਿਸੇ ਨੇ ਵੀ ਉਸ ਦੀ ਕਿਸੇ ਗੱਲ ਵੱਲ ਧਿਆਨ ਨਾ ਦਿੱਤਾ. ਬਸ ਆਪਣੇ ਆਪ ਵਿਚ ਹੀ ਮਸਤ ਰਹੇ. ਵਿਚਾਰੇ ਜੱਟ ਨੇ ਆਪ ਹੀ ਸਾਰਾ ਕੰਮ ਕੀਤਾ, ਸਾਰੇ ਕੰਮ ਮੁਕਾ ਕੇ ਉਹ ਰੱਸਾ ਵੱਟਣ ਬੈਠ ਗਿਆ.

ਉਹੀ ਦਿਉ ਦਰੱਖ਼ਤ ਦੇ ਸਿਖਰੋਂ ਜੱਟ ਅਤੇ ਉਹਦੇ ਪਰਿਵਾਰ ਨੂੰ ਵੇਖ ਰਿਹਾ ਸੀ. ਉਹ ਦਰੱਖ਼ਤ ਤੋਂ ਥੱਲੇ ਉਤਰਿਆ ਅਤੇ ਜੱਟ ਦੇ ਕੋਲ ਆ ਕੇ ਬੋਲਿਆ,

ਦਿਉ: ਤੁਸੀਂ ਕੀ ਕਰ ਰਹੇ ਹੋ?
ਜੱਟ: ਰੱਸਾ ਵੱਟ ਰਿਹਾ ਹਾਂ.
ਦਿਉ: ਇਹਦੇ ਨਾਲ਼ ਕੀ ਕਰੇਂਗਾ?
ਜੱਟ: ਇਹਦੇ ਨਾਲ਼ ਤੈਨੂੰ ਬੰਨ੍ਹਾਂਗਾ.

ਜੱਟ ਦਾ ਉੱਤਰ ਸੁਣ ਕੇ ਦਿਉ ਖਿੜਖਿੜਾ ਕੇ ਹੱਸ ਪਿਆ ਤੇ ਬੋਲਿਆ,

ਦਿਉ: ਪਹਿਲਾਂ ਆਪਣੇ ਪਰਿਵਾਰ ਨੂੰ ਬੰਨ੍ਹੋ, ਫੇਰ ਕਿਸੇ ਹੋਰ ਨੂੰ ਬੰਨ੍ਹਣ ਬਾਰੇ ਸੋਚਣਾ.

ਇਹ ਆਖ ਦਿਉ ਦਰੱਖ਼ਤ ਤੇ ਚੜ੍ਹ ਗਿਆ.

Source: ਦੇਸ ਪ੍ਰਦੇਸ ਦੀਆਂ ਲੋਕ ਕਹਾਣੀਆਂ- ਸੁਖਦੇਵ ਮਾਦਪੁਰੀ

Tagged In
  • Comments
comments powered by Disqus